For the best experience, open
https://m.punjabitribuneonline.com
on your mobile browser.
Advertisement

ਦੁਕਾਨਦਾਰਾਂ ਨੇ ਕਾਰੋਬਾਰ ਬੰਦ ਕਰ ਕੇ ਆਵਾਜਾਈ ਰੋਕੀ

07:44 AM Jun 29, 2024 IST
ਦੁਕਾਨਦਾਰਾਂ ਨੇ ਕਾਰੋਬਾਰ ਬੰਦ ਕਰ ਕੇ ਆਵਾਜਾਈ ਰੋਕੀ
ਚੌਰਾਹੇ ’ਚ ਧਰਨਾ ਲਾ ਕੇ ਬੈਠੇ ਦੁਕਾਨਦਾਰ।
Advertisement

ਸ਼ਗਨ ਕਟਾਰੀਆ
ਜੈਤੋ, 28 ਜੂਨ
ਸਥਾਨਕ ਹਸਪਤਾਲ ਰੋਡ ਦੇ ਦੁਕਾਨਦਾਰਾਂ ਨੇ ਅੱਜ ਆਪਣੇ ਕਾਰੋਬਾਰੀ ਕੇਂਦਰ ਬੰਦ ਰੱਖ ਕੇ, ਇੱਥੇ ਬੱਸ ਸਟੈਂਡ ਚੌਕ ਵਿੱਚ ਧਰਨਾ ਲਾ ਕੇ ਪੂਰਾ ਦਿਨ ਆਵਾਜਾਈ ਬੰਦ ਰੱਖੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਹਸਪਤਾਲ ਰੋਡ ’ਤੇ ਹੀ ਇੱਕ ਸਕੂਟਰ ਮਕੈਨਿਕ ’ਤੇ ਨਾਬਾਲਗ ਬੱਚੀ ਨਾਲ ਇਤਰਾਜ਼ਯੋਗ ਹਰਕਤਾਂ ਕਰਨ ਬਾਰੇ ਦਰਜ ਹੋਇਆ ਪੁਲੀਸ ਕੇਸ ਗ਼ਲਤ ਹੈ। ਦੁਕਾਨਦਾਰ ਕੇਸ ਰੱਦ ਕਰਨ ਅਤੇ ਮਕੈਨਿਕ ਦੀ ਰਿਹਾਈ ਦੀ ਮੰਗ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਜੈਤੋ ਪੁਲੀਸ ਨੇ 27 ਜੂਨ ਨੂੰ ਮਕੈਨਿਕ ਗੁਰਦੀਪ ਸਿੰਘ ’ਤੇ ਆਈਪੀਸੀ ਦੀ ਧਾਰਾ 354/354ਏ, 7/8 ਪੋਕਸੋ ਐਕਟ 2012 ਤਹਿਤ ਮੁਲਜ਼ਮ ਦੀ ਦੁਕਾਨ ਦੇ ਗੁਆਂਢੀ ਦੁਕਾਨਦਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਦੋਸ਼ ਇਹ ਲਾਇਆ ਗਿਆ ਸੀ ਕਿ 26 ਜੂਨ ਨੂੰ ਦੁਕਾਨਦਾਰਾਂ ਵੱਲੋਂ ਰਲ ਕੇ ਛਬੀਲ ਲਾਈ ਗਈ ਸੀ, ਜਿਸ ਦੌਰਾਨ ਮੁਲਜ਼ਮ ਨੇ ਇੱਕ ਨੌਂ ਕੁ ਵਰ੍ਹਿਆਂ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ। ਕੇਸ ਦਰਜ ਹੋਣ ਮਗਰੋਂ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਦੁਕਾਨਦਾਰਾਂ ਨੇ ਮੁਲਜ਼ਮ ਦੇ ਹੱਕ ’ਚ ਸਫ਼ਾਈ ਪੇਸ਼ ਕਰਦਿਆਂ, ਮੁਦੱਈ ਧਿਰ ’ਤੇ ਉਸ ਦੀ ਕਿਰਦਾਰਕੁਸ਼ੀ ਕਰਨ ਦੇ ਦੋਸ਼ ਲਾਏ।
ਚੌਕ ’ਚ ਪੂਰਾ ਦਿਨ ਧਰਨਾ ਜਾਰੀ ਰਿਹਾ ਅਤੇ ਇੱਥੋਂ ਲੰਘਣ ਵਾਲੇ ਬਠਿੰਡਾ-ਕੋਟਕਪੂਰਾ ਦਿਸ਼ਾ ਦੇ ਵਾਹਨਾਂ ਨੂੰ ਵਾਇਆ ਬਾਜਾਖਾਨਾ ਹੋ ਕੇ ਆਪਣੇ ਪੰਧ ਨਾਪਣੇ ਪਏ। ਸਵੇਰ ਤੋਂ ਮਾਮਲੇ ਨੂੰ ਸੁਲਝਾਉਣ ’ਚ ਰੁੱਝੇ ਸਾਲਸੀਆਂ ਦੀ ਮਿਹਨਤ ਨੂੰ ਸ਼ਾਮ ਤੱਕ ਬੂਰ ਪੈ ਗਿਆ ਜਦੋਂ ਉਹ ਮੁਦੱਈ ਤੇ ਮੁਲਜ਼ਮ ਧਿਰਾਂ ਨੂੰ ਸਮਝੌਤੇ ਲਈ ਮਨਾਉਣ ’ਚ ਸਫ਼ਲ ਹੋ ਗਏ। ਇਸ ਮਗਰੋਂ ਧਰਨੇ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ। ਧਰਨਾ ਚੁੱਕੇ ਜਾਣ ਮਗਰੋਂ ਸੜਕੀ ਆਵਾਜਾਈ ਆਮ ਵਾਂਗ ਬਹਾਲ ਹੋਈ।

Advertisement

Advertisement
Author Image

sukhwinder singh

View all posts

Advertisement
Advertisement
×