ਵਾਂਗਚੁਕ ਦੀ ਭੁੱਖ ਹੜਤਾਲ ਦੇ ਮਾਇਨੇ
ਰਾਜੇਸ਼ ਰਾਮਚੰਦਰਨ
ਪਿਛਲਾ ਹਫ਼ਤਾ ਈਸਾ ਮਸੀਹ ਦੇ ਸਿਦਕ (ਪੈਸ਼ਨ) ਦਾ ਹਫ਼ਤਾ ਸੀ- ਸ਼ਬਦ ‘ਪੈਸ਼ਨ’ ਦੀ ਉਤਪਤੀ ਲਾਤੀਨੀ ਸ਼ਬਦ ‘ਪੈਸੀਓ’ ਤੋਂ ਹੋਈ ਜਿਸ ਦਾ ਇਕ ਅਰਥ ਦੁੱਖ ਦਰਦ ਵੀ ਹੈ। ਦੁੱਖ ਅਤੇ ਮੌਤ ਲਈ ਪ੍ਰਾਰਥਨਾਪੂਰਨ ਅਧੀਨਗੀ ਜੋ ਪੁਨਰ ਜਨਮ ਅਤੇ ਸਦੀਵੀ ਜੀਵਨ ਨੂੰ ਸਮਰੱਥ ਬਣਾਉਂਦੀ ਹੈ, ਸਾਰੀਆਂ ਸੱਭਿਅਤਾਵਾਂ ਦੇ ਉਘੜਵੇਂ ਨਿਸ਼ਾਨ ਹਨ ਅਤੇ ਅਧਿਆਤਮਕ ਸ਼ੁੱਧੀ ਵਜੋਂ ਰੀਤੀ-ਰਿਵਾਜ਼ਾਂ ਨੂੰ ਮੁੜ ਲਾਗੂ ਕੀਤਾ ਗਿਆ ਹੈ। ਰਾਜਨੀਤੀ ਵਿੱਚ ਇਹ ਵਿਰੋਧ ਦੀ ਸਿਖਰਲੀ ਕਿਰਿਆ ਦੇ ਰੂਪ ਵਿਚ ਸ਼ਹਾਦਤ ਵਜੋਂ ਸਾਕਾਰ ਹੁੰਦੀ ਹੈ। ਮਹਾਤਮਾ ਗਾਂਧੀ ਦਾ ਸੱਤਿਆਗ੍ਰਹਿ ਬਹੁਤ ਸਾਰੇ ਲੋਕਾਂ ਲਈ ਇਸ ਤਪੱਸਿਆ ਦਾ ਸਭ ਤੋਂ ਸਫਲ ਪੁਨਰ-ਨਿਰਮਾਣ ਸੀ ਜਿਸ ਤਹਿਤ ਉਹ ਸੱਤਿਆਗ੍ਰਹੀ ਖ਼ੁਦ ਨੂੰ ਸਭ ਤੋਂ ਵੱਧ ਤਕਲੀਫ਼ ਦਿੰਦੇ ਹਨ ਜੋ ਉਹ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਆਜ਼ਾਦੀ ਦੀ ਨਵੀਂ ਸਵੇਰ ਵੱਲ ਤੁਰਨ ਦੀ ਸੱਧਰ ਰੱਖਦੇ ਹੋਣ।
ਪਿਛਲੇ ਹਫ਼ਤੇ ਹੀ ਉੱਘੇ ਲੱਦਾਖੀ ਖੋਜੀ, ਸਿੱਖਿਆਦਾਨੀ ਅਤੇ ਜਲਵਾਯੂ ਤਬਦੀਲੀ ਦੇ ਕਾਰਕੁਨ ਸੋਨਮ ਵਾਂਗਚੁਕ ਨੇ ਹਿਮਾਲਿਆ ਦੀ ਰਾਖੀ ਲਈ ਆਪਣੀ 21 ਦਿਨਾ ਭੁੱਖ ਹੜਤਾਲ ਖ਼ਤਮ ਕੀਤੀ। ਉਨ੍ਹਾਂ ਦੇ ਵਰਤ ਦੀ ਵੱਖ-ਵੱਖ ਸਮਾਜਿਕ ਸਿਆਸੀ ਅਤੇ ਰਹੁ-ਰੀਤਾਂ ਦੇ ਪੱਧਰ ’ਤੇ ਬਹੁਤ ਸੰਕੇਤਕ ਮਹੱਤਤਾ ਹੈ। ਗਾਂਧੀ ਦਾ ਸਭ ਤੋਂ ਲੰਮਾ ਵਰਤ 21 ਦਿਨ ਚੱਲਿਆ ਸੀ; ਵਾਂਗਚੁਕ ਨੇ ਕੇਂਦਰ ਸਰਕਾਰ ਅਤੇ ਇਸ ਦੀ ਨੌਕਰਸ਼ਾਹੀ ਖਿਲਾਫ਼ ਆਪਣੇ ਇਸ ਵਿਰੋਧ ਦੇ ਰਾਹ ’ਤੇ ਇਸ ਪੈਮਾਨੇ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਦੀਆਂ ਮੰਗਾਂ ਨੂੰ ਗਹੁ ਨਾਲ ਪੜ੍ਹਨ ਦੀ ਲੋੜ ਹੈ, ਖ਼ਾਸ ਕਰ ਪਾਰਲੀਮੈਂਟ ਵਿਚ ਕੁਦਰਤ ਦੇ ਨੁਮਾਇੰਦਿਆਂ ਨਾਲ ਜੁੜੀ ਮੰਗ ਧਿਆਨ ਖਿੱਚਦੀ ਹੈ।
ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ‘ਕੁਦਰਤ ਦੇ ਤਰਜਮਾਨ’ ਦੀ ਬਹੁਤ ਜਿ਼ਆਦਾ ਤੁੱਕ ਬਣਦੀ ਹੈ। ਲੱਦਾਖ ਦੇ 60 ਹਜ਼ਾਰ ਵਰਗ ਕਿਲੋਮੀਟਰ ਖੇਤਰ ਲਈ ਸਿਰਫ਼ ਇਕ ਸੰਸਦ ਮੈਂਬਰ ਹੈ ਜਿਸ ਦੀ ਆਵਾਜ਼ ਨਹੀਂ ਸੁਣੀ ਜਾਂਦੀ। ਲੱਦਾਖ ’ਤੇ 5 ਅਗਸਤ 2019 ਤੋਂ ਨੌਕਰਸ਼ਾਹਾਂ ਦਾ ਰਾਜ ਹੈ ਜਦੋਂ ਜੰਮੂ ਕਸ਼ਮੀਰ ਰਾਜ ਭੰਗ ਕਰ ਦਿੱਤਾ ਗਿਆ ਸੀ। ਭਾਜਪਾ ਨੇ 2019 ਦੀਆਂ ਚੋਣਾਂ ਵਿਚ ਵਾਅਦਾ ਕੀਤਾ ਸੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸੰਵਿਧਾਨ ਦੇ ਛੇਵੇਂ ਸ਼ਡਿਊਲ ਵਿਚ ਸ਼ਾਮਿਲ ਕਰਵਾਇਆ ਜਾਵੇਗਾ ਪਰ ਮੁੜ ਕੇ ਇਸ ਦੀ ਬਾਤ ਨਹੀਂ ਪੁੱਛੀ। ਭਾਰਤੀ ਰਿਆਸਤ/ਸਟੇਟ ਦੇ ਸਿਰ ਦੇ ਤਾਜ ਵਜੋਂ ਜਾਣੇ ਜਾਂਦੇ ਇਸ ਖੇਤਰ ਵਿਚ ਸਿਆਸੀ ਖਲਾਅ ਪੈਦਾ ਹੋ ਗਿਆ ਹੈ ਜੋ ਮਾਯੂਸਕੁਨ ਤੇ ਖ਼ਤਰਨਾਕ ਸਥਿਤੀ ਹੈ। ਮਨਫ਼ੀ 12 ਡਿਗਰੀ ਦੀ ਠੰਢ ਵਿਚ 300 ਸਤਿਆਗ੍ਰਹੀਆਂ ਨਾਲ ਵਰਤ ਰੱਖ ਕੇ ਅਤੇ ਖੁੱਲ੍ਹੇ ਅਸਮਾਨ ਹੇਠ ਸੌਂ ਕੇ ਵਾਂਗਚੁਕ ਨੇ ਆਪਣੇ ਸਰੀਰ ’ਤੇ ਕਸ਼ਟ ਝੱਲ ਕੇ ਲੋਕਾਂ ਨੂੰ ਇਹ ਦੇਖਣ ਲਈ ਮਜਬੂਰ ਕੀਤਾ ਕਿ ਲੱਦਾਖ ਵਿਚ ਸਰਕਾਰ ਦਾ ਵਿਕਾਸ ਦਾ ਰਾਹ ਖ਼ਤਰਨਾਕ ਹੈ। ਲੱਦਾਖ ਆਲਮੀ ਟਕਰਾਅ ਦਾ ਬਿੰਦੂ ਵੀ ਹੈ। ਪਰਮਾਣੂ ਹਥਿਆਰਾਂ ਨਾਲ ਲੈਸ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਇੱਥੇ ਆਹਮੋ-ਸਾਹਮਣੇ ਹਨ। ਇਸ ਤੋਂ ਇਲਾਵਾ ਇਹ ਜਲਵਾਯੂ ਤਬਦੀਲੀ ਦਾ ਬਿੰਦੂ ਹੈ ਜਿਸ ਦੇ ਨਾਜ਼ੁਕ ਚੌਗਿਰਦੇ ਅਤੇ ਇਸ ਦੇ ਗਲੇਸ਼ੀਅਰ ਬਚਾ ਕੇ ਰੱਖਣ ਦੀ ਲੋੜ ਹੈ।
ਲੱਦਾਖ ਵਿਚ ਸਿਆਸੀ ਨੁਮਾਇੰਦਗੀ ਦੀ ਲੜਾਈ ਰਾਜਸੱਤਾ ਦੀਆਂ ਸਹੂਲਤਾਂ ਲਈ ਨਹੀਂ ਸਗੋਂ ਖੁਸ਼ਕ ਪਹਾੜੀਆਂ ਦੀ ਰਾਖੀ ਅਤੇ ਲੱਦਾਖੀ ਲੋਕਾਂ ਦੇ ਮਨਾਂ ਵਿਚ ਉਪਜੇ ਸ਼ੰਕੇ ਦੂਰ ਕਰਨ ਲਈ ਹੈ ਜੋ ਚੀਨ ਦੀਆਂ ਵਿਉਂਤਾਂ ਖਿਲਾਫ਼ ਰੱਖਿਆ ਦੀ ਪਹਿਲੀ ਕਤਾਰ ਹਨ। ਵਾਂਗਚੁਕ ਦਾ ਸਤਿਆਗ੍ਰਹਿ ਕੌਮੀ ਕਾਜ ਹੈ। ਉਹ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਅਤੇ ਯੂਟੀ ਨੂੰ ਛੇਵੇਂ ਸ਼ਡਿਊਲ ਵਿਚ ਦਰਜ ਕਰਨ ਦੀ ਮੰਗ ਕਰ ਰਹੇ ਹਨ। ਇਸ ਅਨੁਸੂਚੀ ਤਹਿਤ ਜਿ਼ਲ੍ਹਾ ਅਤੇ ਖੇਤਰੀ ਕੌਂਸਲਾਂ ਕੌਮੀ ਸੁਰੱਖਿਆ ਦੇ ਹਿੱਤਾਂ ਲਈ ਕੀਤੇ ਜਾਣ ਵਾਲੇ ਫ਼ੈਸਲਿਆਂ ਦੇ ਰਾਹ ਵਿਚ ਅਡਿ਼ੱਕੇ ਖੜ੍ਹੇ ਕਰ ਸਕਦੀਆਂ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਲੱਦਾਖ ਸਨਅਤੀ ਲੈਂਡ ਅਲਾਟਮੈਂਟ ਨੀਤੀ-2023 ਦਾ ਐਲਾਨ ਕਰਦਿਆਂ ਮੁਕਾਮੀ ਲੋਕਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਜਾਵੇ। ਇਸ ਨੀਤੀ ਵਿਚ ਜ਼ਮੀਨ ਅਲਾਟ ਕਰਨ ਲਈ ਸਿੰਗਲ ਵਿੰਡੋ ਕਲੀਅਰੈਂਸ ਕਮੇਟੀ ਵਿਚ ਮੁਕਾਮੀ ਨੁਮਾਇੰਦਗੀ ਵੱਲ ਕੋਈ ਖ਼ਾਸ ਤਵੱਜੋ ਨਹੀਂ ਦਿੱਤੀ ਗਈ। ਜਿ਼ਲ੍ਹਾ, ਵਿਭਾਗੀ ਅਤੇ ਸੂਬਾਈ ਪੱਧਰ ’ਤੇ ਕਾਇਮ ਕੀਤੀਆਂ ਜਾਣ ਵਾਲੀਆਂ ਸਿੰਗਲ ਵਿੰਡੋ ਕਲੀਅਰੈਂਸ ਕਮੇਟੀਆਂ ਮੁਕਾਮੀ ਲੋਕਾਂ ਅੰਦਰ ਇਹ ਭਰੋਸਾ ਪੈਦਾ ਨਹੀਂ ਕਰ ਸਕੀਆਂ ਕਿ ਉਨ੍ਹਾਂ ਦੇ ਸਰੋਕਾਰਾਂ ਨੂੰ ਮੁਖ਼ਾਤਬ ਹੋਇਆ ਜਾਵੇਗਾ। ਜ਼ਾਹਿਰ ਹੈ ਕਿ ਵਾਂਗਚੁਕ ਨੇ ਰੁਮਾਨੀ ਰੌਂਅ ਵਿਚ ਆ ਕੇ ਮੁੰਬਈ ਅਤੇ ਦਿੱਲੀ ਦੇ ਲੋਕਾਂ ਨੂੰ ਸਾਦਗੀ ਨਾਲ ਰਹਿਣ ਅਤੇ ਕੁਦਰਤ ਦਾ ਸ਼ੋਸ਼ਣ ਨਾ ਕਰਨ ਦੀ ਅਪੀਲ ਕੀਤੀ ਸੀ।
ਹੌਲੀਵੁਡ ਫਿਲਮ ‘ਵਾਲ ਸਟਰੀਟ’ ਵਿਚ ਜੋ ਗੌਰਡਨ ਗੈਕੋ (ਮਾਈਕਲ ਡਗਲਸ) ਕਹਿੰਦਾ ਹੈ ਕਿ ‘ਗ੍ਰੀਡ ਇਜ਼ ਗੁੱਡ’ (ਲਾਲਚ ਚੰਗੀ ਚੀਜ਼ ਹੈ), ਇਹੀ ਹੁਣ ਵਿਕਾਸ ਦਾ ਮੂਲ ਮੰਤਰ ਬਣ ਗਿਆ ਹੈ। ਉਂਝ, ਵਾਂਗਚੁਕ ਚਾਹੁੰਦੇ ਹਨ ਕਿ ਅਸੀਂ ਇਸ ਮੰਤਰ ’ਤੇ ਮੁੜ ਵਿਚਾਰ ਕਰ ਕੇ ਆਪਣੇ ਗਲੇਸ਼ੀਅਰਾਂ, ਵਾਦੀਆਂ, ਪਹਾੜੀਆਂ, ਚਰਾਗਾਹਾਂ ਅਤੇ ਪਰਵਾਸੀ ਕਾਮਿਆਂ ਤੇ ਉਨ੍ਹਾਂ ਦੇ ਨਵੇਂ ਮਾਲਕਾਂ ਦੀ ਨਿਵੇਸ਼ ਮੁਖੀ ਜੀਵਨ ਸ਼ੈਲੀ ਵੱਲ ਝਾਤੀ ਮਾਰੀਏ। ਸੰਖੇਪ ਵਿਚ, ਕੀ ਭਾਰਤ ਸਰਹੱਦ ’ਤੇ ਪਿੰਡ ਬਣਾ ਕੇ ਬੁਨਿਆਦੀ ਢਾਂਚਾ ਉਸਾਰਨ ਦੇ ਚੀਨ ਦੇ ਮਾਡਲ ਦੀ ਨਕਲ ਮਾਰ ਸਕਦਾ ਹੈ?
ਭਾਰਤ ਦੀ ਖੇਤਰੀ ਅਖੰਡਤਾ ਅਤੇ ਚੀਨ ਨਾਲ ਲਗਦੀ ਸਰਹੱਦ ਦੀ ਸੁਰੱਖਿਆ ’ਤੇ ਕੋਈ ਸੌਦਾ ਨਹੀਂ ਕੀਤਾ ਜਾ ਸਕਦਾ ਪਰ ਇਸੇ ਤਰ੍ਹਾਂ ਮੁਕਾਮੀ ਲੋਕਾਂ ਦੇ ਜਜ਼ਬਾਤ ਮੁਤਾਬਕ ਜਮਹੂਰੀ ਪ੍ਰਕਿਰਿਆ ਦਾ ਸਤਿਕਾਰ ਵੀ ਓਨਾ ਹੀ ਅਹਿਮ ਹੈ। ਬਿਨਾਂ ਸ਼ੱਕ, ਭਾਰਤ ਲੱਦਾਖੀਆਂ ਨਾਲ ਉਹ ਵਿਹਾਰ ਨਹੀਂ ਕਰੇਗਾ ਜਿਵੇਂ ਚੀਨ ਨੇ ਤਿੱਬਤੀਆਂ ਨਾਲ ਕੀਤਾ ਸੀ ਪਰ ਇਹ ਭਰੋਸਾ ਕੇਂਦਰ ਸਰਕਾਰ ਦੇ ਉਚਤਮ ਪੱਧਰ ਤੋਂ ਦਿੱਤਾ ਜਾਣਾ ਚਾਹੀਦਾ ਹੈ ਨਾ ਕਿ ਇਸ ਲਈ ਵਾਂਗਚੁਕ ਨੂੰ ਸੰਘਰਸ਼ ਦਾ ਇਕ ਹੋਰ ਦੌਰ ਸ਼ੁਰੂ ਕਰਨ ਦੀ ਲੋੜ ਪਵੇ ਜਿਸ ਨਾਲ ਲੋਕ ਹੋਰ ਜਿ਼ਆਦਾ ਸ਼ੰਕਾਗ੍ਰਸਤ ਤੇ ਬੇਚੈਨ ਹੋ ਜਾਣਗੇ। ਮੁਕਾਮੀ ਆਬਾਦੀ ਬਾਹਰਲਿਆਂ, ਇੱਥੋਂ ਤਕ ਕਿ ਲਾਪ੍ਰਵਾਹ ਸੈਲਾਨੀਆਂ ਪ੍ਰਤੀ ਵੀ ਬਹੁਤ ਸੰਵੇਦਨਸ਼ੀਲ ਹਨ। ਦਰਅਸਲ, ਇੱਥੇ ਦੇਸ਼ ਦੇ ਦੱਖਣੀ ਖਿੱਤੇ ਨਾਲ ਸਬੰਧਿਤ ਕਹਾਣੀ ਦੱਸਣੀ ਕੁਥਾਂ ਨਹੀਂ ਹੋਵੇਗੀ। ਕੰਨਿਆਕੁਮਾਰੀ ਵਾਸੀ ਤਾਮਿਲ ਮਲਿਆਲਮ ਲੇਖਕ ਜਯਾਮੋਹਨ ਨੇ ਹਾਲ ਹੀ ਵਿਚ ਆਪਣੀ ਬਲੌਗ ਪੋਸਟ ਵਿਚ ਕੇਰਲਾ ਦੇ ਲੋਕਾਂ ਨੂੰ ਖਰਾਬ ਸੈਲਾਨੀ ਕਰਾਰ ਦਿੱਤਾ ਹੈ ਜੋ ਮੁਕਾਮੀ ਚੌਗਿਰਦੇ ਅਤੇ ਭਾਵਨਾਵਾਂ ਦੀ ਕਦਰ ਨਹੀਂ ਕਰਦੇ। ਜੇ ਕੋਈ ਦੁਭਾਸ਼ੀ ਲੇਖਕ ਆਪਣੇ ਅੱਧੇ ਹਿੱਸੇ ਨਾਲ ਜੁੜੇ ਸੈਲਾਨੀਆਂ ਨੂੰ ਲਤਾੜ ਲਾਉਂਦਾ ਹੈ ਤਾਂ ਇਹ ਇਸ ਕਰ ਕੇ ਹੈ ਕਿ ਅਸੀਂ ਬਹੁਤ ਖਰਾਬ ਸੈਲਾਨੀਆਂ ਦਾ ਮੁਲਕ ਹਾਂ।
ਦੇਸ਼ ਵਿਚ ਕੋਈ ਵੀ ਜਗ੍ਹਾ ਅਜਿਹੀ ਨਹੀਂ ਜਿੱਥੇ ਕਿਸੇ ਇਕ ਜਾਂ ਦੂਜੇ ਭਾਈਚਾਰੇ ਮੁਤੱਲਕ ਇਹ ਸ਼ਿਕਾਇਤ ਸੁਣਨ ਨੂੰ ਨਾ ਮਿਲਦੀ ਹੋਵੇ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਯਾਦ ਹੈ, ਕਿਵੇਂ ਰੋਹਤਾਂਗ ਦੱਰੇ ਵੱਲ ਜਾਂਦਿਆਂ ਬੂਮ ਬੌਕਸ ਅਤੇ ਸ਼ੋਰ ਸ਼ਰਾਬਾ ਸੁਣਨ ਨੂੰ ਮਿਲਦਾ ਹੈ। ਜੇ ਲੱਦਾਖੀ ਬਾਹਰਲੇ ਲੋਕਾਂ ਦੀਆਂ ਧਾੜਾਂ ਪ੍ਰਤੀ ਸ਼ੰਕਾਗ੍ਰਸਤ ਹੋ ਰਹੇ ਹਨ ਤਾਂ ਕਾਰਨ ਇਹ ਹੈ ਕਿ ਘਰੋਗੀ ਸੈਲਾਨੀ ਨਿਮਰਤਾ ਨਾਲ ਨਹੀਂ ਜਾਂਦੇ। ਪਸ਼ਮੀਨਾ ਬੱਕਰੀਆਂ ਦੀਆਂ ਚਰਾਂਦਾਂ ਦੀ ਰਾਖੀ ਲਈ ਚਾਂਗਥਾਂਗ ਤੱਕ ਵਾਂਗਚੁਕ ਦੇ ਪ੍ਰਸਤਾਵਿਤ ਮਾਰਚ ਨੂੰ ਇਸ ਪ੍ਰਸੰਗ ਵਿਚ ਸਮਝਿਆ ਜਾਣਾ ਚਾਹੀਦਾ ਹੈ ਕਿ ਮੁਕਾਮੀ ਲੋਕਾਂ ਦੀ ਰੋਜ਼ੀ ਰੋਟੀ ਅਤੇ ਜੀਵਨ ਸ਼ੈਲੀ ਭਾਰੀ ਨਿਵੇਸ਼ ਕਰ ਕੇ ਤਬਾਹ ਹੋ ਰਹੀ ਹੈ ਜਿਸ ਬਾਰੇ ਪਤਾ ਨਹੀਂ ਕਿ ਉਨ੍ਹਾਂ ਨੂੰ ਕੋਈ ਲਾਭ ਮਿਲ ਸਕੇਗਾ ਜਾਂ ਨਹੀਂ। ਵਾਂਗਚੁਕ ਨਾਇਕ ਹੈ ਪਰ ਇਸ ਕਰ ਕੇ ਨਹੀਂ ਕਿ ਉਸ ਦੇ ਜੀਵਨ ’ਤੇ ਹਿੰਦੀ ਫਿਲਮ ‘3 ਇਡੀਅਟਸ’ ਬਣੀ ਸੀ। ਕੇਂਦਰ ਸਰਕਾਰ ਨੂੰ ਉਸ ਦੀ ਗੱਲ ਸੁਣਨੀ ਚਾਹੀਦੀ ਹੈ। ਉਸ ਦੇ ਖਦਸ਼ੇ ਨਿਰਮੂਲ ਨਹੀਂ ਜਿਵੇਂ ਉਤਰਾਖੰਡ ਵਿਚ ਵਿਕਾਸ ਦੇ ਵੱਡੇ ਪ੍ਰਾਜੈਕਟ ਚੌਗਿਰਦੇ ਲਈ ਘਾਤਕ ਸਿੱਧ ਹੋ ਰਹੇ ਹਨ। ਇਹ ਵਾਂਗਚੁਕ ਅਤੇ ਉਸ ਦਾ ਭਾਈਚਾਰਾ ਹੈ ਜੋ ਭਾਰਤੀ ਖੇਤਰ ’ਤੇ ਲਗਾਤਾਰ ਪਹਿਰੇਦਾਰੀ ਕਰ ਰਹੇ ਹਨ; ਬਾਕੀ ਸਾਰੇ ਤਾਂ ਬੰਨ੍ਹਵੀਂ ਡਿਊਟੀ ’ਤੇ ਹਨ। ਉਨ੍ਹਾਂ ਨੂੰ ਕਦੇ ਵੀ ਨੀਵਾਂ ਨਹੀਂ ਦਿਖਾਇਆ ਜਾਣਾ ਚਾਹੀਦਾ। ਚੀਨ ਦੇ ਹਮਲਾਵਰ ਰੁਖ਼ ਦਾ ਸਾਹਮਣਾ ਕਰਨ ਅਤੇ ਭਾਰਤ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਉਨ੍ਹਾਂ ਦੇ ਹੱਥ ਮਜ਼ਬੂਤ ਕਰਨ ਦੀ ਲੋੜ ਹੈ।
*ਲੇਖਕ ‘ਦਿ ਟ੍ਰਿਬਿਊਨ’ ਦੇ ਐਡੀਟਰ-ਇਨ-ਚੀਫ ਹਨ।