ਦੁਕਾਨਦਾਰਾਂ ਨੇ ਨਿਗਮ ਅਧਿਕਾਰੀ ਨੂੰ ਮੁਸ਼ਕਲਾਂ ਦੱਸੀਆਂ
ਮੁਕੇਸ਼ ਕੁਮਾਰ
ਚੰਡੀਗੜ੍ਹ, 9 ਅਗਸਤ
ਇੱਥੇ ਸੈਕਟਰ-15 ਵਿੱਚ ਸ਼ਹਿਰ ਦੀ ਪਹਿਲੀ ‘ਜ਼ੀਰੋ ਵੇਸਟ ਫੂਡ ਸਟਰੀਟ’ ਬਣਾਈ ਜਾ ਰਹੀ ਹੈ। ਇਸ ਬਾਰੇ ਫੂਡ ਸਟਰੀਟ ਮਾਰਕੀਟ ਦੀ ਐਸੋਸੀਏਸ਼ਨ ਦੇ ਵਫ਼ਦ ਨੇ ਵਾਰਡ ਕੌਂਸਲਰ ਸੌਰਭ ਜੋਸ਼ੀ ਦੀ ਅਗਵਾਈ ਹੇਠ ਨਗਰ ਨਿਗਮ ਦਫ਼ਤਰ ਵਿੱਚ ਜੁਆਇੰਟ ਕਮਿਸ਼ਨਰ ਈਸ਼ਾ ਕੰਬੋਜ ਨਾਲ ਮੁਲਾਕਾਤ ਕੀਤੀ।
ਮੀਟਿੰਗ ਦੌਰਾਨ ਸ੍ਰੀ ਜੋਸ਼ੀ ਨੇ ਸਮਾਰਟ ਸਿਟੀ ਪ੍ਰਾਜੈਕਟ ਅਧਿਕਾਰੀਆਂ ਨੂੰ ਮਾਰਕੀਟ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਸ ਦੌਰਾਨ ਕਈ ਮੁੱਦਿਆਂ ਨੂੰ ਉਜਾਗਰ ਕਰਦਿਆਂ ਇਨ੍ਹਾਂ ਦੇ ਹੱਲ ਦੀ ਮੰਗ ਕੀਤੀ। ਵਫ਼ਦ ਨੇ ਜੁਆਇੰਟ ਕਮਿਸ਼ਨਰ ਈਸ਼ਾ ਕੰਬੋਜ ਨੂੰ ਇੱਥੇ ਮਾਰਕੀਟ ਵਿੱਚ ਅਧੂਰੇ ਪਏ ਕਾਰਜਾਂ ਤੋਂ ਇਲਾਵਾ ਸੁੰਦਰੀਕਰਨ ਦੇ ਕਾਰਜਾਂ ਨੂੰ ਪਹਿਲ ਦੇਣ ਦੀ ਅਪੀਲ ਕੀਤੀ।
ਨਿਗਮ ਦੀ ਜੁਆਇੰਟ ਕਮਿਸ਼ਨਰ ਨੇ ਦੁਕਾਨਦਾਰਾਂ ਨੂੰ ਪਲਾਸਟਿਕ ਦੀ ਵਰਤੋਂ ਖ਼ਤਮ ਕਰਨ ਅਤੇ ਬਾਇਓਡੀਗ੍ਰੇਡੇਬਲ, ਰੀਸਾਈਕਲ ਜਾਂ ਮੁੜ ਵਰਤੋਂ ਯੋਗ ਸਮੱਗਰੀ ਦੀ ਵਰਤੋਂ ’ਤੇ ਜ਼ੋਰ ਦਿੰਦੇ ਹੋਏ ਭਾਰਤ ਦੀ ਪਹਿਲੀ ਜ਼ੀਰੋ ਵੇਸਟ ਫੂਡ ਸਟ੍ਰੀਟ ਮਾਰਕੀਟ ਬਣਾਉਣ ਦੇ ਯਤਨਾਂ ਦੇ ਸਮਰਥਨ ਦੀ ਅਪੀਲ ਕੀਤੀ। ਉਨ੍ਹਾਂ ਦੁਕਾਨਦਾਰਾਂ ਨੂੰ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ ਇੱਕ ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ।
ਦੁਕਾਨਦਾਰਾਂ ਨੇ ਇਲਾਕਾ ਕੌਂਸਲਰ ਸੌਰਭ ਜੋਸ਼ੀ ਦੇ ਸੁਝਾਅ ਨਾਲ ਸਹਿਮਤੀ ਪ੍ਰਗਟਾਈ ਕਿ ਪ੍ਰਾਜੈਕਟ ਵਿੱਚ ਵਰਤੇ ਜਾਣ ਵਾਲੇ ਪ੍ਰਵਾਨਿਤ ਸਮੱਗਰੀ ਦੀ ਸੂਚੀ ਪ੍ਰਦਰਸ਼ਿਤ ਜਾਂ ਵੰਡੀ ਜਾਵੇ। ਇਸ ਤੋਂ ਇਲਾਵਾ ਜ਼ੀਰੋ ਵੇਸਟ ਫੂਡ ਸਟਰੀਟ ਮਾਰਕੀਟ ਐਸੋਸੀਏਸ਼ਨ ਨੇ ਇਨ੍ਹਾਂ ਸਿਧਾਂਤਾਂ ਦੀ ਪਾਲਣਾ ਕਰਨ ਦਾ ਵਾਅਦਾ ਕੀਤਾ।