ਸਿੱਖ ਵਫ਼ਦ ਰਾਹੁਲ ਖ਼ਿਲਾਫ਼ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਮਿਲਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਪਟਨਾ ਸਾਹਿਬ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਤੋਂ ਇਲਾਵਾ ਕੋਲਕਾਤਾ, ਇੰਦੌਰ, ਲਖਨਊ, ਹੈਦਰਾਬਾਦ ਤੇ ਝਾਰਖੰਡ ਸਮੇਤ ਵੱਖ ਵੱਖ ਥਾਵਾਂ ਤੋਂ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ ਦੇ ਵਫਦ ਨੇ ਅੱਜ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨਾਲ ਮੁਲਾਕਾਤ ਕੀਤੀ ਅਤੇ ਹਾਲ ਹੀ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਅਮਰੀਕਾ ’ਚ ਸਿੱਖਾਂ ਦੇ ਭਾਰਤ ਵਿੱਚ ਸੁਰੱਖਿਅਤ ਨਾ ਹੋਣ ਸਬੰਧੀ ਦਿੱਤੇ ਬਿਆਨ ਸਬੰਧੀ ਮੰਗ ਪੱਤਰ ਸੌਂਪਿਆ।
ਵਫਦ ਨੇ ਮੰਤਰੀ ਨੂੰ ਦੱਸਿਆ ਕਿ ਸਿੱਖਾਂ ਨੇ ਆਜ਼ਾਦੀ ਸੰਘਰਸ਼ ਤੋਂ ਲੈ ਕੇ ਹੁਣ ਤੱਕ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਸਮੇਤ ਵੱਖ-ਵੱਖ ਖੇਤਰਾਂ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਬਿਆਨ ਸਿੱਖਾਂ ਬਾਰੇ ਦਿੱਤਾ ਹੈ, ਉਸ ਦਾ ਮਕਸਦ ਦੇਸ਼ ਵਿਚ ਸਿੱਖਾਂ ਪ੍ਰਤੀ ਨਫਰਤ ਪੈਦਾ ਕਰਨਾ ਹੈ। ਉਨ੍ਹਾਂ ਮੰਗ ਕੀਤੀ ਕਿ ਰਾਹੁਲ ਗਾਂਧੀ ਦੇ ਇਸ ਗੈਰ-ਜ਼ਿੰਮੇਵਾਰਾਨਾ ਬਿਆਨ ਦਾ ਗੰਭੀਰ ਨੋਟਿਸ ਲਿਆ ਜਾਵੇ ਅਤੇ ਇਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਫਦ ਨੇ ਮੰਤਰੀ ਨੂੰ ਦੱਸਿਆ ਕਿ ਦੇਸ਼ ਵਿਚ ਵੱਖ ਵੱਖ ਥਾਵਾਂ ’ਤੇ ਸਿੱਖਿਆ ਕੇਂਦਰਾਂ ਦੇ ਬਾਹਰ, ਹਵਾਈ ਅੱਡਿਆਂ ’ਤੇ, ਮੈਟਰੋ ਰੇਲ ਗੱਡੀਆਂ ਵਿੱਚ ਤੇ ਹੋਰ ਜਨਤਕ ਥਾਵਾਂ ’ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਪੰਜ ਕਕਾਰਾਂ ਨੂੰ ਲੈ ਕੇ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਇਸ ਲਈ ਗ੍ਰਹਿ ਮੰਤਰਾਲਾ ਦਿਸ਼ਾ ਨਿਰਦੇਸ਼ ਜਾਰੀ ਕਰੇ। ਮੰਤਰੀ ਨੇ ਵਫ਼ਦ ਨੂੰ ਕਾਰਵਾਈ ਦਾ ਭਰੋਸਾ ਦਿੱਤਾ।
ਭਾਜਪਾ ਮੈਨੂੰ ਚੁੱਪ ਕਰਾਉਣ ਲਈ ਬੇਚੈਨ: ਰਾਹੁਲ ਗਾਂਧੀ
ਨਵੀਂ ਦਿੱਲੀ: ਭਾਜਪਾ ’ਤੇ ਅਮਰੀਕਾ ’ਚ ਉਨ੍ਹਾਂ ਦੀਆਂ ਹਾਲੀਆ ਟਿੱਪਣੀਆਂ ਬਾਰੇ ਝੂਠ ਫੈਲਾਉਣ ਦਾ ਦੋਸ਼ ਲਾਉਂਦਿਆਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਸਿੱਖਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਜੋ ਕਿਹਾ ਉਸ ’ਚ ਕੁਝ ਵੀ ਗਲਤ ਹੈ ਤੇ ਕੀ ਭਾਰਤ ਨੂੰ ਅਜਿਹਾ ਦੇਸ਼ ਨਹੀਂ ਬਣਨਾ ਚਾਹੀਦਾ, ਜਿੱਥੇ ਹਰ ਭਾਰਤੀ ਰਹਿ ਸਕੇ ਤੇ ਬਿਨਾਂ ਕਿਸੇ ਡਰ ਦੇ ਆਪਣੇ ਧਰਮ ਦਾ ਪਾਲਣ ਕਰ ਸਕੇ। ਕਾਂਗਰਸ ਦੇ ਸਾਬਕਾ ਮੁਖੀ ਨੇ ਕਿਹਾ ਕਿ ਭਾਜਪਾ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਬੇਚੈਨ ਹੈ ਕਿਉਂਕਿ ਉਹ ਸੱਚਾਈ ਬਰਦਾਸ਼ਤ ਨਹੀਂ ਕਰ ਸਕਦੀ। ਗਾਂਧੀ ਨੇ ਐਕਸ ’ਤੇ ਪਾਈ ਪੋਸਟ ’ਚ ਕਿਹਾ, ‘ਭਾਜਪਾ ਅਮਰੀਕਾ ’ਚ ਮੇਰੀ ਟਿੱਪਣੀ ਬਾਰੇ ਝੂਠ ਫੈਲਾਅ ਰਹੀ ਹੈ। ਮੈਂ ਭਾਰਤ ਤੇ ਵਿਦੇਸ਼ ’ਚ ਰਹਿਣ ਵਾਲੇ ਹਰੇਕ ਸਿੱਖ ਭੈਣ-ਭਰਾ ਤੋਂ ਪੁੱਛਣਾ ਚਾਹੁੰਦਾ ਹਾਂ, ਮੈਂ ਜੋ ਕਿਹਾ ਹੈ ਕਿ ਉਸ ’ਚ ਕੁਝ ਗਲਤ ਹੈ? ਕੀ ਭਾਰਤ ਨੂੰ ਅਜਿਹਾ ਦੇਸ਼ ਨਹੀਂ ਬਣਨਾ ਚਾਹੀਦਾ, ਜਿੱਥੇ ਹਰ ਸਿੱਖ ਤੇ ਹਰ ਭਾਰਤੀ ਬਿਨਾਂ ਕਿਸੇ ਡਰ ਦੇ ਆਜ਼ਾਦੀ ਨਾਲ ਆਪਣੇ ਧਰਮ ਦਾ ਪਾਲਣ ਕਰ ਸਕੇ?’ ਉਨ੍ਹਾਂ ਕਿਹਾ, ‘ਹਮੇਸ਼ਾ ਦੀ ਤਰ੍ਹਾਂ ਭਾਜਪਾ ਝੂਠਾ ਪ੍ਰਚਾਰ ਕਰ ਰਹੀ ਹੈ। ਉਹ ਮੈਨੂੰ ਚੁੱਪ ਕਰਾਉਣ ਲਈ ਬੇਚੈਨ ਹਨ ਕਿਉਂਕਿ ਉਹ ਸੱਚ ਬਰਦਾਸ਼ਤ ਨਹੀਂ ਕਰ ਸਕਦੇ ਪਰ ਮੈਂ ਹਮੇਸ਼ਾ ਭਾਰਤ ਨੂੰ ਪਰਿਭਾਸ਼ਤ ਕਰਨ ਵਾਲੀਆਂ ਕਦਰਾਂ-ਕੀਮਤਾਂ, ਸਾਡੀ ਅਨੇਕਤਾ ’ਚ ਏਕਤਾ, ਬਰਾਬਰੀ ਤੇ ਪਿਆਰ ਬਾਰੇ ਗੱਲ ਕਰਦਾ ਰਹਾਂਗਾ। ਰਾਹੁਲ ਗਾਂਧੀ ਨੇ ਅਮਰੀਕਾ ’ਚ ਆਪਣੀਆਂ ਟਿੱਪਣੀਆਂ ਦੀ ਛੋਟੀ ਜਿਹੀ ਵੀਡੀਓ ਵੀ ਸਾਂਝੀ ਕੀਤੀ, ਜਿਸ ’ਚ ਉਹ ਸਿੱਖ ਵਿਅਕਤੀ ਦਾ ਜ਼ਿਕਰ ਕਰਦੇ ਹੋਏ ਦਿਖਾਈ ਦੇ ਰਹੇ ਹਨ। -ਪੀਟੀਆਈ