For the best experience, open
https://m.punjabitribuneonline.com
on your mobile browser.
Advertisement

ਕਿੰਗ ਸਟਰੀਟ ਦੇ ਦੁਕਾਨਦਾਰਾਂ ਨੇ ਟੀਡੀਆਈ ਦੇ ਗੇਟ ਨੂੰ ਜਿੰਦਾ ਲਾਇਆ

06:56 AM Sep 26, 2024 IST
ਕਿੰਗ ਸਟਰੀਟ ਦੇ ਦੁਕਾਨਦਾਰਾਂ ਨੇ ਟੀਡੀਆਈ ਦੇ ਗੇਟ ਨੂੰ ਜਿੰਦਾ ਲਾਇਆ
ਟੀਡੀਆਈ ਦੇ ਦਾਖ਼ਲਾ ਗੇਟ ਨੂੰ ਜਿੰਦਾ ਲਾਉਂਦੇ ਹੋਏ ਦੁਕਾਨਦਾਰ ਤੇ ਸੈਕਟਰ ਵਾਸੀ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 25 ਸਤੰਬਰ
ਲਾਂਡਰਾਂ-ਬਨੂੜ ਮੁੱਖ ਸੜਕ ਦੇ ਦੋਵੇਂ ਪਾਸੇ ਨਿਕਾਸੀ ਨਾਲੇ ਉੱਤੇ ਰੱਖੀਆਂ ਸੀਮਿੰਟ ਦੀਆਂ ਸਲੈਬਾਂ ਦੀ ਹਾਲਤ ਖ਼ਸਤਾ ਹੋਣ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਟੀਡੀਆਈ ਸੈਕਟਰ-110 ਦੀ ਕਿੰਗ ਸਟਰੀਟ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਬਾਜਵਾ, ਚੇਅਰਮੈਨ ਪ੍ਰੇਮ ਸਿੰਘ, ਮੀਤ ਪ੍ਰਧਾਨ ਸੁਰਿੰਦਰ ਸਿੰਘ ਰੋਜ਼ੀ, ਜਨਰਲ ਸਕੱਤਰ ਐੱਸਕੇ ਸ਼ਰਮਾ ਅਤੇ ਸਾਬਕਾ ਲੇਬਰ ਕਮਿਸ਼ਨਰ ਸੁਨੀਲ ਪੁਰੇਵਾਲ ਨੇ ਦੱਸਿਆ ਕਿ ਸੈਕਟਰ ਵਾਸੀ ਅਤੇ ਪੀੜਤ ਦੁਕਾਨਦਾਰ ਪਿਛਲੇ ਕਰੀਬ ਡੇਢ ਸਾਲ ਤੋਂ ਟੀਡੀਆਈ ਮੈਨੇਜਮੈਂਟ ਤੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਅਪੀਲਾਂ ਕਰ ਕੇ ਥੱਕ ਚੁੱਕੇ ਹਨ। ਉਨ੍ਹਾਂ ਦੀ ਮੰਗ ਹੈ ਕਿ ਇੱਥੇ ਨਵੀਆਂ ਤੇ ਮਜ਼ਬੂਤ ਸਲੈਬਾਂ ਰੱਖੀਆਂ ਜਾਣ ਪਰ ਜਦੋਂ ਕਿਸੇ ਨੇ ਗੱਲ ਨਹੀਂ ਸੁਣੀ ਤਾਂ ਅੱਜ ਉਨ੍ਹਾਂ ਨੂੰ ਮੁੱਖ ਗੇਟ ਨੂੰ ਜਿੰਦਾ ਲਗਾ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਗੇਟ ਨੂੰ ਜਿੰਦਾ ਲਾਉਣ ਕਾਰਨ ਟੀਡੀਆਈ ਸੈਕਟਰ-110 ਸਣੇ ਪਿੰਡ ਮੌਜਪੁਰ ਤੇ ਹੋਰਨਾਂ ਦਰਜਨਾਂ ਪਿੰਡਾਂ ਨੂੰ ਜਾਣ ਵਾਲਾ ਛੋਟਾ ਲਾਂਘਾ ਬੰਦ ਹੋ ਗਿਆ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਵਸਨੀਕਾਂ ਅਤੇ ਹੋਰ ਰਾਹਗੀਰਾਂ ਨੂੰ ਨੇੜਲੇ ਸੈਕਟਰ-111 ’ਚੋਂ ਹੋ ਕੇ ਲੰਘਣਾ ਪਿਆ ਹੈ। ਕਾਫ਼ੀ ਲੋਕ ਬਨੂੜ ਜਾਮ ਵਿੱਚ ਫਸਣ ਦੀ ਬਜਾਇ ਇੱਥੋਂ ਲੰਘ ਕੇ ਵਾਇਆ ਮਾਣਕਪੁਰ ਖੇੜਾ ਹੋ ਕੇ ਰਾਜਪੁਰਾ ਤੱਕ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਸੜਕ ਤੋਂ ਟੀਡੀਆਈ ਦਾਖ਼ਲੇ ’ਤੇ ਸੜਕ ਕਿਨਾਰੇ ਪਾਣੀ ਦੀ ਨਿਕਾਸੀ ਲਈ ਨਾਲੇ ਉੱਤੇ ਲੱਗੀਆਂ ਸਲੈਬਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਕਈ ਵਾਰ ਅਪੀਲ ਕਰਨ ’ਤੇ ਸਲੈਬਾਂ ਠੀਕ ਨਹੀਂ ਕਰਵਾਈਆਂ ਗਈਆਂ। ਟੁੱਟੀਆਂ ਸਲੈਬਾਂ ਕਾਰਨ ਹਰ ਸਮੇਂ ਸੜਕ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ ਜਦੋਂਕਿ ਕਈ ਦੋ ਪਹੀਆ ਵਾਹਨ ਚਾਲਕ ਡਿੱਗ ਕੇ ਜ਼ਖ਼ਮੀ ਹੋ ਚੁੱਕੇ ਹਨ।
ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਮੁੱਖ ਗੇਟ ਬੰਦ ਸੀ। ਉਨ੍ਹਾਂ ਦੱਸਿਆ ਕਿ ਭਲਕੇ 26 ਸਤੰਬਰ ਨੂੰ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਸੈਕਟਰ ਵਾਸੀਆਂ ਦੇ ਸਹਿਯੋਗ ਨਾਲ ਸਵੇਰੇ 11 ਵਜੇ ਟੀਡੀਆਈ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਜੇ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਉਹ ਦਫ਼ਤਰ ਨੂੰ ਜਿੰਦਾ ਲਾ ਕੇ ਧਰਨੇ ’ਤੇ ਬੈਠਣ ਤੋਂ ਗੁਰੇਜ਼ ਨਹੀਂ ਕਰਨਗੇ।

Advertisement

Advertisement
Advertisement
Author Image

Advertisement