ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨ
ਪੱਤਰ ਪ੍ਰੇਰਕ
ਮੋਰਿੰਡਾ, 24 ਜੂਨ
ਸ਼ਹਿਰ ਦੀ ਪੁਰਾਣਾ ਬਸੀ ਰੋਡ ’ਤੇ ਸਥਿਤ ਗੰਦੇ ਨਾਲੇ ਦੀ ਸਫ਼ਾਈ ਨਾ ਕਰਵਾਏ ਜਾਣ ਕਾਰਨ ਮਾਰਕੀਟ ਦੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਨਾਲੇ ਵਿੱਚੋਂ ਪੈਦਾ ਹੋ ਰਹੀ ਗੰਧ ਕਾਰਨ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ। ਦੁਕਾਨਦਾਰ ਤਜਿੰਦਰ ਕੁਮਾਰ ਬਿੱਟੂ, ਸੋਹਣ ਲਾਲ, ਸੀਤਲ ਸਿੰਘ ਛਿੱਬਰ, ਜਗਦੀਸ਼ ਦੀਸ਼ਾ, ਗੁਰਦੀਪ ਸਿੰਘ, ਬਲਵੀਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਇਸ ਗੰਦੇ ਨਾਲੇ ਦੀ ਸਫ਼ਾਈ ਕਈ ਮਹੀਨਿਆਂ ਤੋਂ ਨਹੀਂ ਕਰਵਾਈ ਗਈ। ਦੁਕਾਨਦਾਰਾਂ ਨੇ ਕਿਹਾ ਕਿ ਨਾਲੇ ਤੋਂ ਆ ਰਹੀ ਬਦਬੂ ਕਾਰਨ ਦੁਕਾਨਾਂ ਵਿੱਚ ਬੈਠਣਾ ਮੁਸ਼ਕਿਲ ਹੋ ਰਿਹਾ ਹੈ, ਹੁਣ ਤਾਂ ਗਾਹਕਾਂ ਨੇ ਵੀ ਦੁਕਾਨਾਂ ’ਤੇ ਆਉਣਾ ਛੱਡ ਕੇ ਦੂਜੀਆਂ ਮਾਰਕੀਟਾਂ ਦਾ ਰੁਖ਼ ਕਰ ਲਿਆ ਹੈ। ਇਸ ਕਾਰਨ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਉਨ੍ਹਾਂ ਦੱਸਿਆ ਕਿ ਦੁਕਾਨਾਂ ਵਿੱਚ ਗੰਦੇ ਨਾਲੇ ਤੋਂ ਆਉਂਦੀ ਬਦਬੂ ਰੋਕਣ ਲਈ ਨਾਲੇ ਨੂੰ ਚਾਦਰਾਂ, ਤਰਪਾਲਾਂ ਆਦਿ ਨਾਲ ਢਕਿਆ ਗਿਆ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਵਰਿੰਦਰ ਸਿੰਘ ਨੇ ਕਿਹਾ ਕਿ ਉਹ ਖ਼ੁਦ ਮੌਕਾ ਦੇਖ ਕੇ ਜਲਦੀ ਸਫ਼ਾਈ ਕਰਵਾਉਣ ਦਾ ਪ੍ਰਬੰਧ ਕਰਨਗੇ।