ਤਾਪਘਰਾਂ ’ਚ ਕੋਲੇ ਦੀ ਘਾਟ ਰੜਕਣ ਲੱਗੀ
ਜੋਗਿੰਦਰ ਸਿੰਘ ਮਾਨ
ਮਾਨਸਾ, 15 ਜੁਲਾਈ
ਪੰਜਾਬ ਵਿੱਚ ਅੱਜ-ਕੱਲ੍ਹ ਜਦੋਂ ਝੋਨੇ ਅਤੇ ਬਾਸਮਤੀ ਦੀ ਲੁਆਈ ਜ਼ੋਰਾਂ ’ਤੇ ਹੈ ਤਾਂ ਸੂਬੇ ਵਿਚਲੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਤਾਪਘਰਾਂ ’ਚ ਕੋਲੇ ਦੀ ਕਿੱਲਤ ਦਾ ਸਾਹਮਣਾ ਪੈ ਰਿਹਾ ਹੈ। ਅਗਲੇ ਦਿਨਾਂ ਵਿੱਚ ਕਿੱਲਤ ਹੋਰ ਵੀ ਵਧ ਸਕਦੀ ਹੈ। ਪੰਜਾਬ ਦੇ ਤਾਪਘਰਾਂ ਲਈ ਕੋਲਾ ਛੱਤੀਸਗੜ੍ਹ ਤੋਂ ਆ ਰਿਹਾ ਹੈ, ਜਿੱਥੇ ਅੱਜ-ਕੱਲ੍ਹ ਮੀਂਹ ਪੈਣ ਨਾਲ ਖਾਣਾਂ ’ਚੋਂ ਕੋਲਾ ਕੱਢਣਾ ਮੁਸ਼ਕਲ ਹੋਇਆ ਪਿਆ ਹੈ। ਉਤਰੀ ਭਾਰਤ ਦੇ ਪ੍ਰਾਈਵੇਟ ਖੇਤਰ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਵਿੱਚ ਸਿਰਫ਼ 4-5 ਦਿਨਾਂ ਦਾ ਕੋਲਾ ਹੀ ਰਹਿ ਗਿਆ ਹੈ। ਵੇਰਵਿਆਂ ਮੁਤਾਬਕ ਸਰਕਾਰ ਵੱਲੋਂ ਹਾਲ ਹੀ ਵਿੱਚ ਖਰੀਦੇ ਗਏ ਤਾਪਘਰ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਵਿੱਚ ਵੀ ਲਗਪਗ 4 ਦਿਨਾਂ ਦਾ ਕੋਲਾ ਰਹਿਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸੇ ਤਰ੍ਹਾਂ ਐੱਲ ਐਂਡ ਟੀ ਕੰਪਨੀ ਵੱਲੋਂ ਰਾਜਪੁਰਾ ਵਿੱਚ ਲਾਏ ਤਾਪਘਰ ਵਿੱਚ ਵੀ ਕੋਲੇ ਦੀ ਘਾਟ ਅਗਲੇ ਹਫ਼ਤੇ ਤੋਂ ਖੜ੍ਹੀ ਹੋ ਸਕਦੀ ਹੈ। ਪੰਜਾਬ ਦੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਿੱਚ ਵੀ ਪੂਰੇ ਸੀਜ਼ਨ ਲਈ ਕੋਲੇ ਦਾ 15 ਦਿਨਾਂ ਦਾ ਭੰਡਾਰ ਹੀ ਹੈ। ਦੂਜੇ ਪਾਸੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਇੱਕ ਯੂਨਿਟ ਬੰਦ ਹੋ ਗਿਆ ਹੈ। ਮਾਨਸਾ ਜ਼ਿਲ੍ਹੇ ਵਿੱਚ ਲੱਗੇ ਬਣਾਂਵਾਲਾ ਤਾਪਘਰ ਦਾ ਇੱਕ ਯੂਨਿਟ ਬੰਦ ਹੈ। ਤਾਪਘਰ ਦੇ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਕੋਲੇ ਦੇ ਰੈਕਾਂ ਦੀ ਗਿਣਤੀ ਵਧਾਉਣ, ਕੋਲੇ ਦੀਆਂ ਖਾਣਾਂ ਤੋਂ ਸਮੇਂ ਸਿਰ ਡਿਜਪੈਸਮੈਂਟ ਨੂੰ ਯਕੀਨੀ ਬਣਾਉਣ ਅਤੇ ਕੇਂਦਰ ਤੇ ਪੰਜਾਬ ਸਰਕਾਰ ਵਿਚਕਾਰ ਰੁਕਾਵਟਾਂ ਦੂਰ ਕਰਨ ਲਈ ਕਦੇ ਬਿਹਤਰ ਤਾਲਮੇਲ ਨਹੀਂ ਹੋ ਸਕਿਆ ਹੈ।