ਖੱਬੇ ਪੱਖੀ ਆਗੂਆਂ ਵੱਲੋਂ ਫਲਸਤੀਨੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ
ਜਗਤਾਰ ਸਿੰਘ ਲਾਂਬਾ
ਅੰਮ੍ਰਤਿਸਰ, 7 ਨਵੰਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਅੱਜ ਅਕਤੂਬਰ ਕ੍ਰਾਂਤੀ ਦਿਵਸ ਦੀ ਵਰ੍ਹੇਗੰਢ ਸਾਮਰਾਜ ਦੇ ਖਾਤਮੇ ਦੇ ਸੰਕਲਪ ਵਜੋਂ ਮਨਾਈ ਗਈ ਜਿਸ ਵਿੱਚ ਜ਼ਿਲ੍ਹੇ ਭਰ ਵਿੱਚੋਂ ਮਜ਼ਦੂਰ, ਕਿਸਾਨ, ਨੌਜਵਾਨ ਅਤੇ ਮਿਹਨਤਕਸ਼ ਲੋਕ ਸ਼ਾਮਲ ਹੋਏ।
ਇਸ ਸਬੰਧ ਵਿਚ ਪਾਰਟੀ ਦਫਤਰ ਨੇੜੇ ਕੀਤੇ ਗਏ ਇਕੱਠ ਦੀ ਪ੍ਰਧਾਨਗੀ ਜਗਤਾਰ ਸਿੰਘ ਕਰਮਪੁਰਾ, ਮੁਖਤਾਰ ਸਿੰਘ ਮੁਹਾਵਾ, ਸੀਤਲ ਸਿੰਘ ਤਲਵੰਡੀ, ਗੁਰਮੇਜ ਸਿੰਘ ਤਿੰਮੋਵਾਲ ਨੇ ਕੀਤੀ। ਪਾਰਟੀ ਦੇ ਸੂਬਾ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਦਿਹਾੜੇ ’ਤੇ ਇਜ਼ਰਾਈਲ ਵੱਲੋਂ ਫਲਸਤੀਨੀਆਂ ਦੀ ਨਸਲਕੁਸ਼ੀ ਲਈ ਛੇੜੀ ਜੰਗ ਵਿੱਚ ਨਿਰਦੋਸ਼ ਲੋਕ ਮਾਰੇ ਗਏ ਹਨ ਅਤੇ ਜਥੇਬੰਦੀ ਉਨ੍ਹਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦੀ ਹੈ। ਇਸ ਮੌਕੇ ਮਤਾ ਪਾਸ ਕਰਦਿਆਂ ਤੁਰੰਤ ਜੰਗ ਬੰਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਮਰਾਜ ਜਿਸ ਦੀ ਅਗਵਾਈ ਅਮਰੀਕਾ ਕਰਦਾ ਹੈ ,ਤੋਂ ਮੁਕਤੀ ਵਾਸਤੇ ਅਤੇ ਕਿਰਤੀਆਂ ਦੀ ਭਲਾਈ ਵਾਲਾ ਸਮਾਜ ਸਿਰਜਣ ਲਈ ਹਰ ਮੁਹਾਜ ’ਤੇ ਯੁੱਧ ਪ੍ਰਚੰਡ ਕੀਤਾ ਜਾਵੇ। ਪ੍ਰੋਫੈਸਰ ਅਮਰਜੀਤ ਸਿੰਘ ਸਿੱਧੂ ਨੇ ਇਸ ਦਿਹਾੜੇ ਦੀ ਮਹੱਤਤਾ ਬਾਰੇ ਦੱਸਿਆ।
ਜਲੰਧਰ (ਹਤਿੰਦਰ ਮਹਤਿਾ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਜ਼ਿਲ੍ਹਾ ਕਮੇਟੀ ਜਲੰਧਰ-ਕਪੂਰਥਲਾ ਵਲੋਂ ਅੱਜ ਇਥੇ ਯੁੱਗ ਪਲਟਾਊ ਅਕਤੂਬਰ ਇਨਕਲਾਬ ਦੀ ਵਰ੍ਹੇਗੰਢ ਮੌਕੇ ਸਥਾਨਕ ਦੇਸ਼ ਭਗਤ ਯਾਦਗਰ ਹਾਲ ‘ਚ ਇੱਕ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਵਿੱਢੀ ਗਈ ਨਿਹੱਕੀ, ਅਸਾਵੀਂ ਜੰਗ ਵਿਚ ਨਿਰਦੋਸ਼ ਫ਼ਲਸਤੀਨੀ ਮਾਰੇ ਜਾ ਰਹੇ ਹਨ, ਜਿਸ ਲਈ ਸਰਮਾਏਦਾਰ ਦੇਸ਼ ਇਕੱਠੇ ਹੋ ਗਏ ਹਨ। ਉਨ੍ਹਾਂ ਨੇ ਇਜ਼ਰਾਈਲ ਫਲਸਤੀਨ ਜੰਗ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਅਤੇ ਦੂਜੇ ਪਾਸੇ ਲੋਕ ਪੱਖੀ ਨਿਜ਼ਾਮ ਦੌਰਾਨ ਹਮੇਸ਼ਾ ਮਨੁੱਖਤਾ ਦੇ ਭਲੇ ਦੇ ਕੰਮ ਕੀਤੇ ਜਾਂਦੇ ਰਹੇ ਹਨ।
ਪਾਸਲਾ ਨੇ ਕਿਹਾ ਕਿ ਅਕਤੂਬਰ ਇਨਕਲਾਬ ਦੁਨੀਆਂ ’ਚ ਵਾਪਰੀ ਇੱਕ ਅਹਿਮ ਘਟਨਾ ਸੀ, ਜਿਸ ਨੇ ਬਰਾਬਰਤਾ ਵਾਲਾ ਰਾਜ ਪ੍ਰਬੰਧ ਦਿੱਤਾ। ਇਸ ਸੋਵੀਅਤ ਸੰਘ ਨੇ ਨਵੇਂ ਰਾਜ ਪ੍ਰਬੰਧ ਤਹਤਿ ਖੇਤੀ, ਸਾਇੰਸ, ਖੇਡਾਂ ਸਮੇਤ ਹਰ ਖੇਤਰ ‘ਚ ਤਰੱਕੀ ਕੀਤੀ। ਇਸ ਕਾਨਫਰੰਸ ਨੂੰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ ਅਤੇ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਮਨੂਸਮਿਰਤੀ ਲਾਗੂ ਕਰਨ ਦੇ ਨਾਂ ਹੇਠ ਦੇਸ਼ ਦੇ ਅੰਦਰ ਘੱਟ ਗਿਣਤੀਆਂ ਸਮੇਤ ਨਪੀੜੇ ਵਰਗ ਅਤੇ ਔਰਤਾਂ ’ਤੇ ਹੋਰ ਤੇਜ਼ੀ ਨਾਲ ਖਤਰੇ ਖੜ੍ਹੇ ਕੀਤੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਮਨੋਹਰ ਗਿੱਲ, ਫਿਲੌਰ ਦੇ ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ, ਜਲੰਧਰ ਦੇ ਤਹਿਸੀਲ ਸਕਤੱਰ ਬਲਦੇਵ ਸਿੰਘ ਨੂਰਪੁਰੀ, ਸ਼ਾਹਕੋਟ ਦੇ ਸਕੱਤਰ ਨਿਰਮਲ ਮਲਸੀਆ, ਨਕੋਦਰ ਦੇ ਸਕੱਤਰ ਦਵਿੰਦਰ ਕੁਲਾਰ, ਹਰਬੰਸ ਮੱਟੂ, ਹਰੀਮੁਨੀ ਸਿੰਘ ਨੇ ਵੀ ਸੰਬੋਧਨ ਕੀਤਾ।