For the best experience, open
https://m.punjabitribuneonline.com
on your mobile browser.
Advertisement

ਸੁੰਗੜਿਆ ਹੋਇਆ ਆਦਮੀ

11:51 AM Dec 17, 2023 IST
ਸੁੰਗੜਿਆ ਹੋਇਆ ਆਦਮੀ
Advertisement

ਸੁਕੀਰਤ

Advertisement

ਕਥਾ ਪ੍ਰਵਾਹ

ਦੂਜੇ ਦਰਜੇ ਦੇ ਏ ਸੀ ਡੱਬੇ ਵਿਚ ਉਸਨੂੰ ਪਾਸੇ ਦੀ, ਲਾਂਘੇ ਵਾਲੀ ਸੀਟ ਮਿਲੀ ਹੈ। ਉਸਦੇ ਸਾਹਮਣਲੀ ਸੀਟ ਵਾਲਾ ਮੁਸਾਫ਼ਰ ਪਹਿਲੋਂ ਹੀ ਉਤਲੀ ਬਰਥ ਉੱਤੇ ਲੰਮਾ ਪਿਆ ਹੋਇਆ ਹੈ। ਲਾਂਘੇ ਦੇ ਪਰਲੇ ਪਾਸੇ ਦੋ ਨੌਜਵਾਨ ਜੋੜੇ ਬੈਠੇ ਹੋਏ ਹਨ। ਚਾਲੀਆਂ ਨੂੰ ਢੁਕਦੇ, ਪਰ ਉਸਦੀ ਆਪਣੀ ਉਮਰ ਦੇ ਨਜ਼ਰੀਏ ਨਾਲ ਦੇਖੋ ਤਾਂ ਉਨ੍ਹਾਂ ਨੂੰ ਨੌਜਵਾਨ ਹੀ ਕਹੋਗੇ। ਸਫ਼ਰ ਲੰਮਾ ਹੈ, ਉਹ ਵੀ ਦੋ ਸੀਟਾਂ ਦੀਆਂ ਢੋਆਂ ਨੂੰ ਲੰਮੇ ਦਾਅ ਪਾ ਕੇ ਆਪਣੀ ਬਰਥ ਤਿਆਰ ਕਰ ਲੈਂਦਾ ਹੈ, ਇਕ ਪਾਸਿਓਂ ਪਰਦਾ ਅੱਧਾ ਕੁ ਖਿੱਚ ਲੈਂਦਾ ਹੈ ਤੇ ਅਧਲੇਟਿਆ ਹੋ ਪਸਰ ਜਾਂਦਾ ਹੈ।
ਦੋਵੇਂ ਜੋੜੇ ਲਗਾਤਾਰ ਗੱਲੀਂ ਰੁੱਝੇ ਹੋਏ ਹਨ, ਨਾ ਚਾਹੁੰਦਿਆਂ ਵੀ ਉਨ੍ਹਾਂ ਦੀਆਂ ਗੱਲਾਂ ਉਸਦੇ ਕੰਨੀਂ ਪੈ ਰਹੀਆਂ ਹਨ।
“ਸਾਡਾ ਰਾਹੁਲ ਬਾਹਰ ਸੈਟਲ ਹੋਣਾ ਚਾਹੁੰਦਾ ਹੈ, ਪਰ ਇਹ ਮੰਨਦੇ ਨਹੀਂ। ਕਹਿੰਦੇ ਨੇ ਇਕੋ ਇਕ ਤੇ ਮੁੰਡਾ ਏ, ਜੇ ਉਹ ਵੀ ਬਾਹਰ ਚਲਾ ਗਿਆ ਤਾਂ ਅੱਗੋਂ ਬਿਜ਼ਨਸ ਕੌਣ ਸੰਭਾਲੇਗਾ। ਗੱਲ ਇਨ੍ਹਾਂ ਦੀ ਵੀ ਠੀਕ ਏ, ਪਰ ਅੱਜਕੱਲ੍ਹ ਦੇ ਬੱਚੇ ਕਿਸੇ ਦੀ ਸੁਣਦੇ ਥੋੜੀ ਨੇ, ਆਪਣੀ ਮਨਮਰਜ਼ੀ ਕਰਦੇ ਨੇ।’’
“ਬਿਜ਼ਨਸ ਕਾਹਦਾ ਏ ਤੁਹਾਡਾ ਭਾਈ ਸਾਹਬ?” ਪੁੱਛਣ ਵਾਲਾ ਸ਼ਾਇਦ ਦੂਜੀ ਔਰਤ ਦਾ ਪਤੀ ਹੈ।
“ਕਾਪਰ ਵਾਇਰਜ਼ ਦਾ, ਤਾਂਬੇ ਦੀਆਂ ਤਾਰਾਂ ਜਿਹੜੀਆਂ ਮਸ਼ੀਨਾਂ ਤੇ ਪੱਖਿਆਂ ਵਗੈਰਾ ਵਿਚ ਪੈਂਦੀਆਂ ਨੇ।’’
“ਇਹ ਤਾਂ ਵਧੀਆ ਬਿਜ਼ਨਸ ਹੈ, ਕਾਫ਼ੀ ਕਮਾਈ ਵਾਲਾ।’’
ਕਮਾਈ ਕਰਨ ਵਾਲਾ ਤੇ ਹੁੰਗਾਰਾ ਨਹੀਂ ਭਰਦਾ ਪਰ ਉਸਦੀ ਔਰਤ ਝੱਟ ਬੋਲ ਪੈਂਦੀ ਹੈ, “ਏਸੇ ਲਈ ਤਾਂ ਰਾਹੁਲ ਨੂੰ ਬਾਹਰ ਭੇਜ ਕੇ ਰਾਜ਼ੀ ਨਹੀਂ, ਕਿਸੇ ਗੱਲ ਦਾ ਘਾਟਾ ਨਹੀਂ ਸਾਨੂੰ ਏਥੇ, ਕਰੋੜਾਂ ਦੀ ਜਾਇਦਾਦ ਹੈ, ਨੌਕਰ, ਡਰਾਈਵਰ, ਸਾਰੀਆਂ ਸਹੂਲਤਾਂ ਮੌਜੂਦ ਹਨ, ਰਾਮ ਜੀ ਦੀ ਕ੍ਰਿਪਾ ਨਾਲ।’’ ਔਰਤ ਕੁਝ ਸ਼ੇਖ਼ੀਖ਼ੋਰ ਸੁਭਾਅ ਦੀ ਜਾਪਦੀ ਹੈ।
“ਬਿਲਕੁਲ ਸਹੀ ਕਹਿ ਰਹੇ ਹੋ, ਪਰ ਅੱਜਕੱਲ੍ਹ ਸਾਰੇ ਬੱਚਿਆਂ ਦੇ ਸਿਰ ’ਤੇ ਬਾਹਰ ਸੈਟਲ ਹੋਣ ਦਾ ਭੂਤ ਸਵਾਰ ਹੈ। ਸਾਡੇ ਬੇਟੇ ਨੇ ਅਜੇ ਨੌਵੀਂ ਵਿਚ ਦਾਖਲਾ ਲਿਆ ਹੀ ਹੈ, ਪਰ ਧਿਆਨ ਸਾਰਾ ਕਨੇਡਾ ਜਾਣ ਵੱਲ ਹੈ’’, ਦੂਜੀ ਔਰਤ ਦੱਸ ਰਹੀ ਹੈ।
“ਬੱਚੇ ਕਿੰਨੇ ਨੇ ਤੁਹਾਡੇ?’’ ਪਹਿਲੀ ਵਾਲੀ ਦੀ ਆਵਾਜ਼ ਮੁੜ ਕੰਨੀਂ ਪਈ।
“ਦੋ। ਵੱਡਾ ਵਿਨੀਤ ਏ, 14 ਸਾਲਾਂ ਦਾ, ਤੇ ਉਸ ਤੋਂ ਸਾਲ ਛੋਟੀ ਪ੍ਰੇਰਨਾ। ਦੋਵੇਂ ਕਾਰਮੈਲ ਕੌਨਵੈਂਟ ਪੜ੍ਹਦੇ ਨੇ, ਤੇ ਅੱਜਕੱਲ੍ਹ ਸਕੂਲ ਟ੍ਰਿਪ ’ਤੇ ਗਏ ਹੋਏ ਨੇ। ਤੇ ਤੁਹਾਡੇ?’’
“ਸਾਡੇ ਵੀ ਦੋ ਈ ਨੇ, ਬੇਟੀ ਵੱਡੀ ਏ ਤੇ ਰਾਹੁਲ ਉਸ ਤੋਂ ਦੋ ਸਾਲ ਛੋਟਾ। ਰਾਮ ਜੀ ਦੀ ਕ੍ਰਿਪਾ ਨਾਲ ਫੈਮਲੀ ਕੰਪਲੀਟ ਏ। ਬਹੁਤੇ ਬੱਚੇ ਕਰਨੇ ਵੀ ਕੀ ਨੇ, ਅਬਾਦੀ ਪਹਿਲੋਂ ਹੀ ਏਨੀ ਵਧੀ ਹੋਈ ਏ, ਇਨ੍ਹਾਂ ਮੁਸਲਮਾਨਾਂ ਕਾਰਨ। ਚਾਰ ਚਾਰ ਬੀਵੀਆਂ ਰੱਖਦੇ ਨੇ ਤੇ ਧੜਾਧੜ ਬੱਚੇ ਪੈਦਾ ਕਰਦੇ ਨੇ।’’
“ਸੱਚ ਕਹਿ ਰਹੇ ਹੋ ਮਿਸਿਜ਼ ਕੱਕੜ, ਇਨ੍ਹਾਂ ਨੇ ਵੀ ਇਕ ਦਿਨ ਸ਼ਾਖਾ ਤੋਂ ਆ ਕੇ ਦੱਸਿਆ ਸੀ ਕਿ ਯੂ ਪੀ, ਬਿਹਾਰ ਵਿਚ ਮੁਸਲਿਆਂ ਦੀ ਗਿਣਤੀ ਕਿੰਨੀ ਵਧ ਗਈ ਏ। ਪਿੰਡਾਂ ਦੇ ਪਿੰਡ ਹਿੰਦੂਆਂ ਦੇ ਖਾਲੀ ਹੋ ਰਹੇ ਨੇ। ਕਹਿੰਦੇ ਨੇ ਇਹੋ ਹਾਲ ਰਿਹਾ ਤਾਂ 2050 ਤਕ ਭਾਰਤ ਵਿਚ ਮੁਸਲਮਾਨਾਂ ਦੀ ਆਬਾਦੀ ਏਨੀ ਵਧ ਜਾਵੇਗੀ ਕਿ ਰਾਜ ਹੀ ਉਨ੍ਹਾਂ ਦਾ ਹੋ ਜਾਵੇਗਾ।’’
ਉਹਦੇ ਅੰਦਰੋਂ ਲੂਹਰੀ ਉਠਦੀ ਹੈ ਕਿ ਉਹ ਵੀ ਏਸ ਸਫ਼ਰੀ ਗੁਫ਼ਤਗੂ ਵਿਚ ਸ਼ਾਮਲ ਹੋ ਜਾਵੇ ਤੇ ਆਖੇ, “ਨਹੀਂ, ਸਾਰੇ ਮੁਸਲਮਾਨ ਇਕੋ ਜਿਹੇ ਨਹੀਂ ਹੁੰਦੇ, ਮੇਰਾ ਤਾਂ ਇਕੋ ਇਕ ਫ਼ਰਜ਼ੰਦ ਹੈ, ਤੁਹਾਡੇ ਵਾਂਗ ਦੋ ਦੋ ਵੀ ਨਹੀਂ। ਤੇ ਚਾਰ ਚਾਰ ਬੀਵੀਆਂ ਵਾਲੇ ਕਿਸੇ ਮੁਸਲਮਾਨ ਨੂੰ ਅੱਜ ਤਕ ਨਹੀਂ ਮਿਲਿਆ, ਭਾਵੇਂ ਖ਼ੁਦ ਮੁਸਲਮਾਨ ਹਾਂ, ਸਾਰੀ ਉਮਰ ਮੁਸਲਮਾਨ ਚੌਗਿਰਦੇ ਵਿਚ ਲੰਘਾਈ ਹੈ।’’ ਪਰ ਉਹ ਸਿਰਫ਼ ਮਨਬਚਨੀ ਕਰ ਰਿਹਾ ਹੈ, ਬੋਲਦਾ ਨਹੀਂ। ਉਂਜ ਵੀ, ਅੱਜਕੱਲ੍ਹ ਏਸ ਦੇਸ ਵਿਚ ਬੋਲਦਾ ਹੀ ਕੌਣ ਹੈ?
“ਅਜੇ ਕੋਈ ਕਸਰ ਸੀ, ਰਾਜ ਤੇ ਇਨ੍ਹਾਂ ਦਾ ਹੀ ਤੁਰਿਆ ਆ ਰਿਹਾ ਸੀ। ਵੋਟਾਂ ਦੀ ਖਾਤਰ ਪਿਛਲੀਆਂ ਸਰਕਾਰਾਂ ਨੇ ਕਿੰਨਾ ਤੁਸ਼ਟੀਕਰਣ ਕੀਤਾ ਇਨ੍ਹਾਂ ਦਾ। ਇਹ ਤਾਂ ਹੁਣ ਮੋਦੀ ਜੀ ਦੀ ਸਰਕਾਰ ਆਈ ਏ ਤੇ ਇਨ੍ਹਾਂ ਨੂੰ ਜ਼ਰਾ ਆਪਣੀ ਔਕਾਤ ਵਿਚ ਰਹਿਣ ਦੀ ਆਦਤ ਪੈਣੀ ਸ਼ੁਰੂ ਹੋਈ ਏ...’’
ਉਸਨੂੰ ਹੈਰਾਨੀ ਹੁੰਦੀ ਹੈ ਕਿ ਇਹ ਗੱਲਾਂ ਉਹ ਪੰਜਾਬ ਵਿਚ ਬੈਠਾ ਸੁਣ ਰਿਹਾ ਹੈ! ਏਨੇ ਸਾਲਾਂ ਤੋਂ ਉਹ ਪੰਜਾਬ ਵਿਚ ਏਸੇ ਲਈ ਤਾਂ ਟਿਕਿਆ ਹੋਇਆ ਸੀ ਕਿ ਏਥੇ ਆਪਣੇ ਆਪ ਨੂੰ ਮਹਿਫੂਜ਼ ਸਮਝਦਾ ਸੀ। ਹੁਣ ਵੀ ਤਾਂ ਉਹ ਦਿੱਲੀ, ਬੈਂਕ ਦੇ ਹੈੱਡ ਆਫਿਸ, ਇਸੇ ਲਈ ਤਾਂ ਜਾ ਰਿਹਾ ਸੀ ਕਿ ਕਿਸੇ ਤਰ੍ਹਾਂ ਬੁਲੰਦਸ਼ਹਿਰ ਹੋਈ ਆਪਣੀ ਬਦਲੀ ਨੂੰ ਰੁਕਵਾ ਲਵੇ। ਯੂ ਪੀ ਮੁੜਨ ਉੱਤੇ ਉੱਕਾ ਦਿਲ ਨਹੀਂ ਸੀ ਕਰਦਾ, ਸਗੋਂ ਓਥੇ ਜਾਣ ਤੋਂ ਖ਼ੌਫ਼ ਖਾਂਦਾ ਸੀ। ਜਲੰਧਰ ਬ੍ਰਾਂਚ ਤੋਂ ਚੁੱਕ ਕੇ ਭਾਵੇਂ ਉਸਨੂੰ ਕਿਸੇ ਨਿੱਕੇ ਜਿਹੇ ਕਸਬੇ ਵਿਚ ਭੇਜ ਦੇਵਣ, ਪਰ ਤਬਾਦਲਾ ਯੂ ਪੀ ਦਾ ਨਾ ਕਰਨ। ਪਰ ਇਨ੍ਹਾਂ ਮੁਸਾਫ਼ਰਾਂ ਦੀਆਂ ਗੱਲਾਂ ਤੋਂ ਤਾਂ ਜਾਪਦਾ ਸੀ ਕਿ ਯੂ ਪੀ ਵਾਲਾ ਜ਼ਹਿਰ ਪੰਜਾਬ ਦੀ ਹਵਾ ’ਤੇ ਵੀ ਅਸਰ ਕਰਨ ਲੱਗ ਪਿਆ ਸੀ। ਸ਼ਾਇਦ ਇਹ ਹਵਾ ਸਾਰੇ ਮੁਲਕ ਵਿਚ ਹੀ ਵਗਣ ਲੱਗ ਪਈ ਸੀ। ਕਿਹੋ ਜਿਹਾ ਜ਼ਹਿਰ ਸੀ, ਜਿਹੜਾ ਹਰ ਕਿਸੇ ਨੂੰ ਚੜ੍ਹਨ ਲੱਗ ਪਿਆ ਸੀ। ਕਿਤੇ ਤਾਂ, ਅੰਦਰੋ ਅੰਦਰ, ਉਹ ਵੀ ਏਸ ਗੱਲ ਨੂੰ ਮਹਿਸੂਸਦਾ ਹੀ ਹੋਵੇਗਾ ਕਿਉਂਕਿ ਹੁਣ ਇਹਤਿਆਤਨ ਪੰਜਾਬ ਤੋਂ ਦਿੱਲੀ ਤਕ ਦੀ ਟਿਕਟ ਬੁਕ ਕਰਾਉਂਦਿਆਂ ਵੀ ਉਹ ਐਮ.ਐੱਸ. ਗਾਂਧੀ ਲਿਖਦਾ ਹੈ, ਆਪਣਾ ਪੂਰਾ ਨਾਂਅ ਮੋਹਸਿਨ ਅਸਗ਼ਰ ਗਾਂਧੀ ਨਹੀਂ ਤਾਂ ਜੋ ਹਰ ਜਣੇ ਖਣੇ ਨੂੰ ਪਤਾ ਨਾ ਲੱਗੇ ਕਿ ਉਹ ਮੁਸਲਮਾਨ ਹੈ। ਗੁਜਰਾਤੀਆਂ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਘੱਟ ਹੀ ਪਤਾ ਹੁੰਦਾ ਹੈ ਕਿ ਗਾਂਧੀ ਨਾਂਅ ਵਾਲੇ ਮੁਸਲਮਾਨ ਵੀ ਹੁੰਦੇ ਹਨ ਤੇ ਪਾਰਸੀ ਵੀ। ਬਾਪੂ ਦਾ ਨਾਂਅ ਹੀ ਏਨਾ ਵੱਡਾ ਸੀ ਕਿ ਬਹੁਤੇ ਲੋਕ ਗਾਂਧੀ ਸੁਣਕੇ ਉਸ ਨੂੰ ਆਪੇ ਹੀ ਹਿੰਦੂ ਕਿਆਸ ਲੈਂਦੇ ਸਨ।
ਕਿਹੋ ਜਿਹੇ ਸਮੇਂ ਆ ਗਏ ਹਨ ਕਿ ਆਪਣੀ ਮਜ਼ਹਬੀ ਪਛਾਣ ਨੂੰ ਲੁਕੋ ਕੇ ਰੱਖਣ ਵਿਚ ਹੀ ਸਮਝਦਾਰੀ ਹੈ!
ਹਾਲਾਂਕਿ ਮਜ਼ਹਬੀ ਵਿਚਾਰਾਂ ਵਾਲਾ ਉਹ ਕਦੇ ਵੀ ਨਹੀਂ ਸੀ ਸਗੋਂ ਉਸਦੇ ਘਰ ਵਾਲੇ, ਉਸਦੇ ਰਿਸ਼ਤੇਦਾਰ ਉਸਨੂੰ ਬੇਦੀਨਾ ਕਰ ਕੇ ਛੁਟਿਆਉਂਦੇ ਸਨ, ਉਸ ਨਾਲ ਨਾਰਾਜ਼ ਰਹਿੰਦੇ ਸਨ।
ਉਹ ਦਾਊਦੀ ਬੋਹਰੀ ਮੁਸਲਮਾਨ ਹੈ, ਆਪਣੇ ਇਸ ਫਿਰਕੇ, ਸ਼ੀਆ ਮੁਸਲਮਾਨਾਂ ਦੇ ਇਕ ਛੋਟੇ ਜਿਹੇ ਹਿੱਸੇ, ਦੀਆਂ ਬੰਦਿਸ਼ਾਂ ਉਹ ਕਦੇ ਨਹੀਂ ਸੀ ਕਬੂਲ ਸਕਿਆ। ਘਰ ਦਿਆਂ ਦੀ ਢੇਰ ਨਾਰਾਜ਼ਗੀ, ਤੇ ਮਿੰਨਤਾਂ-ਮਲਾਮਤਾਂ ਦੇ ਬਾਵਜੂਦ ਕਾਲਜ ਪਹੁੰਚਣ ਤੋਂ ਬਾਅਦ ਉਸ ਨੇ ਜਮਾਤ ਜਾਣਾ ਉੱਕਾ ਹੀ ਛੱਡ ਦਿੱਤਾ ਸੀ। ਤੇ ਫੇਰ, ਉਸਦੀ ਆਸ਼ਕੀ ਆਇਸ਼ਾ ਨਾਲ ਹੋ ਗਈ ਜਿਹੜੀ ਲਖਨਊ ਦੇ ਸੁੰਨੀ ਕਿਦਵਾਈਆਂ ਦੇ ਖਾਨਦਾਨ ਵਿੱਚੋਂ ਸੀ। ਨਾ ਉਹ ਬੋਹਰੀ ਫਿਰਕੇ ਵਿਚੋਂ ਸੀ, ਨਾ ਹੀ ਕਿਸੇ ਹੋਰ ਸ਼ੀਆ ਸੰਪਰਦਾਇ ਦੀ, ਤੇ ਨਾ ਹੀ ਗੁਜਰਾਤੀ। ਉੱਤੋਂ ਸਿਤਮ ਇਹ ਕਿ ਨਾਂਅ ਵੀ ਆਇਸ਼ਾ। ਹਜ਼ਰਤ ਮੁਹੰਮਦ ਸਾਹਬ ਦੀ ਉਸ ਬੀਵੀ ਦਾ ਨਾਂਅ ਜਿਸਨੂੰ ਦੁਨੀਆ ਭਰ ਦੇ ਸ਼ੀਆ ਖੁਦਗ਼ਰਜ਼ ਕਰਕੇ ਜਾਣਦੇ ਹਨ, ਇਮਾਮ ਅਲੀ ਦੇ ਖਿਲਾਫ਼ ਜੰਗ ਲੜਨ ਵਾਲੀ ਮੰਨਦੇ ਹਨ, ਤੇ ਸਮਝਦੇ ਹਨ ਕਿ ਇਸਲਾਮ ਵਿਚ ਸਦੀਆਂ ਤੋਂ ਤੁਰੀ ਆ ਰਹੀ ਸ਼ੀਆ-ਸੁੰਨੀ ਦਰਾੜ ਦਾ ਬਾਇਸ ਵੀ ਉਹੋ ਸੀ। ਸੁੰਨੀ ਮੁਸਲਮਾਨ ਉਸਨੂੰ ਮਾਂ ਦਾ ਦਰਜਾ ਭਾਵੇਂ ਦੇਂਦੇ ਹੋਣ, ਕੋਈ ਵੀ ਸ਼ੀਆ ਪਰਿਵਾਰ ਆਪਣੀ ਬੇਟੀ ਦਾ ਨਾਂਅ ਆਇਸ਼ਾ ਨਹੀਂ ਰੱਖਦਾ।
ਅੰਮਾ ਨੇ ਘਰ ਵਿਚ ਜਿਹਾਦ ਛੇੜ ਲਿਆ, ਉਨ੍ਹਾਂ ਦੇ ਪਰਿਵਾਰ ਉੱਤੇ ਬੋਹਰੀਆਂ ਦੇ ਪ੍ਰਮੁਖ ਸਈਦਨਾ ਸਾਹਬ ਦਾ ਮਿਹਰ ਭਰਿਆ ਹੱਥ ਹਮੇਸ਼ਾ ਰਿਹਾ ਸੀ। ਪਿਛਲੇ 50 ਸਾਲਾਂ ਤੋਂ ਖਾਨਦਾਨ ਦਾ ਹਰ ਵਿਆਹ ਉਨ੍ਹਾਂ ਦੀ ਅਸੀਸ ਨਾਲ ਹੋਇਆ ਸੀ ਸਗੋਂ ਕਈ ਰਿਸ਼ਤਿਆਂ ਦੇ ਤਾਂ ਸੁਝਾਅ ਵੀ ‘ਆਕਾ ਮੌਲਾ’ ਵੱਲੋਂ ਹੀ ਆਏ ਸਨ। ਬੰਬਈ ਦੇ ਛੋਟੇ ਜਿਹੇ ਬੋਹਰੀ ਭਾਈਚਾਰੇ ਵਿਚ ਜਿੱਥੇ ਹਰ ਕਿਸੇ ਨੂੰ ਦੂਜੇ ਦੀ ਖ਼ਬਰ ਰਹਿੰਦੀ ਸੀ ਸਗੋਂ ਹਰ ਕੋਈ ਦੂਜੇ ਦੀ ਖ਼ਬਰ ਰੱਖਣਾ ਆਪਣੀ ਅਖ਼ਲਾਕੀ ਜ਼ਿੰਮੇਵਾਰੀ ਸਮਝਦਾ ਸੀ, ਇਹ ਗੱਲ ਪਹਿਲੋਂ ਹੀ ਫੈਲ ਚੁੱਕੀ ਸੀ ਕਿ ਗ੍ਰਾਂਟ ਰੋਡ ਵਾਲੇ ਗਾਂਧੀਆਂ ਦਾ ਮੰਝਲਾ ਮੁੰਡਾ ਜਮਾਤ ਵਿਚ ਸ਼ਾਮਲ ਹੋਣ ਦਾ ਫ਼ਰਜ਼ ਅਦਾ ਕਰਨੋਂ ਇਨਕਾਰੀ ਹੈ। ਲੋਕੀ ਅੰਮਾ ਨੂੰ ਗੁੱਝੇ ਇਸ਼ਾਰਿਆਂ ਨਾਲ ਸਵਾਲ ਕਰਦੇ ਸਨ, ਅੰਮਾ ਬੇਯਕੀਨੇ ਜਿਹੇ ਬਹਾਨੇ ਘੜਦੀ ਸੀ। ਤੇ ਹੁਣ ਅਸਗ਼ਰ ਇਕ ਸੁੰਨੀ ਕੁੜੀ ਨਾਲ ਵਿਆਹ ’ਤੇ ਤੁਲਿਆ ਹੋਇਆ ਸੀ, ਤੇ ਉੱਤੋਂ ਉਸ ਦਾ ਨਾਂਅ ਵੀ ਆਇਸ਼ਾ ਤਾਂ ਜੋ ਹਰ ਰਾਹ ਜਾਂਦੇ ਨੂੰ ਵੀ ਪਤਾ ਲੱਗੇ ਕਿ ਬੋਹਰੀਆਂ ਨੇ ਸੁੰਨੀ ਬਹੂ ਘਰ ਲੈ ਆਂਦੀ ਹੈ। ਜਮਾਤ ਵਿਚ ਸੌ ਸੌ ਗੱਲਾਂ ਹੋਣਗੀਆਂ, ਲੋਕਾਂ ਦੀ ਤੇ ਛੱਡੋ ਉਹ ‘ਆਕਾ ਮੌਲਾ’ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ।
ਅਸਗ਼ਰ ਵੀ ਆਪਣੀ ਅੜੀ ’ਤੇ ਕਾਇਮ ਸੀ, ਵਿਆਹ ਹੋਵੇਗਾ ਤਾਂ ਆਇਸ਼ਾ ਨਾਲ ਹੀ ਹੋਵੇਗਾ, ਨਹੀਂ ਤਾਂ ਸਾਰੀ ਉਮਰ ਕੁਆਰਾ ਬੈਠਾ ਰਹੇਗਾ। ਹਾਰ ਕੇ ਅੰਮਾ ਨੇ ਸ਼ਰਤ ਰੱਖੀ ਕਿ ਆਇਸ਼ਾ ਸ਼ੀਅਤ ਕਬੂਲ ਕਰ ਲਵੇ ਤੇ ਆਪਣਾ ਕੋਈ ਵਾਜਬ ਜਿਹਾ ਨਾਂਅ ਚੁਣ ਲਵੇ ਤਾਂ ਜੋ ਹਰ ਜਣੇ ਖਣੇ ਨੂੰ ਮੀਨ ਮੇਖ਼ ਕੱਢੀ ਜਾਣ ਦਾ ਮੌਕਾ ਹੀ ਨਾ ਮਿਲੇ। ਪਰ ਐਤਕਾਂ ਆਇਸ਼ਾ ਅੜ ਗਈ, ਨਾ ਤਾਂ ਉਹ ਸੁੰਨੀ ਰਵਾਇਤਾਂ ਤਜਣ ਲਈ ਤਿਆਰ ਸੀ, ਨਾ ਹੀ ਨਾਂਅ ਬਦਲਣ ਲਈ। ਭਾਵੇਂ ਅਸਗ਼ਰ ਵਾਂਗ ਉਹ ਵੀ ਕੋਈ ਕੱਟੜ ਨਹੀਂ ਸੀ, ਪਰ ਸਿਰਫ਼ ਉਸਦੇ ਘਰਦਿਆਂ ਦੀ ਤਸੱਲੀ ਲਈ ਉਹ ਸ਼ੀਆ ਹੋਣ ਲਈ ਤਿਆਰ ਨਹੀਂ ਸੀ। ਜੋ ਅਹਿਸਾਸ ਉਸਦੇ ਅੰਦਰੋਂ ਨਹੀਂ ਉਠਦੇ, ਉਨ੍ਹਾਂ ਦਾ ਦਿਖਾਵਾ ਕਰਨ ਦਾ ਕੋਈ ਮਤਲਬ ਨਹੀਂ ਸੀ।
“ਆਇਸ਼ਾ, ਤੇਰਾ ਸ਼ੀਅਤ ਕਬੂਲ ਨਾ ਕਰਨਾ ਮੈਨੂੰ ਬਿਲਕੁਲ ਸਮਝ ਆਂਦਾ ਹੈ, ਇਹ ਅੰਮਾ ਦਾ ਬੇਵਜਹ ਤੇ ਦਕਿਆਨੂਸੀ ਇਸਰਾਰ ਹੈ, ਪਰ ਜੇ ਤੂੰ ਉਨ੍ਹਾਂ ਦਾ ਦਿਲ ਰੱਖਣ ਲਈ ਨਾਂਅ ਬਦਲ ਲਵੇਂ...” ਅਸਗ਼ਰ ਨੇ ਝਕਦਿਆਂ ਜਿਹੇ ਤਜਵੀਜ਼ ਰੱਖੀ।
“ਨਹੀਂ, ਅਸਗ਼ਰ, ਮੈਂ ਅਸੂਲਨ ਨਾਂਅ ਨਹੀਂ ਬਦਲ ਸਕਦੀ। ਅੱਜ ਮੈਂ ਇਹ ਨਿੱਕਾ ਸਮਝੌਤਾ ਕਰ ਲਿਆ ਤਾਂ ਕੱਲ੍ਹ ਨੂੰ ਕਿਤੇ ਵੱਡੇ ਸਮਝੌਤੇ ਕਰਨੇ ਪੈਣਗੇ... ਤੂੰ ਸਮਝਦਾ ਹੀ ਹੈਂ।’’ ਅਸਗ਼ਰ ਸਮਝਦਾ ਵੀ ਸੀ ਤੇ ਆਮ ਕੁੜੀਆਂ ਤੋਂ ਉਲਟ ਆਇਸ਼ਾ ਦੀ ਏਸੇ ਖ਼ੁਦਮੁਖ਼ਤਾਰੀ ਅਤੇ ਇਰਾਦਿਆਂ ਦੀ ਪਕਿਆਈ ਨੇ ਹੀ ਤਾਂ ਉਸਨੂੰ ਕੀਲਿਆ ਸੀ। ਉਸ ਨੇ ਗੱਲ ਓਥੇ ਹੀ ਛੱਡ ਦਿੱਤੀ।
ਦੋ ਅੜੀਅਲ ਬੰਦਿਆਂ ਦੀ ਅੜੀ ਅੱਗੇ ਅੰਮਾ ਨੂੰ ਹਾਰ ਮੰਨਣੀ ਪਈ। ਨਿਕਾਹ ਹੋ ਗਿਆ ਤੇ ਬੰਬਈ ਵਰਗੇ ਘਰਾਂ-ਥੁੜੇ ਸ਼ਹਿਰ ਵਿਚ ਆਇਸ਼ਾ ਤੇ ਅਸਗ਼ਰ ਨੂੰ ਉਸ ਦੇ ਮਾਪਿਆਂ ਅਤੇ ਛੋਟੇ ਭਰਾ ਨਾਲ ਅੱਟੇ ਹੋਏ ਘਰ ਵਿਚ ਹੀ ਆ ਕੇ ਰਹਿਣਾ ਪਿਆ। ਇਹ ਆਇਸ਼ਾ ਲਈ ਬੜੇ ਔਖੇ ਸਾਲ ਸਨ, ਸਿਰਫ਼ ਏਸ ਲਈ ਨਹੀਂ ਕਿ ਅੰਮਾ ਨੇ ਆਪੇ ਹੀ ਉਸਨੂੰ ਲੋਕਾਂ ਸਾਹਮਣੇ ਫ਼ਾਤਿਮਾ ਕਹਿ ਕੇ ਸੱਦਣਾ ਸ਼ੁਰੂ ਕਰ ਦਿੱਤਾ ਸਗੋਂ ਏਸ ਲਈ ਕਿ ਇਹੋ ਜਿਹੇ ਹਰ ਹੀਲੇ ਦੇ ਬਾਵਜੂਦ ਬੋਹਰੀ ਸਮਾਜ ਲਈ ਉਹ ਹਮੇਸ਼ਾ ਸੁੰਨੀ ਆਇਸ਼ਾ ਹੀ ਰਹੀ। ਹਫ਼ਤਾਵਾਰੀ ਜਮਾਤ ਵਿਚ ਤਾਂ ਸ਼ਿਰਕਤ ਉਸਨੇ ਕਰਨੀ ਵੀ ਨਹੀਂ ਸੀ, ਜਿੱਥੇ ਜਾਣਾ ਅਸਗ਼ਰ ਨੇ ਵੀ ਵਰ੍ਹਿਆਂ ਤੋਂ ਛੱਡਿਆ ਹੋਇਆ ਸੀ, ਕਿਸੇ ਵਿਆਹ-ਸ਼ਾਦੀ ਜਾਂ ਦਿਨ ਤਿਹਾਰ ’ਤੇ ਵੀ ਉਸਨੂੰ ਹਮੇਸ਼ਾ ਅਹਿਸਾਸ ਕਰਾਇਆ ਜਾਂਦਾ ਕਿ ਉਹ ਬਾਹਰਲੀ ਹੈ। ਇਹ ਅਣਕਹੀਆਂ, ਇਸ਼ਾਰਿਆਂ ਰਾਹੀਂ ਮਾਰੀਆਂ ਚੋਭਾਂ ਕਿਸੇ ਖੁੱਲ੍ਹ ਕੇ ਕੀਤੀ ਤਨਜ਼ ਜਾਂ ਫੂਹੜ ਲਹਿਜੇ ਵਿਚ ਸੁੱਟੀ ਸੁਣੌਤ ਨਾਲੋਂ ਘੱਟ ਤਿੱਖੀਆਂ ਨਹੀਂ ਸਨ ਹੁੰਦੀਆਂ। ਆਇਸ਼ਾ ਹੀ ਨਹੀਂ, ਅਸਗ਼ਰ ਨੂੰ ਵੀ ਸਮਝ ਪੈ ਗਈ ਕਿ ਬੋਹਰੀ ਰਿਸ਼ਤੇਦਾਰਾਂ ਲਈ ਉਹ ਹਮੇਸ਼ਾ ਓਪਰੀ ਹੀ ਰਹੇਗੀ।
ਏਸ ਲਈ ਜਦੋਂ ਅਸਗ਼ਰ ਨੂੰ ਬੈਂਕ ਵਾਲਿਆਂ ਨੇ ਬੀਕਾਨੇਰ ਤਬਦੀਲ ਕੀਤਾ, ਇਸ ਤਬਾਦਲੇ ਨੂੰ ਉਸਨੇ ਬਾਖ਼ੁਸ਼ੀ ਮੰਨ ਲਿਆ। ਉਨ੍ਹਾਂ ਦੇ ਇਸ ਦੋ-ਫ਼ਿਰਕੇ ਜੋੜ ਲਈ ਬੋਹਰੀ ਸਮਾਜ ਦੀ ਹਰ ਪਲ ਦੀ ਜਕੂੜਨ ਤੋਂ ਦੂਰ ਰਹਿਣਾ ਹੀ ਸੁਖਾਵਾਂ ਸੀ। ਬੀਕਾਨੇਰ, ਆਪਣੇ ਮਕਾਨ ਵਿਚ, ਭਾਵੇਂ ਕਿਰਾਏ ਦਾ ਹੀ ਸਹੀ, ਉਹ ਆਪਣੀ ਆਜ਼ਾਦ ਜ਼ਿੰਦਗੀ ਸ਼ੁਰੂ ਕਰ ਸਕਣਗੇ। ਕਿਸੇ ਨੂੰ ਜਵਾਬਦੇਹ ਨਹੀਂ ਹੋਣਗੇ। ਉਂਜ ਵੀ, 1992 ਦੀਆਂ ਘਟਨਾਵਾਂ ਤੋਂ ਬਾਅਦ ਬੰਬਈ ਸ਼ਹਿਰ ਦੀ ਫਿਜ਼ਾ ਵੀ ਬਦਲ ਗਈ ਸੀ, ਸ਼ਹਿਰ ਪਹਿਲਾਂ ਵਾਲਾ ਮੋਕਲ-ਦਿਲਾ ਨਹੀਂ ਸੀ ਰਿਹਾ। ਲੋਕਾਂ, ਤੇ ਦੋਸਤਾਂ ਵਿਚਕਾਰ ਵੀ, ਮਜ਼ਹਬੀ ਵਾੜਾਂ ਉੱਗ ਆਈਆਂ ਸਨ। ਇਹੋ ਜਿਹੀ ਦੂਹਰੀ ਮਾਰ ਹੇਠ ਆਈ ਜੋੜੀ ਨੂੰ ਜਾਪਿਆ ਕਿ ਮੂਲੋਂ ਨਵੀਂ ਥਾਂ ’ਤੇ ਜਾ ਕੇ ਰਹਿਣਾ ਉਨ੍ਹਾਂ ਨੂੰ ਰਾਹਤ ਹੀ ਦੇਵੇਗਾ।
ਉਨ੍ਹਾਂ ਦਾ ਕਿਆਸ ਠੀਕ ਵੀ ਨਿਕਲਿਆ, ਤੇ ਗ਼ਲਤ ਵੀ।
ਠੀਕ ਏਸ ਲਈ ਕਿ ਬੀਕਾਨੇਰ ਵਿਚ ਲੋਕਾਂ ਲਈ ਉਹ ਸਿਰਫ਼ ਨੌਜਵਾਨ ਮੁਸਲਮਾਨ ਜੋੜੀ ਸਨ, ਸ਼ੀਆ ਬੋਹਰੀ ਖਾਵੰਦ ਅਤੇ ਸੁੰਨੀ ਬੀਵੀ ਦਾ ਅਢੁੱਕਵਾਂ ਜੋੜ ਨਹੀਂ। ਕਿਸੇ ਨੂੰ ਏਸ ਗੱਲ ਨਾਲ ਕੋਈ ਸਰੋਕਾਰ ਨਹੀਂ ਸੀ ਕਿ ਇਕ ਜਣਾ ਗੁਜਰਾਤੀ ਹੈ ਤੇ ਦੂਜਾ ਉਤਰ ਪ੍ਰਦੇਸ਼ ਤੋਂ। ਬੀਕਾਨੇਰੀਆਂ ਲਈ ਉਹ ਦੋਵੇਂ ਇਕੋ ਜਿਹੇ ਬਾਹਰਲੇ ਸਨ। ਨਾ ਕੋਈ ਵੱਧ ਪਰਾਇਆ ਸੀ, ਨਾ ਕੋਈ ਘੱਟ ਆਪਣਾ। ਤੇ ਗ਼ਲਤ ਏਸ ਲਈ ਕਿ 1992 ਤੋਂ ਬਾਅਦ ਦੀਆਂ ਘਟਨਾਵਾਂ ਨੇ ਸਿਰਫ਼ ਬੰਬਈ ਹੀ ਨਹੀਂ, ਸਾਰੇ ਦੇਸ ਦੀ ਫਿਜ਼ਾ ਵਿਚ ਵਖਰੇਵੇਂ ਦੀ ਕੁੜੱਤਣ ਘੋਲ ਦਿੱਤੀ ਸੀ। ਭਾਵੇਂ ਬੀਕਾਨੇਰ ਵਿਚ ਕੋਈ ਫ਼ਸਾਦ ਨਹੀਂ ਸਨ ਹੋਏ, ਕੋਈ ਬੰਬ ਨਹੀਂ ਸਨ ਫਟੇ, ਪਰ ਮਾਹੌਲ ਨਿੱਘਾ ਵੀ ਨਹੀਂ ਸੀ। ਉਹ ਲੋਕ ਜਿਹੜੇ ਸਿਰਫ਼ ਗਾਂਧੀ ਸੁਣਕੇ ਦੋਸਤਾਨਾ ਹੱਥ ਵਧਾਉਂਦੇ ਸਨ, ਅਸਗ਼ਰ ਸੁਣਦਿਆਂ ਹੀ ਘੁੱਟੇ-ਵੱਟੇ ਜਾਂਦੇ ਸਨ। ਖੁੱਲ੍ਹ ਕੇ ਆਪਣੀ ਬੇਜ਼ਾਰੀ ਦਾ ਇਜ਼ਹਾਰ ਕੋਈ ਨਹੀਂ ਸੀ ਕਰਦਾ, ਪਰ ਇਕ-ਦੋ ਨੂੰ ਛੱਡ ਕੇ ਨਾ ਕਿਸੇ ਸਹਿਕਰਮੀ, ਤੇ ਨਾ ਹੀ ਕਿਸੇ ਗੁਆਂਢੀ ਨਾਲ ਉਨ੍ਹਾਂ ਦੀ ਰਸਮੀ ਤੋਂ ਵੱਧ ਸਮਾਜਿਕ ਸਾਂਝ ਬਣ ਸਕੀ। ਇਹੋ ਜਿਹੇ ਚੌਗਿਰਦੇ ਵਿਚ ਜ਼ਿੰਦਗੀ ਆਪਣੀ ਤਾਂ ਸੀ, ਪਰ ਜਿਵੇਂ ਸੁੰਗੜ ਕੇ ਰਹਿ ਗਈ ਹੋਵੇ। ਜਦੋਂ ਘਰ ਵਿਚ ਬੇਟਾ ਆਇਆ, ਆਇਸ਼ਾ ਨੇ ਹੀ ਉਸਦਾ ਨਾਂਅ ਕਬੀਰ ਸੁਝਾਇਆ। ਨਾਂਅ, ਜਿਹੜਾ ਮੁਸਲਮਾਨਾਂ-ਹਿੰਦੂਆਂ ਵਿਚ ਸਾਂਝਾ ਹੈ ਤਾਂ ਜੋ ਕਬੀਰ ਗਾਂਧੀ ਨੂੰ ਹਰ ਕੋਈ ਪਹਿਲੀ ਨਜ਼ਰੇ, ਪਹਿਲੀ ਮਿਲਣੀ ਸਿਰਫ਼ ਉਸਦੇ ਨਾਂਅ ਕਾਰਨ ਕਿਸੇ ਖਾਨੇ ਵਿਚ ਨਹੀਂ ਪਾ ਛੱਡੇਗਾ, ਉਸਨੂੰ ਨਕਾਰ ਨਹੀਂ ਦੇਵੇਗਾ। ਆਇਸ਼ਾ, ਜਿਸਨੇ ਆਪਣੀ ਜ਼ਿੰਦਗੀ ਸੌਖੇਰੀ ਕਰਨ ਲਈ ਕਿਸੇ ਵੇਲੇ ਫ਼ਾਤਿਮਾ ਬਣਨ ਤੋਂ ਨਾਂਹ ਕਰ ਦਿਤੀ ਸੀ, ਆਪਣੇ ਪੁੱਤਰ ਦੀ ਜ਼ਿੰਦਗੀ ਸੌਖੇਰੀ ਕਰਨ ਲਈ ਕਿੰਨੀ ਦੂਰ ਤਕ ਦਾ ਸੋਚਣ ਲੱਗ ਪਈ ਸੀ!
ਅਗਲੇਰੇ ਸਾਲਾਂ ਵਿਚ ਬੈਂਕ ਦੀ ਨੌਕਰੀ ਨਾਲ ਜੁੜੇ ਤਬਾਦਲਿਆਂ ਨੇ ਉਨ੍ਹਾਂ ਨੂੰ ਕਈ ਸ਼ਹਿਰਾਂ ਅਤੇ ਸੂਬਿਆਂ ਦੇ ਵਾਸੀ ਬਣਾਇਆ। ਆਇਸ਼ਾ ਬੰਬਈ ਦੇ ਮਸ਼ਹੂਰ ਸਕੂਲ ਵਿਚ ਅੰਗਰੇਜ਼ੀ ਪੜ੍ਹਾਉਂਦੀ ਰਹੀ ਸੀ, ਉਸ ਵੱਡੇ ਨਾਂਅ ਦੇ ਆਧਾਰ ਉੱਤੇ, ਜਿੱਥੇ ਕਿਤੇ ਵੀ ਅਸਗ਼ਰ ਦਾ ਤਬਾਦਲਾ ਹੁੰਦਾ, ਆਇਸ਼ਾ ਨੂੰ ਕਿਸੇ ਨਾ ਕਿਸੇ ਪ੍ਰਾਈਵੇਟ ਸਕੂਲ ਵਿਚ ਨੌਕਰੀ ਮਿਲ ਜਾਂਦੀ। ਤਿੰਨ ਜੀਆਂ ਦੇ ਪਰਿਵਾਰ ਵਿਚ ਕਿਸੇ ਕਿਸਮ ਦੀ ਆਰਥਿਕ ਤੋਟ ਨਹੀਂ ਸੀ, ਸਾਲ ਵਿਚ ਇਕ ਚੱਕਰ ਬਾਰਾਬੰਕੀ ਅਤੇ ਇਕ ਬੰਬਈ ਦਾ ਮਾਰ ਆਉਂਦੇ, ਦੋਹਾਂ ਪਾਸਿਆਂ ਦੇ ਰਿਸ਼ਤੇਦਾਰਾਂ ਨੂੰ ਮਿਲ ਆਉਂਦੇ, ਇਕਲੌਤੇ ਕਬੀਰ ਨੂੰ ਉਸਦੇ ਨਾਨਕਿਆਂ, ਦਾਦਕਿਆਂ ਵਾਲੇ ਪਾਸਿਆਂ ਦੇ ਭੈਣਾਂ ਭਰਾਵਾਂ ਨਾਲ ਮਿਲਾ ਲਿਆਉਂਦੇ। ਅਸਗ਼ਰ ਜਵਾਈ ਸੀ, ਸੋ ਭਾਰਤੀ ਤੌਰ ਤਰੀਕਿਆਂ ਮੁਤਾਬਕ ਬਾਰਾਬੰਕੀ ਵਾਲਿਆਂ ਨੇ ਉਸਨੂੰ ਬਣਦੀ ਤਵੱਜੋ ਹਮੇਸ਼ਾ ਦਿੱਤੀ। ਆਇਸ਼ਾ ਲਈ ਵੀ ਬੰਬਈ ਸਹੁਰਿਆਂ ਕੋਲ ਜਾ ਕੇ ਕੁਝ ਦਿਨ ਆ ਕੇ ਕੱਟਣਾ ਪਹਿਲਾਂ ਵਾਂਗ ਔਖਾ ਨਾ ਰਿਹਾ। ਥੋੜ੍ਹੇ ਦਿਨਾਂ ਲਈ ਆਈ ਮਹਿਮਾਨ ਹੋਣ ਕਾਰਨ ਉਸ ਨਾਲ ਪੁਰਖ਼ਲੂਸ ਵਿਹਾਰ ਹੀ ਹੁੰਦਾ, ਨਾਲੇ ਕਬੀਰ ਦੀ ਆਮਦ ਤੋਂ ਬਾਅਦ ਅੰਮਾ ਦੇ ਵਤੀਰੇ ਵਿਚ ਕੋਈ ਮਮਤਾਮਈ ਤਬਦੀਲੀ ਝਲਕਣ ਲੱਗ ਪਈ ਸੀ, ਕਬੀਰ ਉਨ੍ਹਾਂ ਦਾ ਚਹੇਤਾ ਪੋਤਾ ਸੀ। ਉਂਜ ਵੀ, ਜਿਵੇਂ ਸਾਰੇ ਪਰਿਵਾਰਾਂ ਵਿਚ ਹੁੰਦਾ ਹੀ ਹੈ, ਸਮੇਂ ਨਾਲ ਆਇਸ਼ਾ ਨੂੰ ਉਪਰੇਵੇਂ ਦੀ ਨਜ਼ਰ ਨਾਲ ਦੇਖਣਾ ਘਟਦਾ ਗਿਆ ਸੀ।
ਪਰ ਸਮੇਂ ਨਾਲ ਮੁਸਲਿਮ ਸਮਾਜ ਪ੍ਰਤੀ ਉਪਰੇਵੇਂ ਦੀ ਨਜ਼ਰ ਵਧਦੀ ਵਧਦੀ ਕਿਤੇ ਤਿਰਸਕਾਰ, ਤੇ ਕਿਤੇ ਨਫ਼ਰਤ ਦੀ ਹੱਦ ਤਕ ਪਹੁੰਚ ਗਈ ਸੀ। ਅਸਗ਼ਰ ਤੇ ਆਇਸ਼ਾ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਨ੍ਹਾਂ ਦੇ ਆਦਰਸ਼ ਵਤੀਰੇ ਦੇ ਬਾਵਜੂਦ ਕੋਈ ਵੀ ਗੁਆਂਢੀ ਜਾਂ ਸਹਿਕਰਮੀ ਉਨ੍ਹਾਂ ਨਾਲ ਘੁਲ ਮਿਲ ਕੇ ਰਾਜ਼ੀ ਕਿਉਂ ਨਹੀਂ ਸੀ। ਅਸਗ਼ਰ ਨੂੰ ਏਸ ਮਾਹੌਲ ਉੱਤੇ ਖਿਝ ਚੜ੍ਹਦੀ ਸੀ, ਆਇਸ਼ਾ ਨੂੰ ਡਰ ਲੱਗਦਾ ਸੀ। ਆਪਣੇ ਤੋਂ ਵੱਧ ਉਸਨੂੰ ਡਰ ਕਬੀਰ ਕਾਰਨ ਲੱਗਦਾ। ਉਹ ਤਾਂ ਇਕ ਸੁੰਗੜਦੇ ਜਾ ਰਹੇ ਚੌਗਿਰਦੇ ਨਾਲ ਸਿੱਝ ਸਕਦੇ ਸਨ, ਹਾਣੀਆਂ ਨਾਲ ਉਪਰੇਵੇਂ ਦੇ ਇਸ ਮਾਹੌਲ ਦਾ ਕਬੀਰ ਉੱਤੇ ਕੀ ਅਸਰ ਹੋ ਰਿਹਾ ਹੋਵੇਗਾ! ਉਸਤਾਨੀ ਹੋਣ ਕਾਰਨ ਉਹ ਬਾਲਾਂ ਦੀ ਮਾਨਸਿਕਤਾ ਸਮਝਦੀ ਸੀ, ਕਬੀਰ ਦੇ ਮਨ ’ਤੇ ਪੈ ਸਕਣ ਵਾਲੇ ਅਸਰ ਬਾਰੇ ਚਿੰਤਤ ਸੀ।
“ਇੰਜ ਤੇ ਕਬੀਰ ਵਿਚ ਕੰਪਲੈਕਸ ਪੈਦਾ ਹੋ ਜਾਣਗੇ, ਅਸਗ਼ਰ। ਮੇਰਾ ਖਿਆਲ ਹੈ ਤੁਸੀਂ ਕਿਸੇ ਤਰ੍ਹਾਂ ਬਦਲੀ ਵਾਪਸ ਬੰਬਈ ਵੱਲ ਦੀ ਕਰਾ ਲਓ। ਓਥੇ ਆਪਣੇ ਲੋਕਾਂ ਵਿਚ...’’
ਅਸਗ਼ਰ ਨਾ ਚਾਹੁੰਦਿਆਂ ਵੀ ਹੱਸ ਪਿਆ, “ਆਪਣੇ ਲੋਕਾਂ ਕੋਲੋਂ ਹੀ ਭੱਜਣ ਲਈ ਤਾਂ ਬੰਬਈ ਨੂੰ ਛੱਡ ਕੇ ਆਏ ਸਾਂ...।’’
“ਤੁਸੀਂ ਸਮਝਦੇ ਨਹੀਂ, ਕਬੀਰ ਆਪਣੇ ਆਪ ਨੂੰ ਹੋਰਨਾਂ ਤੋਂ ਛੇਕਿਆ ਮਹਿਸੂਸ ਕਰਦਾ ਹੈ। ਉਸਦਾ ਇਹ ਅੰਦਰੋ-ਅੰਦਰ ਘੁਲਣਾ ਉਸਨੂੰ ਕਿਸੇ ਗ਼ਲਤ ਪਾਸੇ ਵੀ ਮੋੜ ਸਕਦਾ ਹੈ, ਮੈਨੂੰ ਬੜਾ ਡਰ ਲਗਦਾ ਹੈ ਕਿ ਉਹ ਕਿਸੇ ਦੇ ਮਾੜੇ ਅਸਰ ਹੇਠ ਨਾ ਆ ਜਾਵੇ...।’’
ਅਸਗ਼ਰ ਸਮਝ ਗਿਆ ਕਿ ਆਇਸ਼ਾ ਦਾ ਇਸ਼ਾਰਾ ਕਿਸ ਵੱਲ ਹੈ, “ਤੂੰ ਏਨਾ ਜ਼ਿਆਦਾ ਤੇ ਦੂਰ ਦਾ ਫ਼ਿਕਰ ਨਾ ਲਾਇਆ ਕਰ। ਕਬੀਰ ਦੀ ਪਰਵਰਿਸ਼ ਅਸੀਂ ਕੀਤੀ ਹੈ, ਉਸਦੇ ਦਾਦਕੇ ਭਾਵੇਂ ਕਾਰੋਬਾਰੀ ਲੋਕ ਸਨ, ਪਰ ਨਾਨਕਿਆਂ ਵੱਲੋਂ ਤਾਂ ਸਿਆਸੀ ਸੂਝ ਅਤੇ ਦੇਸ਼ ਪ੍ਰੇਮ ਉਸਦੀ ਰਗ਼ ਰਗ਼ ਵਿਚ ਦੌੜਦੇ ਹਨ। ਉਹਨੂੰ ਨਹੀਂ ਪਤਾ ਉਸਦੇ ਨਾਨਾ ਜਾਨ ਨੇ ਆਜ਼ਾਦੀ ਲਈ ਕਿੰਨੇ ਸਾਲ ਜੇਲ੍ਹਾਂ ਵਿਚ ਕੱਟੇ। ਨਾਲੇ ਅਸੀਂ ਕਿਹੜਾ ਉਸਨੂੰ ਕਿਸੇ ਮਦਰੱਸੇ ਵਿਚ ਪੜ੍ਹਾ ਰਹੇ ਹਾਂ ਕਿ ਕਿਸੇ ਦੀਆਂ ਗੱਲਾਂ ਦੇ ਅਸਰ ਹੇਠ ਆ ਜਾਵੇਗਾ।’’
“ਪਰ ਤਾਂ ਵੀ, ਤੁਸੀਂ ਬਦਲੀ ਵਾਪਸ ਬੰਬਈ ਕਰਾਉਣ ਦੀ ਕੋਸ਼ਿਸ਼ ਤਾਂ ਕਰੋ, ਸਾਡਾ ਘਰ-ਪਰਿਵਾਰ ਤਾਂ ਓਥੇ ਹੀ ਹੈ। ਬੜੇ ਸਾਲ ਲੰਘਾ ਲਏ ਨੇ ਆਪਣਿਆਂ ਤੋਂ ਦੂਰ...।’’
ਅਸਗ਼ਰ ਨੇ ਮੁੜ ਇਹ ਤਾਂ ਨਾ ਕਿਹਾ ਕਿ ਉਨ੍ਹਾਂ ਆਪਣਿਆਂ ਕਾਰਨ ਹੀ ਤਾਂ ਬੰਬਈ ਛੱਡ ਕੇ ਆਏ ਸਾਂ, ਪਰ ਆਇਸ਼ਾ ਨੂੰ ਸਮਝਾਇਆ, “ਬੰਬਈ ਵਰਗੇ ਸ਼ਹਿਰ ਨੂੰ ਛੱਡ ਕੇ ਛੋਟੇ ਸ਼ਹਿਰ ਜਾਣਾ ਤਾਂ ਸੌਖੈ, ਪਰ ਵਾਪਸ ਬਦਲੀ ਕਰਾਉਣੀ ਬਹੁਤ ਔਖੀ ਏ। ਲੋਕੀ ਤਕੜੀਆਂ ਸਿਫਾਰਸ਼ਾਂ ਲੜਾ ਕੇ ਵੀ ਕਾਮਯਾਬ ਨਹੀਂ ਹੁੰਦੇ।’’
ਉਸ ਦਿਨ ਤਾਂ ਗੱਲ ਆਈ ਗਈ ਹੋ ਗਈ, ਪਰ ਕੁਝ ਹੀ ਮਹੀਨਿਆਂ ਬਾਅਦ ਇਹ ਸਵਾਲ ਆਇਸ਼ਾ ਨੇ ਮੁੜ ਉਠਾਇਆ, “ਬੰਬਈ ਨਾ ਸਹੀ, ਕਿਸੇ ਛੋਟੇ ਸ਼ਹਿਰ ਹੀ ਸਹੀ, ਪਰ ਐਥੋਂ ਨਿਕਲੋ। ਮੈਨੂੰ ਹੁਣ ਏਥੇ ਰਹਿਣਾ ਬਿਲਕੁਲ ਸੇਫ਼ ਨਹੀਂ ਜਾਪਦਾ... ਕਿੰਜ ਘਰ ਦੇ ਅੰਦਰ ਵੜ ਕੇ ਕੋਹਿਆ ਏ ਮੁਹੰਮਦ ਅਖ਼ਲਾਕ ਨੂੰ... ਉਹ ਵੀ ਉਸਦੇ ਆਪਣੇ ਗਵਾਂਢੀਆਂ ਤੇ ਗਰਾਈਂਆਂ ਨੇ...’’
ਉਸ ਵੇਲੇ ਅਸਗ਼ਰ ਨੌਇਡਾ ਦੀ ਇਕ ਬ੍ਰਾਂਚ ਵਿਚ ਪੋਸਟਡ ਸੀ, ਤੇ ਦਾਦਰੀ, ਜਿੱਥੋਂ ਦੇ ਇਕ ਪਿੰਡ ਵਿਚ ਫ਼ਰਿਜ ਵਿਚ ਗਾਂ ਦਾ ਮਾਸ ਹੋਣ ਦੇ ਸ਼ੱਕ ਹੇਠ ਪਿੰਡ ਵਾਲਿਆਂ ਨੇ ਆਪਣੇ ਹੀ ਹਮਸਾਏ ਨੂੰ ਬੇਦਰਦੀ ਨਾਲ ਮਾਰ ਘੱਤਿਆ ਸੀ , ਓਸੇ ਜ਼ਿਲ੍ਹੇ ਵਿਚ ਪੈਂਦਾ ਸੀ। ਅਸਗ਼ਰ ਨੇ ਪਹਿਲੀ ਵਾਰ, ਗੰਭੀਰਤਾ ਨਾਲ ਆਪਣੀ ਬਦਲੀ ਕਿਸੇ ਹੋਰ ਸੂਬੇ ਵਿਚ ਕਰਾਉਣ ਦੀ ਸੋਚੀ। ਨਾ ਸਿਰਫ਼ ਮੁਹੰਮਦ ਅਖ਼ਲਾਕ ਦੇ ਕਾਤਲਾਂ ਨੂੰ ਫੜਿਆ ਨਹੀਂ ਸੀ ਗਿਆ, ਉਨ੍ਹਾਂ ਨੂੰ ਧਰਮ-ਰਾਖੇ ਅਤੇ ਹੀਰੋ ਕਹਿ ਕੇ ਵਡਿਆਇਆ ਜਾ ਰਿਹਾ ਸੀ , ਉਹ ਸਿਆਸੀ ਆਗੂਆਂ ਦੇ ਨਾਲ ਉਨ੍ਹਾਂ ਦੀਆਂ ਚੋਣ ਰੈਲੀਆਂ ਵਿਚ ਸ਼ਰੇਆਮ ਘੁੰਮ ਰਹੇ ਸਨ, ਉਨ੍ਹਾਂ ਦਾ ਫੁੱਲਾਂ ਦੇ ਹਾਰਾਂ ਨਾਲ ਸੁਆਗਤ ਕੀਤਾ ਜਾ ਰਿਹਾ ਸੀ। ਏਸ ਵਹਿਸ਼ਤ ਨੂੰ ਦੇਖ ਕੇ ਅਸਗ਼ਰ ਅੰਦਰ ਵੀ ਖੌਫ਼ ਦੀ ਲਹਿਰ ਉੱਠੀ, ਮੁਲਕ ਕਿਨ੍ਹਾਂ ਹਾਲਾਤ ਵਲ ਧੱਕਿਆ ਜਾ ਰਿਹਾ ਸੀ, ਕਿਹੋ ਜਿਹੇ ਹੁਕਮਰਾਨਾਂ ਦੇ ਵੱਸ ਪੈ ਗਿਆ ਸੀ!
ਆਇਸ਼ਾ, ਜਿਸ ਨੇ ਕਦੇ ਨੇਮ ਨਾਲ ਨਮਾਜ਼ ਨਹੀਂ ਸੀ ਪੜ੍ਹੀ, ਹੁਣ ਤਕਰੀਬਨ ਰੋਜ਼ ਆਇਤ-ਉਲ-ਕੁਰਸੀ ਪੜ੍ਹਣ ਲੱਗ ਪਈ ਸੀ। ਕਬੀਰ ਜੇ ਕਾਲਜ ਤੋਂ, ਜਾਂ ਕਿਤੇ ਵੀ ਹੋਰ ਗਿਆ, ਰਤਾ ਵੀ ਲੇਟ ਹੋ ਜਾਂਦਾ ਆਇਸ਼ਾ ਦਰੂਦ-ਏ -ਪਾਕ ਦਾ ਵਿਰਦ ਕਰਨ ਲੱਗਦੀ, ਕਦੇ ਚਾਰ ਕੁਲ ਪੜ੍ਹਦੀ ਤੇ ਗੱਲੇ ਗੱਲੇ ਉਹਦਾ ਦਿਲ ਬਹਿਣ ਲੱਗ ਪੈਂਦਾ।
ਫੇਰ ਕਬੀਰ ਨੂੰ ਵੀ ਵੈਲੋਰ ਦਾਖਲਾ ਮਿਲ ਗਿਆ, ਤੇ ਅਸਗ਼ਰ ਨੇ ਕਿਸੇ ਦੱਖਣੀ ਸੂਬੇ ਵਿਚ ਤਬਾਦਲੇ ਲਈ ਹੱਥ ਪੈਰ ਮਾਰਨੇ ਸ਼ੁਰੂ ਕੀਤੇ। ਇਕ ਤਾਂ ਦੱਖਣੀ ਭਾਰਤ ਦੇ ਸੂਬੇ ਨੰਗੀ ਚਿੱਟੀ ਫਿਰਕਾਪ੍ਰਸਤੀ ਤੋਂ ਬੇਲਾਗ ਜਾਪਦੇ ਸਨ, ਤੇ ਦੂਜੇ ਕਬੀਰ ਵੀ ਉਨ੍ਹਾਂ ਤੋਂ ਬਹੁਤਾ ਦੂਰ ਨਹੀਂ ਹੋਵੇਗਾ। ਪਰ ਮਨਮਰਜ਼ੀ ਦੀ ਬਦਲੀ ਕਰਾਉਣੀ ਕਿਹੜਾ ਕੋਈ ਸੌਖਾ ਕੰਮ ਸੀ, ਬੜੀ ਕੋਸ਼ਿਸ਼, ਤੇ ਇਕ ਸਿਫਾਰਸ਼ ਦੀ ਮਦਦ ਨਾਲ ਸਾਲ ਦੇ ਅੰਦਰ ਅੰਦਰ ਅਸਗ਼ਰ ਦੀ ਬਦਲੀ ਜਲੰਧਰ ਹੀ ਹੋ ਸਕੀ।
ਪੰਜਾਬ ਉਨ੍ਹਾਂ ਦੀ ਪਹਿਲੀ ਤਾਂ ਛੱਡੋ, ਦੂਜੀ ਪਸੰਦ ਵੀ ਨਹੀਂ ਸੀ।
“ਕਿਵੇਂ ਰਹਾਂਗੇ ਓਥੇ ਜਾ ਕੇ, ਸਾਨੂੰ ਤੇ ਪੰਜਾਬੀ ਉੱਕਾ ਹੀ ਨਹੀਂ ਆਂਦੀ। ਓਪਰੀ ਜ਼ਬਾਨ, ਓਪਰੇ ਲੋਕ ..’’, ਆਇਸ਼ਾ ਨੂੰ ਹੁਣ ਇਹ ਤੌਖ਼ਲਾ ਸੀ ਕਿ ਉਹ ਓਥੇ ਜਾ ਕੇ ਬਿਲਕੁਲ ਹੀ ਇਕੱਲੇ ਹੋ ਜਾਣਗੇ।
“ਹਿੰਦੀ ਤੇ ਆਂਦੀ ਏ ਨਾ, ਅੱਜਕੱਲ੍ਹ ਸਾਰੇ ਹੀ ਹਿੰਦੀ ਬੋਲ ਲੈਂਦੇ ਹਨ। ਨਾਲੇ ਪੰਜਾਬ ਸੇਫ਼ ਥਾਂ ਹੈ, ਅੱਜ ਤਕ ਕਦੇ ਵੀ ਕੋਈ ਖ਼ਬਰ ਲਿੰਚਿੰਗ ਦੀ, ਮੁਸਲਮਾਨਾਂ ਨਾਲ ਧੱਕੇ ਦੀ ਓਥੋਂ ਨਹੀਂ ਆਈ।’’ ਅਸਗ਼ਰ ਨੇ ਆਇਸ਼ਾ ਨੂੰ ਧਰਵਾਸ ਦੇਣ ਖਾਤਰ ਕਿਹਾ, ਭਾਵੇਂ ਖ਼ਦਸ਼ਾ ਉਸਨੂੰ ਵੀ ਸੀ ਕਿ ਨਿਰੋਲ ਪੰਜਾਬੀ ਮਾਹੌਲ ਵਿਚ ਜਾ ਕੇ ਰਹਿਣਾ ਸੌਖਾ ਨਹੀਂ ਹੋਣ ਲੱਗਾ। ਬਦਲੀ ਚੰਡੀਗੜ੍ਹ ਵਰਗੇ ਰਲੇ-ਮਿਲੇ ਸ਼ਹਿਰ ਵਿਚ ਹੋਈ ਹੁੰਦੀ ਤਾਂ ਹੋਰ ਗੱਲ ਸੀ।
ਤਾਂ ਵੀ ਜਲੰਧਰ ਪਹੁੰਚ ਕੇ ਪਹਿਲੇ ਦਿਨਾਂ ਤੋਂ ਹੀ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਪੰਜਾਬ ਦੇ ਮਾਹੌਲ ਵਿਚ ਇਕ ਸਿਫ਼ਤੀ ਫ਼ਰਕ ਹੈ। ਮਕਾਨ ਕਰਾਏ ਉੱਤੇ ਲੈਣ ਸਮੇਂ ਕਿਸੇ ਨੇ ਉਨ੍ਹਾਂ ਦਾ ਧਰਮ ਨਾ ਪੁੱਛਿਆ: ਉਹ ਕ੍ਰਿਸਤਾਨ ਹਨ ਜਾਂ ਮੁਸਲਮਾਨ, ਏਸ ਗੱਲ ਨਾਲ ਕਿਸੇ ਦਾ ਕੋਈ ਸਰੋਕਾਰ ਨਹੀਂ ਸੀ। ਸਰੋਕਾਰ ਸੀ ਤਾਂ ਏਸ ਗੱਲ ਨਾਲ ਕਿ ਉਹ ਨੌਕਰੀਪੇਸ਼ਾ ਲੋਕ ਹਨ, ਤੇ ਹੋਰ ਤਿੰਨੀਂ ਜਾਂ ਪੰਜੀਂ ਸਾਲੀਂ ਮਕਾਨ ਖਾਲੀ ਕਰ ਜਾਣਗੇ। ਨਾ ਹੀ ਕਿਸੇ ਨੂੰ ਏਸ ਗੱਲ ਨਾਲ ਦਿਲਚਸਪੀ ਸੀ ਕਿ ਉਹ ਮਾਸ-ਮੱਛੀ ਖਾਂਦੇ ਹਨ। ਉਨ੍ਹਾਂ ਭਾਣੇ, ਜੋ ਮਰਜ਼ੀ ਖਾਣ-ਖੁਆਉਣ, ਬਸ ਕਿਰਾਇਆ ਉਨ੍ਹਾਂ ਵੱਲੋਂ ਵੇਲੇ ਸਿਰ ਮਿਲਦਾ ਰਹੇ। ਹਿੰਦੁਸਤਾਨ ਦੇ ਕਈ ਸ਼ਹਿਰਾਂ ਨੂੰ ਹੰਢਾਅ ਚੁੱਕੇ, ਅਤੇ ਤਕਰੀਬਨ ਹਰ ਥਾਂ ਸਿੱਧੇ-ਅਸਿੱਧੇ ਢੰਗ ਨਾਲ ਪੁੱਛੇ ਗਏ ਇਹੋ ਜਿਹੇ ਸਵਾਲਾਂ ਦੇ ਜਵਾਬ ਦੇਣ ਨੂੰ ਗਿੱਝੇ ਆਇਸ਼ਾ ਤੇ ਅਸਗ਼ਰ ਲਈ ਇਹ ਮੂਲੋਂ ਅਨੋਖਾ ਤਜਰਬਾ ਸੀ। ਕਈ ਸ਼ਹਿਰਾਂ ਵਿਚ ਉਨ੍ਹਾਂ ਨੂੰ, ਉਨ੍ਹਾਂ ਦੇ ਮੁਸਲਮਾਨ ਹੋਣ ਕਾਰਨ ਮਕਾਨ ਮਿਲਣ ਤੋਂ ਨਾਂਹ ਹੁੰਦੀ ਰਹੀ ਸੀ। ਕਿਤੇ ਕਿਤੇ ਤਾਂ ਮਜਬੂਰਨ ਰਹਿਣਾ ਹੀ ਮੁਸਲਮਾਨ ਮੁਹੱਲਿਆਂ ਵਿਚ ਪਿਆ ਸੀ, ਜੋ ਅੰਦਰੋਂ ਨਾ ਆਇਸ਼ਾ ਦੀ ਪਹਿਲੀ ਪਸੰਦ ਸਨ, ਨਾ ਅਸਗ਼ਰ ਦੀ। ਮਜ਼ਹਬੀ ਆਧਾਰ ’ਤੇ ਟਿਕੀਆਂ ਇਹੋ ਜਿਹੀਆਂ ਨਿਖੇੜ-ਬਸਤੀਆਂ ਦੀ ਫਿਜ਼ਾ ਉਨ੍ਹਾਂ ਨੂੰ ਆਪਣੇ ਮੋਕਲੇ ਰਹਿਣ ਸਹਿਣ ਦੇ ਮੁਆਫ਼ਕ ਨਹੀਂ ਸੀ ਜਾਪਦੀ।
ਜਲੰਧਰ, ਉਨ੍ਹਾਂ ਦੀ ਕਾਲੋਨੀ ਵਿਚ ਉਹ ਸ਼ਾਇਦ ਮੁਸਲਮਾਨਾਂ ਦਾ ਇਕਲੌਤਾ ਪਰਿਵਾਰ ਸਨ। ਪਰ ਪਹਿਲੇ ਦਿਨ ਤੋਂ ਸਿਵਾਏ ਜ਼ਬਾਨ ਦੇ, ਉਨ੍ਹਾਂ ਨੂੰ ਕੋਈ ਓਪਰਾਪਣ ਮਹਿਸੂਸ ਨਾ ਹੋਇਆ। ਆਇਸ਼ਾ ਨੇ ਨੋਟ ਕੀਤਾ ਕਿ ਉਨ੍ਹਾਂ ਦੀ ਉਮਰ ਦੇ ਪੰਜਾਬੀ ਲੋਕ ਹਮੇਸ਼ਾ ਉਨ੍ਹਾਂ ਨਾਲ ਪੰਜਾਬੀ ਵਿਚ ਹੀ ਗੱਲ ਕਰਦੇ ਸਨ, ਭਾਵੇਂ ਉਨ੍ਹਾਂ ਨੂੰ ਹਿੰਦੀ ਪੂਰੀ ਸਮਝ ਆਉਂਦੀ ਸੀ। ਆਇਸ਼ਾ ਹੋਣੀ ਹਿੰਦੀ ਵਿਚ ਕੁਝ ਪੁੱਛਦੇ, ਜਵਾਬ ਪੰਜਾਬੀ ਵਿਚ ਮਿਲਦਾ। ਪਰ ਏਸ ਬੇਮੇਲ ਜਿਹੀ ਗੁਫ਼ਤਗੂ ਦਾ ਲਾਭ ਇਹ ਹੋਇਆ ਕਿ ਦੋਵੇਂ ਛੇਤੀ ਹੀ ਪੰਜਾਬੀ ਸਮਝਣ ਲੱਗ ਪਏ। ਇਕ ਗੱਲ ਆਇਸ਼ਾ ਨੇ ਹੀ ਹੋਰ ਨੋਟ ਕੀਤੀ, “ਅਸਗ਼ਰ, ਏਥੇ ਮਾਪੇ ਪੰਜਾਬੀ ਬੋਲਦੇ ਨੇ, ਬੱਚੇ ਹਿੰਦੀ। ਅਜੀਬ ਮਾਜਰਾ ਹੈ, ਜਿਵੇਂ ਬੱਚਿਆਂ ਨੂੰ ਪੰਜਾਬੀ ਆਉਂਦੀ ਹੀ ਨਾ ਹੋਵੇ।’’
“ਬੱਚੇ ਹੀ ਨਹੀਂ, ਮੈਂ ਦੇਖਿਆ ਹੈ ਕਿ ਦਫ਼ਤਰ ਵਿਚ ਬਹੁਤੇ ਨੌਜਵਾਨ ਵੀ ਹਿੰਦੀ ਵਿਚ ਹੀ ਬੋਲਣਾ ਪਸੰਦ ਕਰਦੇ ਨੇ... ਆਪਸ ਵਿਚ ਵੀ।’’
ਕਿਸੇ ਨਿਰੋਲ ਪੰਜਾਬੀ ਸ਼ਹਿਰ ਵਿਚ ਜਾ ਵਸਣ ਦੇ ਆਪਣੇ ਮੁੱਢਲੇ ਤੌਖ਼ਲਿਆਂ ਦੇ ਉਲਟ ਜਲੰਧਰ ਉਨ੍ਹਾਂ ਨੂੰ ਬੜਾ ਰਾਸ ਆਇਆ। ਆਇਸ਼ਾ ਨੂੰ ਛੇਤੀ ਇਕ ਵੱਡੇ ਪ੍ਰਾਈਵੇਟ ਸਕੂਲ ਵਿਚ ਨੌਕਰੀ ਵੀ ਮਿਲ ਗਈ। ਨਾ ਆਪਣੇ ਸਹਿਕਰਮੀਆਂ, ਤੇ ਨਾ ਹੀ ਗੁਆਂਢੀਆਂ ਦੇ ਵਤੀਰੇ ਤੋਂ ਉਨ੍ਹਾਂ ਨੂੰ ਕਦੇ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਮਜ਼ਹਬ ਕਾਰਨ ਉਨ੍ਹਾਂ ਤੋਂ ਉਪਰਾਇਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਦਬੀ ਨਜ਼ਰੇ ਘੋਖਿਆ ਜਾ ਰਿਹਾ ਹੈ। ਇਹੋ ਜਿਹਾ ਮਾਹੌਲ ਉਨ੍ਹਾਂ ਨੂੰ ਏਨੇ ਸਾਲਾਂ ਮਗਰੋਂ ਮਿਲਿਆ ਸੀ ਕਿ ਉਨ੍ਹਾਂ ਨੂੰ ਖ਼ੁਦ ਹੀ ਮਹਿਸੂਸ ਹੋਇਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਅਣਚਾਹਿਆਂ ਹੀ ਸੰਕੋਚੀ ਤੇ ਘੁੱਟੀ-ਵੱਟੀ ਜ਼ਿੰਦਗੀ ਜਿਊਣ ਦੇ ਆਦੀ ਹੋ ਗਏ ਸਨ, ਪਰ ਹੁਣ ਫੇਰ ਖੁੱਲ੍ਹ ਕੇ ਸਾਹ ਲੈ ਰਹੇ ਸਨ।
ਮਿਸਿਜ਼ ਸੱਗੂ ਨੇ ਇਕ ਦਿਨ ਉਨ੍ਹਾਂ ਨੂੰ ਹਲਵਾ ਭੇਜਿਆ। ਆਇਸ਼ਾ ਨੇ ਧੰਨਵਾਦ ਕਰਦਿਆਂ ਆਖਿਆ, “ਤੁਹਾਡਾ ਹਲਵਾ ਬੜਾ ਸਵਾਦ ਸੀ। ਅਸਗ਼ਰ ਵੀ ਬੜੀ ਤਾਰੀਫ਼ ਕਰਦੇ ਸਨ।’’
“ਹਲਵਾ ਨਹੀਂ, ਆਇਸ਼ਾ ਜੀ, ਕੜਾਹ ਪਰਸ਼ਾਦ,’’ ਮਿਸਿਜ਼ ਸੱਗੂ ਨੇ ਮੁਸਕਰਾਉਂਦਿਆਂ ਸਮਝਾਇਆ ਤੇ ਫੇਰ ਹਰ ਸੰਗਰਾਂਦ, ਹੋਰ ਦਿਨ ਤਿਉਹਾਰਾਂ ’ਤੇ ਇਕ ਸਬਰਕੱਤੀ ਡੱਬੀ, ਦੇਸੀ ਘਿਓ ਵਿਚ ਬਣੇ ਕੜਾਹ ਪਰਸ਼ਾਦ ਦੀ ਉਨ੍ਹਾਂ ਦੇ ਘਰ ਪਹੁੰਚਣ ਲੱਗ ਪਈ। ਆਇਸ਼ਾ ਨੇ ਵੀ ਛੋਟੀ ਈਦ ’ਤੇ ਸੇਵਈਆਂ ਦਾ ਭਰਵਾਂ ਡੋਂਗਾ ਮਿਸਿਜ਼ ਸੱਗੂ ਵਲ ਭੇਜਿਆ, ਜਿਸਦੀ ਓਨੀ ਹੀ ਭਰਵੀਂ ਤਾਰੀਫ਼ ਹੋਈ, “ਆਇਸ਼ਾ ਜੀ, ਏਹੋ ਜਹੀਆਂ ਸਵਾਦੀ ਸੇਵੀਆਂ ਤੇ ਮੈਂ ਕਦੀ ਖਾਧੀਆਂ ਹੀ ਨਹੀਂ, ਸੱਚੀਓਂ...।’’
ਬਕਰੀਦ ਵੇਲੇ ਆਇਸ਼ਾ ਨੇ ਝਕਦਿਆਂ ਝਕਦਿਆਂ ਪੁੱਛਿਆ, “ਮਿਸਿਜ਼ ਸੱਗੂ, ਬਿਰਿਆਨੀ ਖਾ ਲੈਂਦੇ ਓ ਤੁਸੀਂ?’’ ਜਾਣਨਾ ਤਾਂ ਉਹ ਅਸਲ ਵਿਚ ਇਹ ਚਾਹੁੰਦੀ ਸੀ ਕਿ ਕੀ ਮਾਸ ਖਾ ਲੈਣ ਵਾਲੇ ਇਹ ਲੋਕ ਉਨ੍ਹਾਂ ਦੇ ਘਰ ਦਾ ਪੱਕਿਆ ਮਾਸ ਵੀ ਖਾ ਲੈਣਗੇ।
“ਆਇਸ਼ਾ ਜੀ, ਵਾਧੂ। ਇਹ ਤਾਂ ਪਸਿੰਦ ਹੀ ਬਹੁਤ ਕਰਦੇ ਆ।’’ ਉਸਨੂੰ ਇਹ ਸਮਝ ਤਾਂ ਨਾ ਪਈ ਕਿ ‘ਵਾਧੂ’ ਦਾ ਕੀ ਮਤਲਬ ਹੈ, ਪਰ ਏਨੀ ਸਮਝ ਆ ਗਈ ਕਿ ਉਜ਼ਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਨਹੀਂ। ਮਿਸਿਜ਼ ਸੱਗੂ ਦੇ ਇਹੋ ਜਿਹੇ ਉਤਸ਼ਾਹੀ ਜਵਾਬ ਨੇ ਆਇਸ਼ਾ ਨੂੰ ਖਿੜਾ ਹੀ ਦਿੱਤਾ, ਬਿਰਿਆਨੀ ਹੀ ਨਹੀਂ, ਨਾਲ ਉਸਨੇ ਨਾਲ ਚੋਖੇ ਸਾਰੇ ਸ਼ਾਮੀ ਕਬਾਬ ਵੀ ਭਿਜਵਾ ਦਿੱਤੇ, ਜੋ ਉਸਨੇ ਈਦ ਮੌਕੇ ਘਰ ਆਏ ਹੋਏ ਕਬੀਰ ਦੀ ਫ਼ਰਮਾਇਸ਼ ਉੱਤੇ ਬਣਾਏ ਸਨ। ਇਸ ਸਭ ਕਾਸੇ ਦੀ ਚੋਖੀ ਤਾਰੀਫ਼ ਵੀ ਹੋਈ।
“ਬੜੇ ਸਾਲਾਂ ਬਾਅਦ ਈਦ ਮਨਾਉਣ ਦਾ ਮਜ਼ਾ ਆਇਆ ਹੈ, ਅਸਗ਼ਰ। ਉਹ ਈਦ ਹੀ ਕਾਹਦੀ ਜੇ ਤੁਸੀਂ ਆਪਣੇ ਹਮਸਾਇਆਂ ਨੂੰ ਉਸ ਵਿਚ ਸ਼ਾਮਿਲ ਨਾ ਕਰ ਸਕੋ।’’
ਜਲੰਧਰ ਵਿਚ ਤਿੰਨ ਸਾਲ ਬੜੇ ਆਰਾਮ ਨਾਲ ਲੰਘ ਗਏ। ਬੰਬਈ ਤੇ ਲਖਨਊ, ਦੋਹਾਂ ਸ਼ਹਿਰਾਂ ਨੂੰ ਸਿੱਧੀਆਂ ਗੱਡੀਆਂ ਜਾਂਦੀਆਂ ਸਨ ਤੇ ਲੋੜ ਪੈਣ ਉੱਤੇ ਅੰਮ੍ਰਿਤਸਰ ਦਾ ਹਵਾਈ ਅੱਡਾ ਵੀ ਦੂਰ ਨਹੀਂ ਸੀ। ਉਨ੍ਹਾਂ ਨੂੰ ਕਦੇ ਨਾ ਮਹਿਸੂਸ ਹੋਇਆ ਕਿ ਉਹ ਦੇਸ ਦੇ ਕਿਸੇ ਪਸਿੱਤੇ ਸਰਹੱਦੀ ਸੂਬੇ ਵਿਚ ਰਹਿ ਰਹੇ ਹਨ। ਏਸੇ ਲਈ ਜਦੋਂ ਅਗਲਾ ਤਬਾਦਲਾ ਬੁਲੰਦਸ਼ਹਿਰ ਹੋਣ ਦੇ ਆਰਡਰ ਆਏ, ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਨ੍ਹਾਂ ਸਮਿਆਂ ਵਿਚ ਉੱਤਰ ਪ੍ਰਦੇਸ਼ ਵਾਪਸੀ? ਇਹ ਤਾਂ ਨੌਇਡਾ ਵਾਪਸ ਜਾਣ ਨਾਲੋਂ ਵੀ ਮਾੜੀ ਨਿਯੁਕਤੀ ਸੀ। ਏਸੇ ਲਈ ਅੱਜ ਉਹ ਹੈੱਡ ਆਫਿਸ ਜਾ ਰਿਹਾ, ਇਕ ਸਿਫਾਰਸ਼ੀ ਚਿੱਠੀ ਜੇਬ ਵਿਚ, ਤੇ ਇਕ ਆਸ ਮਨ ਵਿਚ ਲਈ ਕਿ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਨਾ ਵੀ ਸਹੀ, ਮੁਕੇਰੀਆਂ ਜਾਂ ਕਰਤਾਰਪੁਰ ਵਰਗੀ ਛੋਟੀ ਥਾਂ ’ਤੇ ਤਾਂ ਪੋਸਟਿੰਗ ਕਰਨੀ ਮੰਨ ਹੀ ਲੈਣਗੇ।
ਪਰ ਹੁਣ ਉਹ ਇਹ ਕੀ ਸੁਣ ਰਿਹਾ ਸੀ? ਬਾਹਰਲੇ ਸੂਬਿਆਂ ਵਾਲੀ ਨਫ਼ਰਤੀ ਹਵਾ ਪੰਜਾਬ ਤਕ ਵੀ ਪਹੁੰਚ ਗਈ ਸੀ। ਉਹ ਜ਼ਹਿਰ ਜਿਸ ਦੀ ਮਾਰ ਤੋਂ ਹਾਲੇ ਤੀਕ ਪੰਜਾਬ ਬਚਿਆ ਰਿਹਾ ਸੀ, ਉਸਦਾ ਅਸਰ ਏਥੇ ਤਕ ਫੈਲ ਗਿਆ ਸੀ। ਤੇ ਜਾਂ ਫੇਰ ਇਹ ਓਸੇ ਦੀ ਖੁਸ਼ਫ਼ਹਿਮੀ ਸੀ, ਕਿ ਪੰਜਾਬੀ ਏਸ ਲਾਗ ਤੋਂ ਮੁਕਤ ਹਨ। ਪਰ ਮਾੜੇ-ਚੰਗੇ, ਥੋੜ੍ਹੇ ਬਹੁਤ ਸਿਰਫਿਰੇ ਲੋਕ ਤਾਂ ਕਿਤੇ ਵੀ ਹੋ ਸਕਦੇ ਹਨ, ਉਸਦੇ ਆਪਣੇ ਮਜ਼ਹਬ ਵਾਲਿਆਂ ਵਿਚ ਵੀ ਲੱਭ ਜਾਂਦੇ ਹਨ। ਇਹੋ ਜਿਹੇ ਲੋਕਾਂ ਦੀਆਂ ਸੁਣ ਕੇ ਆਪਣਾ ਮਨ ਕਿਉਂ ਖ਼ਰਾਬ ਕਰੇ? ਉਸਨੇ ਆਪਣੇ ਅਧ-ਖਿੱਚੇ ਪਰਦੇ ਨੂੰ ਹੋਰ ਸਵਾਰਿਆ, ਜਿਵੇਂ ਇਨ੍ਹਾਂ ਮੁਸਾਫ਼ਰਾਂ ਦੀਆਂ ਵਿਹੁਲੀਆਂ ਗੱਲਾਂ ਅਤੇ ਆਪਣੇ ਵਿਚਕਾਰ ਸਰਹੱਦੀ ਕੰਧ ਖੜ੍ਹੀ ਕਰ ਰਿਹਾ ਹੋਵੇ, ਤੇ ਨਾਲ ਲਿਆਂਦਾ ਰਿਸਾਲਾ ਖੋਲ੍ਹ ਕੇ ਪੜ੍ਹਣ ਬਹਿ ਗਿਆ।
ਪਰ ਪਰਦਾ ਕੋਈ ਆਵਾਜ਼-ਦੱਬੂ ਕੰਧ ਤਾਂ ਹੁੰਦੀ ਨਹੀਂ, ਨਾ ਚਾਹੁੰਦਿਆਂ ਵੀ ਉਨ੍ਹਾਂ ਜੋੜਿਆਂ ਦੀ ਲਗਾਤਾਰ ਤੁਰੀ ਆ ਰਹੀ ਚੈਂ-ਚੈਂ ਉਸ ਦੇ ਕੰਨੀ ਪੈ ਰਹੀ ਸੀ। ਹੁਣ ਉਨ੍ਹਾਂ ਦੀਆਂ ਗੱਲਾਂ ਦਾ ਰੁਖ਼ ਆਪਣੇ ਬੱਚਿਆਂ ਦੀ ਅਗਲੇਰੀ ਪੜ੍ਹਾਈ ਵੱਲ ਮੁੜ ਗਿਆ ਹੋਇਆ ਸੀ।
“ਸਾਡਾ ਵਿਨੀਤ ਪੜ੍ਹਾਈ ਵਿਚ ਮਾੜਾ ਨਹੀਂ, ਪਰ ਅੱਗੋਂ ਪ੍ਰੋਫੈਸ਼ਨਲ ਕਾਲਜਾਂ ਵਿਚ ਦਾਖਲਾ ਮਿਲਣਾ ਹੀ ਬੜਾ ਮੁਸ਼ਕਲ ਹੋ ਗਿਆ ਹੈ, ਇਨ੍ਹਾਂ ਰਿਜ਼ਰਵੇਸ਼ਨਾਂ ਦੇ ਚੱਕਰ ਵਿਚ, ਸਾਰੀਆਂ ਸੀਟਾਂ ’ਤੇ ਹੀ ਇਨ੍ਹਾਂ ਐੱਸ.ਸੀ., ਐੱਸ.ਟੀ. ਵਾਲਿਆਂ ਦਾ ਕਬਜ਼ਾ ਹੋ ਗਿਆ ਹੈ।’’
“ਸਹੀ ਕਹਿ ਰਹੇ ਹੋ ਨੀਤਾ ਜੀ, ਇਨ੍ਹਾਂ ... ਦੀ ਹੀ ਚੜ੍ਹਤ ਹੈ ਅੱਜਕੱਲ੍ਹ। ਹਰ ਪਾਸੇ ਇਨ੍ਹਾਂ ਦਾ ਹੀ ਰਾਜ ਹੋ ਗਿਆ ਹੈ, ਹੁਣ ਤਾਂ...।’’
“ਜ਼ਰਾ ਸੁਰ ਨੀਵੀਂ ਕਰ ਕੇ ਬੋਲ, ਰੇਲਗੱਡੀ ਵਿਚ ਬੈਠੀ ਹੋਈ ਏਂ। ਉਨ੍ਹਾਂ ਵਿਚੋਂ ਕਿਸੇ ਬੈਠੇ ਨੇ ਸੁਣ ਲਿਆ ਤਾਂ ਸਾਰਿਆਂ ਨੂੰ ਹੁਣੇ ਅੰਦਰ ਕਰਾ ਦਊ’’, ਉਸ ਔਰਤ ਦੇ ਪਤੀ ਨੇ ਰਤਾ ਹੌਲੀ ਆਵਾਜ਼ ਵਿਚ ਦਬਵੀਂ ਘੁਰਕੀ ਦਿੱਤੀ।
“ਹੁਣ ਇਨ੍ਹਾਂ ਨੀਂਵੀਆਂ ਜਾਤਾਂ ਦਾ ਤੁਸ਼ਟੀਕਰਣ ਪਤਾ ਨਹੀਂ ਕਦੋਂ ਤਕ ਚੱਲੇਗਾ...’’, ਔਰਤ ਸੁਰ ਹੌਲੀ ਕਰਦਿਆਂ ਵੀ ਕਹਿਣੋਂ ਨਾ ਹਟੀ।
ਅਸਗ਼ਰ ਨੇ ਆਪਣੇ ਪਰਦੇ ਦਾ ਬਚਦਾ ਅੱਧ ਵੀ ਖਿੱਚ ਲਿਆ।
ਸੰਪਰਕ: 93162-02025

Advertisement
Author Image

Advertisement
Advertisement
×