ਬੈਂਕ ਅੱਗੇ ਲਾਇਆ ਧਰਨਾ ਡੀਐੱਸਪੀ ਦੇ ਭਰੋਸੇ ਮਗਰੋਂ ਮੁਲਤਵੀ
ਪੱਤਰ ਪ੍ਰੇਰਕ
ਮਾਨਸਾ, 12 ਅਗਸਤ
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਪ੍ਰਾਈਵੇਟ ਬੈਂਕ ਵਿਰੁੱਧ ਧਰਨਾ ਲਾਇਆ ਹੋਇਆ ਸੀ। ਇਸ ਦੌਰਾਨ ਪੁਲੀਸ ਦੇ ਡੀਐਸਪੀ ਨੇ ਧਰਨੇ ਵਿੱਚ ਆ ਕੇ ਮੰਚ ਤੋਂ ਦਿੱਤੇ ਭਰੋਸੇ ਤੋਂ ਬਾਅਦ ਘਿਰਾਓ ਮੁਲਤਵੀ ਕੀਤਾ ਗਿਆ। ਜਥੇਬੰਦੀ ਵੱਲੋਂ ਇਸ ਬੈਂਕ ਦਾ 22 ਜੁਲਾਈ ਤੋਂ ਲਗਾਤਾਰ ਘਿਰਾਓ ਕੀਤਾ ਹੋਇਆ ਸੀ ਅਤੇ ਉਸੇ ਦਿਨ ਤੋਂ ਇਹ ਪ੍ਰਾਈਵੇਟ ਬੈਂਕ ਬੰਦ ਚੱਲਿਆ ਆ ਰਿਹਾ ਸੀ। ਪੁਲੀਸ ਅਧਿਕਾਰੀ ਵੱਲੋਂ ਭਰੋਸੇ ਦੀ ਕਾਪੀ ਦੇਣ ਮਗਰੋਂ ਹੁਣ ਬੈਂਕ ਖੁੱਲ੍ਹਣ ਦੀ ਸੰਭਾਵਨਾ ਬਣ ਗਈ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਪਿੰਡ ਭੈਣੀਬਾਘਾ ਦੇ ਸਾਬਕਾ ਫੌਜੀ ਸੁਖਵੀਰ ਸਿੰਘ ਵੱਲੋਂ ਐੱਫਡੀ ਦੇ ਰੂਪ ਵਿੱਚ 2018 ਵਿੱਚ 10 ਲੱਖ ਰੁਪਏ ਜਮ੍ਹਾਂ ਕਰਵਾਏ ਸੀ, ਜਿਸ ’ਤੇ ਕੰਪਨੀ ਵੱਲੋਂ 8.77 ਫ਼ੀਸਦ ਵਿਆਜ ਦਰ ਨਾਲ ਤਿੰਨ ਸਾਲ ਬਾਅਦ ਪੂਰੀ ਰਕਮ ਵਿਆਜ ਸਣੇ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ 6 ਸਾਲ ਬੀਤਣ ਮਗਰੋਂ ਵੀ ਕੰਪਨੀ ਵੱਲੋਂ ਕੋਈ ਰਕਮ ਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਡੀਐੱਸਪੀ ਵੱਲੋਂ ਜਥੇਬੰਦੀ ਨੂੰ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਉਨ੍ਹਾਂ ਦੱਸਿਆ ਕਿ ਫੌਰੀ ਤੌਰ ’ਤੇ ਘਿਰਾਓ ਨੂੰ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਪੂਰਨ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਗਦੇਵ ਸਿੰਘ ਕੋਟਲੀ, ਬਲਜੀਤ ਸਿੰਘ, ਗੁਰਚੇਤ ਸਿੰਘ ਚੁਕੇਰੀਆਂ, ਪਰਗਟ ਸਿੰਘ, ਵਰਿਆਮ ਸਿੰਘ ਖਿਆਲਾ ਨੇ ਵੀ ਸੰਬੋਧਨ ਕੀਤਾ।