ਫੈਕਟਰੀ ਬੰਦ ਕਰਵਾਉਣ ਲਈ ਲੱਗਿਆ ਧਰਨਾ ਜਾਰੀ
ਪੱਤਰ ਪ੍ਰੇਰਕ
ਸ਼ਾਹਕੋਟ, 10 ਨਵੰਬਰ
ਪਿੰਡ ਕੰਨੀਆਂ ਕਲਾਂ ਵਿੱਚ ਪਲਾਸਟਿਕ ਦੀਆਂ ਰੱਸੀਆਂ ਬਣਾਉਣ ਲਈ ਉਸਾਰੀ ਫੈਕਟਰੀ ਬੰਦ ਕਰਵਾਉਣ ਲਈ ਇਲਾਕਾ ਵਾਸੀਆਂ ਵੱਲੋਂ ਫੈਕਟਰੀ ਅੱਗੇ ਲਗਾਇਆ ਦਿਨ-ਰਾਤ ਦਾ ਧਰਨਾ 19ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਹਾਜ਼ਰ ਧਰਨਾਕਾਰੀਆਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸਾਰ ਨਾ ਲੈਣ ਦੀ ਨਿਖੇਧੀ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਲੋਕ ਤਾਂ ਪਹਿਲਾਂ ਹੀ ਖਤਰਨਾਕ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਜੇਕਰ ਫੈਕਟਰੀ ਦਾ ਗੰਦਾ ਤੇ ਕੈਮੀਕਲਜ ਵਾਲਾ ਪਾਣੀ ਸਿੱਧਾ ਧਰਤੀ ਵਿਚ ਪੈ ਗਿਆ ਤਾਂ ਇਲਾਕੇ ਦਾ ਪਾਣੀ ਨਾ ਪੀਣਯੋਗ ਅਤੇ ਨਾ ਹੀ ਖੇਤੀ ਦੇ ਯੋਗ ਰਹਿਣਾ ਹੈ। ਉਨ੍ਹਾਂ ਕਿਹਾ ਕਿ ਉਹ ਫੈਕਟਰੀ ਬੰਦ ਕਰਵਾਉਣ ਤੋਂ ਬਾਅਦ ਹੀ ਧਰਨਾ ਸਮਾਪਤ ਕਰਨਗੇ। ਅੱਜ ਧਰਨੇ ਵਿੱਚ ਪਾਲ ਸਿੰਘ ਫਰਾਂਸ, ਜਗਤਾਰ ਸਿੰਘ ਤਾਰੀ, ਪਰਮਜੀਤ ਸਿੰਘ ਪੱਮਾ, ਲਖਬੀਰ ਸਿੰਘ, ਡਾਕਟਰ ਮੋਹਿਤ ਠਾਕੁਰ, ਇੰਦਰਜੀਤ ਸਿੰਘ ਚੱਠਾ, ਕੁਲਦੀਪ ਸਿੰਘ, ਤਾਰਾ ਸਿੰਘ, ਗੋਲਾ, ਕੁੰਦਨ ਸਿੰਘ, ਸਰਪੰਚ ਰਜਿੰਦਰ ਸਿੰਘ ਸ਼ੇਰਾ, ਸਰਪੰਚ ਸੁਖਦੇਵ ਸਿੰਘ, ਸਰਪੰਚ ਪਰਮਿੰਦਰ ਸਿੰਘ ਸੰਧੂ ਅਤੇ ਪ੍ਰਭਦੀਪ ਸਿੰਘ ਹਾਜ਼ਰ ਸਨ।