ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਪੁਲੀਸ ਚੌਕੀ ਅੱਗੇ ਧਰਨਾ ਲਾਇਆ
ਪੱਤਰ ਪ੍ਰੇਰਕ
ਦੋਦਾ, 4 ਜਨਵਰੀ
ਇਸ ਖੇਤਰ ਵਿੱਚ ਚੋਰਾਂ ਦੇ ਹੌਸਲੇ ਵਧਦੇ ਜਾ ਰਹੇ ਹਨ ਤੇ ਉਹ ਦੁਕਾਨਾਂ ਦੇ ਸ਼ਟਰ ਤੋੜ ਕੇ ਸਾਮਾਨ ਚੋਰੀ ਕਰ ਰਹੇ ਹਨ। ਬੀਤੇ ਦਿਨੀਂ ਗੁਰਮਨ ਟੈਲੀਕਾਮ ਦੁਕਾਨ ਦਾ ਰਾਤ ਸਮੇਂ ਸ਼ਟਰ ਤੋੜ ਕੇ ਮੋਬਾਈਲ ਤੇ ਹੋਰ ਸਾਮਾਨ ਚੋਰੀ ਕਰ ਲਿਆ ਜਿਸ ਦੀ ਕੀਮਤ ਕਰੀਬ 50 ਹਜ਼ਾਰ ਰੁਪਏ ਸੀ। ਬੀਤੀ ਰਾਤ ਚੋਰਾਂ ਵੱਲੋਂ ਇਕ ਹੋਰ ਮੋਬਾਈਲਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰੀ ਦੀ ਕੋਸ਼ਿਸ ਕੀਤੀ ਗਈ ਪਰ ਪਤਾ ਲਗਦਿਆਂ ਹੀ ਦੁਕਾਨਦਾਰਾਂ ਨੇ ਚੋਰ ਨੂੰ ਤਾਲਾ ਤੋੜਦਿਆਂ ਰੰਗੇ ਹੱਥੀ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਅਤੇ ਸਮੂਹ ਦੁਕਾਨਦਾਰਾਂ ਨੇ ਅੱਧੇ ਦਿਨ ਲਈ ਦੁਕਾਨਾਂ ਬੰਦ ਕਰਕੇ ਪੁਲੀਸ ਚੌਕੀ ਅੱਗੇ ਚੋਰ ਦੇ ਸਾਥੀਆਂ ਨੂੰ ਫੜਨ ਲਈ ਦਰੀ ਵਿਛਾਕੇ ਰੋਸ ਪ੍ਰਗਟ ਕੀਤਾ ਮੁਲਜ਼ਮਾਂ ਨੂੰ ਫੜਨ ਲਈ ਥੋੜ੍ਹਾ ਸਮਾਂ ਮੰਗਦਿਆਂ ਚੌਕੀ ਇਚਾਰਜ ਦੇ ਭਰੋਸੇ ਉਪਰੰਤ ਰੋਸ ਸਮਾਪਤ ਕੀਤਾ। ਦੁਕਾਨਦਾਰਾਂ ਅਨੁਸਾਰ ਪੁਲੀਸ ਦੀ ਢਿਲੀ ਕਾਰਗੁਜ਼ਾਰੀ ਕਰਕੇ ਸਮੂਹ ਦੁਕਾਨਦਾਰ ਖਫਾ ਹਨ ਅਤੇ ਉਨ੍ਹਾਂ ਮੀਟਿੰਗ ਕਰਕੇ ਕਿਹਾ ਕਿ ਜੇਕਰ ਪੁਲੀਸ ਕੱਲ੍ਹ ਸਵੇਰੇ 9 ਵਜੇ ਤੱਕ ਸਾਰੇ ਮੁਲਜ਼ਮਾਂ ਨੂੰ ਨਹੀਂ ਗ੍ਰਿਫਤਾਰ ਕਰਦੀ ਤਾਂ ਉਹ ਕੱਲ੍ਹ ਨੂੰ ਹਾਈਵੇ ਜਾਮ ਕਰਨਗੇ। ਡੀਐਸਪੀ ਜਸਵੀਰ ਸਿੰਘ ਗਿੱਦੜਬਾਹਾ ਨੇ ਕਿਹਾ ਕਿ ਚੋਰਾਂ ਖਿਲਾਫ਼ ਬਿਆਨਾਂ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।