ਖਨੌਰੀ ਬਾਰਡਰ ਉਪਰ ਸਥਿਤੀ ਤਣਾਅਪੂਰਨ, ਅੱਥਰੂ ਗੈਸ ਦੇ ਗੋਲਿਆਂ ਤੇ ਰਬੜ ਦੀਆਂ ਗੋਲੀਆਂ ਕਾਰਨ ਦਰਜਨ ਕਿਸਾਨ ਜ਼ਖ਼ਮੀ
ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 21 ਫਰਵਰੀ
ਖਨੌਰੀ ਬਾਰਡਰ ਉਪਰ ਮਾਹੌਲ ਤਣਾਅਪੂਰਨ ਹੈ। ਹਰਿਆਣਾ ਪੁਲੀਸ ਤੇ ਕੇਂਦਰੀ ਸੁਰੱਖਿਆ ਬਲਾਂ ਵਲੋਂ ਅੱਥਰੂ ਗੈਸ ਦੇ ਗੋਲਿਆਂ, ਰਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਕੀਤੀ ਕਾਰਵਾਈ ’ਚ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਸਮੇਤ ਕਰੀਬ ਦੋ ਦਰਜਨ ਕਿਸਾਨ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਪਾਤੜਾਂ ਅਤੇ ਹੋਰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਵਲੋਂ ਅੱਜ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸਦੇ ਤਹਿਤ ਖਨੌਰੀ ਬਾਰਡਰ ’ਤੇ ਤਾਇਨਾਤ ਹਜ਼ਾਰਾਂ ਕਿਸਾਨ ਪੰਜਾਬ-ਹਰਿਆਣਾ ਹੱਦ ਨਜ਼ਦੀਕ ਇਕੱਠੇ ਹੋਏ ਤਾਂ ਉਥੇ ਤਾਇਨਾਤ ਹਰਿਆਣਾ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲਾਂ ਵਲੋਂ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ ਦਾਗੇ ਗਏ, ਰਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤਾਂ ਜੋ ਕਿਸਾਨ ਅੱਗੇ ਨਾ ਵਧ ਸਕਣ। ਕਿਸਾਨਾਂ ਵਲੋਂ ਖੇਤਾਂ ’ਚੋਂ ਹੁੰਦਿਆਂ ਅੱਗੇ ਵਧਣ ਦਾ ਯਤਨ ਕੀਤਾ ਗਿਆ ਪਰ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ ਦਾਗੇ ਗਏ, ਜਿਸ ਨਾਲ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਸਮੇਤ ਕਰੀਬ ਦੋ ਦਰਜਨ ਕਿਸਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਤਾਇਨਾਤ ਐਂਬੂਲੈਂਸਾਂ ਰਾਹੀਂ ਹਸਪਤਾਲਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਹਾਲਾਤ ਤਣਾਅਪੂਰਨ ਹਨ ਅਤੇ ਰੁਕ-ਰੁਕ ਕੇ ਅੱਥਰੂ ਗੈਸ ਦੇ ਗੋਲੇ ਬਰਸ ਰਹੇ ਹਨ।