ਮਾਮੂਲੀ ਗੱਲ ਨੂੰ ਲੈ ਕੇ ਦੁਕਾਨਦਾਰ ਆਪਸ ਵਿੱਚ ਭਿੜੇ
ਸੁੰਦਰ ਨਾਥ ਆਰੀਆ
ਅਬੋਹਰ, 20 ਨਵੰਬਰ
ਸਥਾਨਕ ਬੱਸ ਸਟੈਂਡ ਦੇ ਪਿੱਛੇ ਅੱਜ ਦੁਪਹਿਰ ਵੇਲੇ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਆਪਸ ਵਿੱਚ ਲੜ ਰਹੇ ਕੁਝ ਦੁਕਾਨਦਾਰਾਂ ਨੇ ਮੌਕੇ ’ਤੇ ਪੁੱਜੀ ਪੁਲੀਸ ਟੀਮ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮਾਹੌਲ ਇੰਨਾ ਵਿਗੜ ਗਿਆ ਕਿ ਪੁਲੀਸ ਨੂੰ ਦੁਕਾਨਦਾਰਾਂ ’ਤੇ ਲਾਠੀਚਾਰਜ ਕਰਨਾ ਪਿਆ। ਇਸ ਹਮਲੇ ’ਚ ਚਾਰ ਦੁਕਾਨਦਾਰਾਂ ਸਣੇ ਇਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਬੱਸ ਸਟੈਂਡ ਦੇ ਪਿੱਛੇ ਦੋ ਕੱਪੜਾ ਵਪਾਰੀਆਂ ਵਿਚਕਾਰ ਮਾਮੂਲੀ ਗਲ ਨੂੰ ਲੈ ਕੇ ਝੜਪ ਹੋ ਗਈ ਜਿਸ ਤੋਂ ਬਾਅਦ ਦੋਵਾਂ ਦੁਕਾਨਦਾਰਾਂ ਦੀ ਮਦਦ ਕਰਨ ਹੋਰ ਦੁਕਾਨਦਾਰ ਵੀ ਪਹੁੰਚ ਗਏ। ਇਸ ਗਲ ਦੀ ਸੂਚਨਾ ਪੁਲੀਸ ਨੂੰ ਦਿੱਤੇ ਜਾਣ ’ਤੇ ਜਿਵੇਂ ਹੀ ਥਾਣਾ ਸਿਟੀ-1 ਦੇ ਇੰਚਾਰਜ ਸੁਨੀਲ ਕੁਮਾਰ ਪੁਲੀਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਦੁਕਾਨਦਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਪੁਲੀਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ ਜਿਸ ਨੂੰ ਦੇਖਦੇ ਹੋਏ ਪੁਲੀਸ ਨੇ ਲਾਠੀਚਾਰਜ ਕਰਕੇ ਸਥਿਤੀ ਨੂੰ ਕਾਬੂ ’ਚ ਕਰ ਲਿਆ। ਇਸ ਦੌਰਾਨ ਪੁਲੀਸ ਨੇ 3-4 ਦੁਕਾਨਦਾਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਇਸ ਦੌਰਾਨ ਇਸ ਹਮਲੇ ਵਿੱਚ ਜ਼ਖ਼ਮੀ ਹੋਏ ਸਥਾਨਕ ਵਾਸੀ ਮਨਦੀਪ, ਕਰਨਦੀਪ ਅਤੇ ਮੋਹਨ ਸਿੰਘ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇੱਥੇ ਥਾਣਾ ਇੰਚਾਰਜ ਨੇ ਦੱਸਿਆ ਕਿ ਦੁਕਾਨਦਾਰਾਂ ਦੀਆਂ ਦੋ ਧਿਰਾਂ ਆਪਸ ਵਿੱਚ ਲੜ ਪਈਆਂ ਸਨ, ਸਥਿਤੀ ਤਣਾਅਪੂਰਨ ਬਣੀ ਹੋਈ ਸੀ, ਜਦੋਂ ਪੁਲੀਸ ਨੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲੀਸ ਟੀਮ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਲਾਠੀਚਾਰਜ ਕਰਨਾ ਪਿਆ। ਇਹ ਸਾਰਾ ਮਾਮਲਾ ਉੱਚ ਪੁਲੀਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਦੁਕਾਨਦਾਰ ਮਨਦੀਪ ਪੁੱਤਰ ਸਵਰਨ ਸਿੰਘ ਅਤੇ ਕਰਨਦੀਪ ਪੁੱਤਰ ਮਨਦੀਪ ਸਿੰਘ ਵਾਸੀ ਅਬੋਹਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਮੋਬਾਈਲ ਚਾਰਜਰ ਗੁਆਂਢੀ ਦੁਕਾਨਦਾਰ ਮੋਹਨ ਸਿੰਘ ਪੁੱਤਰ ਸਵਰਨ ਸਿੰਘ ਦੀ ਦੁਕਾਨ ’ਤੇ ਲੱਗਿਆ ਹੋਇਆ ਸੀ। ਅਜੀਤ ਸਿੰਘ ਜਦੋਂ ਚਾਰਜਰ ਲੈਣ ਗਿਆ ਤਾਂ ਝਗੜਾ ਹੋ ਗਿਆ। ਇਸੇ ਮਾਮਲੇ ਵਿੱਚ ਦੂਜੀ ਧਿਰ ਦੇ ਮਾਲਵਾ ਫੈਸ਼ਨ ਦੇ ਦੁਕਾਨਦਾਰ ਮੋਹਨ ਸਿੰਘ ਪੁੱਤਰ ਅਜੀਤ ਸਿੰਘ ਅਤੇ ਮਨਜੀਤ ਸਿੰਘ ਪੁੱਤਰ ਮੋਹਨ ਸਿੰਘ ਜੋ ਕਿ ਜ਼ਖ਼ਮੀ ਹੋਏ ਹਨ, ਨੇ ਵੀ ਪਹਿਲੀ ਧਿਰ ਦੇ ਦੁਕਾਨਦਾਰਾਂ ’ਤੇ ਉਪਰੋਕਤ ਦੋਸ਼ ਲਾਏ ਹਨ। ਇਸ ਦੌਰਾਨ ਪੁਲੀਸ ਮੁਲਾਜ਼ਮ ਬਬਲੂ ਪੁੱਤਰ ਰਾਧੇ ਸ਼ਿਆਮ ਵੀ ਜ਼ਖ਼ਮੀ ਹੋ ਗਿਆ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।