ਗੱਲ੍ਹਾਂ ਜਿਹੀਆਂ ਸੜਕਾਂ ’ਤੇ ਸਿਆਸਤ ਦੀ ਤਿਲ੍ਹਕਣ
ਅਰਵਿੰਦਰ ਜੌਹਲ
ਪਿਛਲੇ ਐਤਵਾਰ ਸ਼ਾਮ ਸਾਢੇ ਕੁ ਛੇ ਵਜੇ ਦਾ ਵੇਲਾ ਸੀ। ‘ਪੰਜਾਬੀ ਟ੍ਰਿਬਿਊਨ’ ਦੇ ਦਫ਼ਤਰ ’ਚ ਬੈਠਿਆਂ ਰੋਜ਼-ਮੱਰ੍ਹਾ ਵਾਂਗ ਕੰਮਕਾਰ ਕਰ ਰਹੀ ਸਾਂ ਕਿ ਮੇਰੇ ਪੁਰਾਣੇ ਸਹਿਯੋਗੀ ਗੁਰਦੇਵ ਭੁੱਲਰ ਦਾ ਫੋਨ ਆਇਆ। ਉੱਧਰੋਂ ਉਨ੍ਹਾਂ ਦੀ ਬਹੁਤ ਗੁੱਸੇ ਨਾਲ ਭਰੀ ਆਵਾਜ਼ ਆਈ, ‘‘ਬੀਬੀ, ਇਹੋ ਜਿਹੇ ਲੋਕਾਂ ਨੂੰ ਤਾਂ ਜੇਲ੍ਹ ਅੰਦਰ ਡੱਕ ਦੇਣਾ ਚਾਹੀਦਾ ਹੈ, ਜਿਨ੍ਹਾਂ ਨੂੰ ਧੀਆਂ-ਭੈਣਾਂ ਦੀ ਇੱਜ਼ਤ ਦਾ ਖ਼ਿਆਲ ਨਹੀਂ।’’ ਬਿਨਾਂ ਕੋਈ ਨਾਂ ਲਿਆਂ ਉਹ ਕਿਸੇ ਨੂੰ ਜੇਲ੍ਹ ਅੰਦਰ ਡੱਕਣ ਦੀ ਗੱਲ ਕਰ ਰਹੇ ਸਨ, ਮੈਨੂੰ ਕੁਝ ਵੀ ਸਮਝ ਨਾ ਪਿਆ। ਯਕੀਨਨ, ਦਿਲ ਦੁਖਾਉਣ ਵਾਲੀ ਕੋਈ ਗੱਲ ਤਾਂ ਹੋਵੇਗੀ, ਜਿਸ ਕਾਰਨ ਉਹ ਆਪਾ ਗੁਆਈ ਬੈਠੇ ਸਨ। ਮੈਂ ‘‘ਜੀ ਭੁੱਲਰ ਸਾਹਿਬ’’ ਕਹਿ ਕੇ ਉਨ੍ਹਾਂ ਦੀ ਗੱਲ ਦਾ ਹੁੰਗਾਰਾ ਭਰਿਆ ਅਤੇ ਮਨ ਹੀ ਮਨ ਘੋੜੇ ਦੌੜਾਉਣ ਲੱਗੀ ਕਿ ਆਖ਼ਰ ਉਹ ਕਿਸ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਦੇ ਅਗਲੇ ਫ਼ਿਕਰਿਆਂ ਤੋਂ ਮੈਨੂੰ ਸਮਝ ਆਇਆ ਕਿ ਉਹ ਉਸੇ ਦਿਨ ਭਾਜਪਾ ਆਗੂ ਰਮੇਸ਼ ਬਿਧੂੜੀ ਜੀ ਵੱਲੋਂ ਦਿੱਲੀ ਦੇ ਕਾਲਕਾ ਜੀ ਖੇਤਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ ਗੱਲ ਤੋਂ ਖ਼ਫ਼ਾ ਸਨ। ਬਿਧੂੜੀ ਜੀ ਨੇ ਕਿਹਾ ਸੀ ਕਿ ਲੋਕ ਉਸ ਨੂੰ ਕਾਲਕਾ ਜੀ ਤੋਂ ਵਿਧਾਇਕ ਬਣਾ ਦੇਣ ਤਾਂ ਫਿਰ ਉਹ ‘‘ਕਾਲਕਾ ਜੀ ਕੇ ਸਾਮਨੇ ਵਾਲੀ, ਬਰਾਬਰ ਵਾਲੀ, ਅੰਦਰ ਵਾਲੀ ਸਾਰੀ ਸੜਕੋਂ ਕੋ ਪ੍ਰਿਯੰਕਾ ਗਾਂਧੀ ਕੇ ਗਾਲ ਜੈਸੀ ਜ਼ਰੂਰ ਬਨਾ ਦੇਂਗੇ।’’ ਬਿਧੂੜੀ ਜੀ ਨੂੰ ਧੀਆਂ-ਭੈਣਾਂ ਦੇ ਸਤਿਕਾਰ ਦਾ ਕਿੰਨਾ ਕੁ ਅਹਿਸਾਸ ਹੈ, ਇਸ ਦਾ ਅੰਦਾਜ਼ਾ ਉਨ੍ਹਾਂ ਦੇ ਅਗਲੇ ਫ਼ਿਕਰਿਆਂ ਤੋਂ ਲਾਇਆ ਜਾ ਸਕਦਾ ਹੈ। ਇੱਕੋ ਸਾਹ ਪਹਿਲਾ ਫ਼ਿਕਰਾ ਬੋਲਦਿਆਂ ਦੂਜੇ ਸਾਹ ਉਨ੍ਹਾਂ ਨੇ ਕਈ ਵਰ੍ਹੇ ਪਹਿਲਾਂ ਬਿਹਾਰ ਦੇ ਤਤਕਾਲੀ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਵੱਲੋਂ ਬਿਹਾਰ ਦੀਆਂ ਸੜਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਬਣਾਉਣ ਦਾ ਹਵਾਲਾ ਦਿੰਦਿਆਂ ਕਿਹਾ, ‘‘ਲਾਲੂ ਜੀ ਨੇ ਕਹਾ ਥਾ ਕਿ ਮੈਂ ਬਿਹਾਰ ਕੀ ਸੜਕੋਂ ਕੋ ਹੇਮਾ ਮਾਲਿਨੀ ਕੇ ਗਾਲੋਂ ਜੈਸੀ ਬਨਾ ਦੂੰਗਾ ਮਗਰ ਉਨਹੋਂ ਨੇ ਝੂਠ ਬੋਲਾ ਥਾ, ਨਹੀਂ ਬਨਾਈ।’’ ਉਨ੍ਹਾਂ ਇੱਥੇ ਪ੍ਰਿਯੰਕਾ ਗਾਂਧੀ ਨਹੀਂ ਸਗੋਂ ਆਪਣੀ ਪਾਰਟੀ ਦੀ ਹੀ ਸੰਸਦ ਮੈਂਬਰ ਹੇਮਾ ਮਾਲਿਨੀ ਪ੍ਰਤੀ ਲਾਲੂ ਦੀ ਨਿਰਾਦਰ ਭਰੀ ਟਿੱਪਣੀ ਨੂੰ ਲੋਕਾਂ ਦੀਆਂ ਯਾਦਾਂ ਵਿੱਚ ਮੁੜ ਤਾਜ਼ਾ ਕਰਵਾ ਦਿੱਤਾ। ਇੱਕ ਔਰਤ ਹੋਣ ਦੇ ਨਾਤੇ ਮੈਂ ਇਹ ਕਹਿ ਸਕਦੀ ਹਾਂ ਕਿ ਹੇਮਾ ਮਾਲਿਨੀ ਨੂੰ ਵੀ ਇਸ ਮੌਕੇ ਕੀਤਾ ਗਿਆ ਇਹ ਜ਼ਿਕਰ ਨਾਖੁਸ਼ਗਵਾਰ ਗੁਜ਼ਰਿਆ ਹੋਵੇਗਾ। ਬਹੁਤੇ ਮਰਦਾਂ ਦੀ ਇਹ ਫਿਤਰਤ ਹੈ ਕਿ ਉਹ ਕਿਸੇ ਵੀ ਖੇਤਰ ’ਚ ਕੰਮ ਕਰਦੀਆਂ ਔਰਤਾਂ ਦੀ ਸਰੀਰਕ ਸੁੰਦਰਤਾ ਦਾ ਜਨਤਕ ਤੌਰ ’ਤੇ ਜ਼ਿਕਰ ਕਰ ਕੇ ਉਨ੍ਹਾਂ ਦੀ ਲਿਆਕਤ ਅਤੇ ਸਮਰੱਥਾ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦੇ ਹਨ। ਗੱਲ੍ਹਾਂ ਤਾਂ ਬਹੁਤ ਸਾਰੇ ਮਰਦ ਸਿਆਸਤਦਾਨਾਂ ਦੀਆਂ ਵੀ ਚਿਕਨੀਆਂ ਤੇ ਮੁਲਾਇਮ ਹੋਣਗੀਆਂ (ਅੱਜਕੱਲ੍ਹ ਤਾਂ ਕਈ ਮਰਦ ਸਿਆਸਤਦਾਨਾਂ ਵੱਲੋਂ ਵੀ ਬਣ-ਫੱਬ ਕੇ ਰਹਿਣ ਤੇ ਤਸਵੀਰਾਂ ’ਚ ਚਿਹਰਾ ਚਮਕਦਾ ਦਿਖਾਉਣ ਲਈ ਔਰਤਾਂ ਵਾਂਗ ਹੀ ਬਾਕਾਇਦਾ ਮੇਕਅੱਪ ਕਰਵਾਉਣ ਦੇ ਵੀ ਚਰਚੇ ਹਨ।) ਪਰ ਤਸ਼ਬੀਹ ਦਿੰਦਿਆਂ ਅਜਿਹੇ ਸਿਆਸਤਦਾਨਾਂ ਵੱਲੋਂ ਔਰਤਾਂ ਦੀਆਂ ਗੱਲ੍ਹਾਂ ਦਾ ਜ਼ਿਕਰ ਕਰਨ ਨਾਲ ਉਨ੍ਹਾਂ ਅੰਦਰਲੀ ਔਰਤ ਵਿਰੋਧੀ ਸੋਚ ਸਹਿਜੇ ਹੀ ਜੱਗ-ਜ਼ਾਹਿਰ ਹੋ ਜਾਂਦੀ ਹੈ।
ਰਮੇਸ਼ ਬਿਧੂੜੀ ਜੀ ਦੀ ਸਮੁੱਚੀ ਲਿਆਕਤ, ਸੂਝ-ਬੂਝ ਅਤੇ ਕਿਰਦਾਰ ਉਸੇ ਦਿਨ ਉਨ੍ਹਾਂ ਵੱਲੋਂ ਦਿੱਤੇ ਗਏ ਅਗਲੇ ਬਿਆਨ ਤੋਂ ਹੋਰ ਉੱਭਰ ਕੇ ਸਾਹਮਣੇ ਆਉਂਦਾ ਹੈ ਜਦੋਂ ਉਹ ਆਪਣੀਆਂ ਬਾਹਾਂ ਉਲਾਰ ਉਲਾਰ ਕੇ ਚਿਹਰੇ ’ਤੇ ਸ਼ੈਤਾਨੀ ਭਰੀ ਮੁਸਕਾਨ ਲਿਆ ਕੇ ਕਹਿ ਰਹੇ ਸਨ, ‘‘ਅਰੇ ਯੇ ਮਾਰਲੇਨਾ, ਯੇ ਤੋ ਸਿੰਘ ਬਨ ਗਈ ਭਈਆ, ਨਾਮ ਬਦਲ ਲੀਆ ਭਈਆ, ਮਾਰਲੇਨਾ ਨੇ ਬਾਪ ਬਦਲ ਲੀਆ।’’ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਸਿੰਘ ਨੂੰ ਇਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਸ ਦੀਆਂ ਅੱਖਾਂ ’ਚ ਅੱਥਰੂ ਸਨ। ਉਸ ਦਾ ਕਹਿਣਾ ਸੀ ਕਿ ਅਜਿਹਾ ਕਹਿ ਕੇ ਬਿਧੂੜੀ ਜੀ ਨੇ ਉਸ ਦੇ 80 ਸਾਲਾ ਪਿਤਾ, ਜੋ ਚੱਲਣ ਫਿਰਨ ਤੋਂ ਅਸਮਰੱਥ ਹਨ, ਦਾ ਦਿਲ ਬੇਹੱਦ ਦੁਖਾਇਆ ਹੈ।
ਅੰਦਾਜ਼ਾ ਲਾਓ, ਜਦੋਂ ਇਹੋ ਜਿਹੇ ਵਿਅਕਤੀ ਭਰੀ ਸਭਾ ਵਿੱਚ ਮਾਈਕ ’ਤੇ ਦਿੱਲੀ ਦੀ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠੀ ਇੱਕ ਔਰਤ ’ਤੇ ‘ਬਾਪ ਬਦਲ ਲੀਆ’ ਜਿਹੇ ਫਿਕਰੇ ਕਸ ਸਕਦੇ ਹਨ ਤਾਂ ਜਿੱਥੇ ਕਿਤੇ ਮਾਈਕ ਨਹੀਂ ਹੋਵੇਗਾ, ਉੱਥੇ ਔਰਤਾਂ ਲਈ ਇਹ ਕਿਹੋ ਜਿਹੀ ਭਾਸ਼ਾ ਵਰਤਦੇ ਹੋਣਗੇ। ਸਾਡੇ ਸਮਾਜ ਵਿੱਚ ‘ਬਾਪ ਬਦਲਣ’ ਦੇ ਕੀ ਮਾਇਨੇ ਹਨ? ਇਹ ਇੱਕ ਤਰ੍ਹਾਂ ਆਤਿਸ਼ੀ ਦੀ ਮਾਂ ਨੂੰ ਦਿੱਤੀ ਗਈ ਗਾਲ੍ਹ ਅਤੇ ਉਸ ਦੇ ਪਿਤਾ ਦਾ ਅਪਮਾਨ ਹੈ। ਆਤਿਸ਼ੀ ਦੇ ਪਿਤਾ ਦਾ ਨਾਮ ਸਿੰਘ ਹੀ ਹੈ। ਖੱਬੇ-ਪੱਖੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਤਿਸ਼ੀ ਨੇ ਮਾਰਕਸ ਤੋਂ ‘ਮਾਰ’ ਅਤੇ ਲੈਨਿਨ ਤੋਂ ‘ਲੇਨਾ’ ਲੈ ਕੇ ਆਪਣਾ ਉਪਨਾਮ ‘ਮਾਰਲੇਨਾ’ ਰੱਖਿਆ ਸੀ। ਉਸ ਨੂੰ ਇਹ ਹੱਕ ਹੈ ਕਿ ਉਹ ਆਪਣਾ ਉਪਨਾਮ ਕੋਈ ਵੀ ਰੱਖੇ ਜਾਂ ਬਦਲੇ। ਕੀ ਇਸ ਮਾਮਲੇ ’ਚ ਉਸ ਨੇ ਕੋਈ ਕਾਨੂੰਨੀ ਉਲੰਘਣਾ ਕੀਤੀ ਹੈ ਜਾਂ ਦੇਸ਼ ਨਾਲ ਧ੍ਰੋਹ ਕਮਾਇਆ ਹੈ? ਜੇ ਔਰਤਾਂ ਦੇ ਉਪਨਾਮ ਬਦਲਣ ’ਤੇ ਏਨੀ ਹੀ ਪੀੜ ਹੈ ਜਾਂ ਦੇਸ਼ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਤਾਂ ਸੰਸਦ ਵਿੱਚ ਅਜਿਹਾ ਕਾਨੂੰਨ ਲਿਆਂਦਾ ਜਾ ਸਕਦਾ ਹੈ ਜਿਸ ਤਹਿਤ ਵਿਆਹ ਤੋਂ ਬਾਅਦ ਵੀ ਔਰਤ ਦੀ ਸ਼ਨਾਖ਼ਤ ਉਸ ਦੇ ਪੇਕਿਆਂ ਵਾਲੇ ਉਪਨਾਮ ਤੋਂ ਹੀ ਹੋਵੇ ਅਤੇ ਵਿਆਹ ਤੋਂ ਬਾਅਦ ਸਹੁਰਿਆਂ (ਪਤੀ) ਵਾਲੇ ਉਪਨਾਮ ਦੀ ਵਰਤੋਂ ’ਤੇ ਸਖ਼ਤ ਪਾਬੰਦੀ ਹੋਵੇ।
ਉੱਧਰ, ਪ੍ਰਿਯੰਕਾ ਗਾਂਧੀ ਨੂੰ ਜਦੋਂ ਬਿਧੂੜੀ ਦੀਆਂ ਟਿੱਪਣੀਆਂ ਬਾਰੇ ਸਵਾਲ ਕੀਤਾ ਗਿਆ ਤਾਂ ਇਨ੍ਹਾਂ ਨੂੰ ਹਾਸੋਹੀਣੀਆਂ ਦੱਸਦਿਆਂ ਉਸ ਨੇ ਪੱਤਰਕਾਰਾਂ ਨੂੰ ਕਿਹਾ, ‘‘ਉਨ੍ਹਾਂ ਨੇ ਆਪਣੀਆਂ ਗੱਲ੍ਹਾਂ ਬਾਰੇ ਤਾਂ ਕਦੇ ਕੋਈ ਗੱਲ ਨਹੀਂ ਕੀਤੀ। ਇਹ ਸਭ ਕੁਝ ਗ਼ੈਰ-ਜ਼ਰੂਰੀ ਹੈ। ਚੋਣਾਂ ਦੌਰਾਨ ਸਾਨੂੰ ਦਿੱਲੀ ਦੇ ਲੋਕਾਂ ਦੇ ਅਹਿਮ ਮੁੱਦਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ।’’ ਪ੍ਰਿਯੰਕਾ ਬਾਰੇ ਕੀਤੀ ਅਜਿਹੀ ਲੱਚਰ ਟਿੱਪਣੀ ਕਾਰਨ ਜਦੋਂ ਕਾਂਗਰਸ ਵਰਕਰਾਂ ਨੇ ਬਿਧੂੜੀ ਜੀ ਤੋਂ ਮੁਆਫ਼ੀ ਦੀ ਮੰਗ ਕੀਤੀ ਤਾਂ ਉਨ੍ਹਾਂ ਆਪਣੇ ਖ਼ਾਸ ਅੰਦਾਜ਼ ਵਿੱਚ ਕਿਹਾ, ‘‘ਦੇਖੋ ਏਕ ਤੋ ਸਫ਼ਾਈ ਮੈਂ ਕਿਸ ਬਾਤ ਕੀ ਦੂੰ, ਦੂਸਰਾ ਕਾਂਗਰਸ ਹੋਤੀ ਕੌਨ ਹੈ ਮੇਰੇ ਸੇ ਸਫ਼ਾਈ ਮਾਂਗਨੇ ਵਾਲੀ?’’ ਇਹ ਗੱਲ ਵੱਖਰੀ ਹੈ ਕਿ ਜਦੋਂ ਬਿਧੂੜੀ ਜੀ ਦੀਆਂ ਔਰਤ ਵਿਰੋਧੀ ਟਿੱਪਣੀਆਂ ਦਾ ਮਾਮਲਾ ਤੂਲ ਫੜ ਗਿਆ ਤਾਂ ਉਨ੍ਹਾਂ ਆਪਣੇ ‘ਐਕਸ’ ਹੈਂਡਲ ’ਤੇ ਆਪਣੀ ਗੱਲ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਨੂੰ ਬੇਇੱਜ਼ਤ ਕਰਨ ਦਾ ਨਹੀਂ ਸੀ।
ਜੇ ਤੁਸੀਂ ਸਾਰਿਆਂ ਨੇ ਬਿਧੂੜੀ ਜੀ ਦੇ ਇਹ ਕਥਨ ਨਹੀਂ ਸੁਣੇ ਤਾਂ ਇੱਕ ਵਾਰ ਯੂ-ਟਿਊਬ ’ਤੇ ਜਾ ਕੇ ਸੁਣਿਓ ਜ਼ਰੂਰ ਅਤੇ ਨਾਲ ਹੀ ਉਨ੍ਹਾਂ ਦੀ ਸਰੀਰਕ ਭਾਸ਼ਾ ਪੜ੍ਹਨ ਦੀ ਕੋਸ਼ਿਸ਼ ਕਰਿਓ। ਇਹ ਬਿਲਕੁਲ ਓਦਾਂ ਦੀ ਹੈ ਜਿਹੋ ਜਿਹੀ ਕਿਸੇ ਗਲੀ ਦੇ ਵਿਗੜੇ ਮੁੰਡੇ ਦੀ ਔਰਤਾਂ ਬਾਰੇ ਗੱਲ ਕਰਦਿਆਂ ਹੁੰਦੀ ਹੈ। ਨਿਸ਼ਚੇ ਹੀ ਇਹ ਕਿਸੇ ਵੀ ਸੂਰਤ ਸ਼ਾਲੀਨਤਾ ਦੇ ਦਾਇਰੇ ਹੇਠ ਤਾਂ ਨਹੀਂ ਆਉਂਦੀ।
ਖ਼ੈਰ, ਬਿਧੂੜੀ ਜੀ ਵੱਲੋਂ ਜਨਤਕ ਮੰਚ ਤੋਂ ਮਹਿਲਾ ਸਿਆਸਤਦਾਨਾਂ ਬਾਰੇ ਕੀਤੀਆਂ ਟਿੱਪਣੀਆਂ ਤਾਂ ਛੱਡੋ, ਉਨ੍ਹਾਂ ਨੇ ਸੰਸਦ ਅੰਦਰ ਬਸਪਾ ਦੇ ਲੋਕ ਸਭਾ ਮੈਂਬਰ ਦਾਨਿਸ਼ ਅਲੀ ਲਈ ਸਪੀਕਰ ਦੀ ਹਾਜ਼ਰੀ ਵਿੱਚ ਸ਼ਬਦਾਂ ਦੇ ਜੋ ਮੋਤੀ ਪਰੋਏ ਸਨ, ਉਹ ਵੀ ਕਿਸੇ ਨੂੰ ਭੁੱਲੇ ਨਹੀਂ। ਉਨ੍ਹਾਂ ਦਾਨਿਸ਼ ਅਲੀ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ, ‘‘ਉਏ ਭੜਵੇ, ਓਏ ਉਗਰਵਾਦੀ, ਏ ਉਗਰਵਾਦੀ, ਬੋਲਨੇ ਨਹੀਂ ਦੂੰਗਾ ਅਭੀ ਤੇਰੇ ਕੋ ਯੇ ਬਤਾ ਰਹਾ ਹੂੰ, ਕਟਵੇ।’’ ਉਂਜ, ਉਦੋਂ ਇਸ ਮਾਮਲੇ ਬਾਰੇ ਬਿਧੂੜੀ ਜੀ ਨੂੰ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਮਾਮਲੇ ਬਾਰੇ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਆਪਣਾ ਪੱਖ ਪੇਸ਼ ਕਰਦਿਆਂ ਬਿਧੂੜੀ ਜੀ ਨੇ ਇਹ ‘ਸੁੱਚੇ ਮੋਤੀ’ ਪਰੋਣ ’ਤੇ ਅਫ਼ਸੋਸ ਜ਼ਾਹਿਰ ਕੀਤਾ ਸੀ। ਦਾਨਿਸ਼ ਅਲੀ ਬਾਰੇ ਬਿਧੂੜੀ ਜੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਉਦੋਂ ਤਤਕਾਲੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸਦਨ ਵਿੱਚ ਮੁਆਫ਼ੀ ਮੰਗਣੀ ਪਈ ਸੀ।
ਅਤੀਤ ਵਿੱਚ ਉਨ੍ਹਾਂ ਵੱਲੋਂ ਦਿੱਤੇ ਗਏ ਅਜਿਹੇ ਬਿਆਨਾਂ ਅਤੇ ਉਨ੍ਹਾਂ ਦੇ ਸਿੱਟਿਆਂ ਦੇ ਮੱਦੇਨਜ਼ਰ ਇਹ ਤਾਂ ਸੰਭਵ ਨਹੀਂ ਕਿ ਉਨ੍ਹਾਂ ਨੂੰ ਇਹ ਸਮਝ ਨਾ ਹੋਵੇ ਕਿ ਇਸ ਦਾ ਕੀ ਨਤੀਜਾ ਨਿਕਲ ਸਕਦਾ ਹੈ। ਸਭ ਕੁਝ ਜਾਣਦਿਆਂ ਬੁਝਦਿਆਂ ਵੀ ਅਜਿਹੇ ਬਿਆਨ ਦੇਣ ਦਾ ਕੀ ਮਕਸਦ ਹੈ? ਕਿਤੇ ਚੋਣਾਂ ਤੋਂ ਐਨ ਪਹਿਲਾਂ ਅਜਿਹੇ ਬਿਆਨ ਦੇਣ ਦਾ ਉਦੇਸ਼ ਲੋਕਾਂ ਦਾ ਧਿਆਨ ਬੇਰੁਜ਼ਗਾਰੀ, ਸਿੱਖਿਆ, ਸਿਹਤ ਅਤੇ ਮਹਿੰਗਾਈ ਜਿਹੇ ਬੁਨਿਆਦੀ ਮੁੱਦਿਆਂ ਤੋਂ ਭਟਕਾਉਣਾ ਤਾਂ ਨਹੀਂ?