ਦੁਕਾਨਦਾਰ ’ਤੇ ਹਮਲਾ ਕਰ ਕੇ ਨਕਦੀ ਲੁੱਟੀ
ਪੱਤਰ ਪ੍ਰੇਰਕ
ਸਮਾਣਾ, 13 ਜਨਵਰੀ
ਇੱਥੇ ਸਿਵਲ ਹਸਪਤਾਲ ਦੇ ਬਾਹਰ ਸ਼ੁੱਕਰਵਾਰ ਰਾਤ ਸਮੇਂ ਕੈਮਿਸਟ ਦੀ ਦੁਕਾਨ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਆਏ ਅਤੇ ਦੁਕਾਨ ਮਾਲਕ ’ਤੇ ਹਮਲਾ ਕਰ ਕੇ ਉਸ ਦਾ ਪਰਸ ਅਤੇ ਗੱਲੇ ਵਿੱਚ ਪਈ ਨਕਦੀ ਕੱਢ ਕੇ ਲੈ ਗਏ। ਸੂਚਨਾ ਮਿਲਣ ’ਤੇ ਸਿਟੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਜ਼ਖ਼ਮੀ ਹਾਲਤ ਵਿੱਚ ਦੁਕਾਨਦਾਰ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਸਿਟੀ ਥਾਣਾ ਮੁਖੀ ਜੀ.ਐੱਸ. ਸਿੰਕਦ ਨੇ ਦੱਸਿਆ ਕਿ ‘ਸਿੰਗਲਾ ਹੈਲਥਕੇਅਰ’ ਦੁਕਾਨ ਮਾਲਕ ਪੁਨੀਤ ਸਿੰਗਲਾ ਵੱਲੋਂ ਦਰਜ ਸ਼ਿਕਾਇਤ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਕਰੀਬ ਸਵਾ 9 ਵਜੇ ਜਦੋਂ ਉਹ ਦੁਕਾਨ ਬੰਦ ਕਰਨ ਲਈ ਸ਼ਟਰ ਡਾਊਨ ਕਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਇਸੇ ਦੌਰਾਨ ਵੜੈਚਾ ਪੱਤੀ ਵੱਲੋਂ ਦੋ ਮੋਟਰਸਾਈਕਲ ਸਵਾਰ ਉਸ ਦੀ ਦੁਕਾਨ ’ਤੇ ਆਏ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਹ ਉਸ ਦੀ ਜੇਬ ਵਿੱਚੋਂ ਪਰਸ ਅਤੇ ਦੁਕਾਨ ਦੇ ਗੱਲੇ ਵਿੱਚ ਪਈ ਕਰੀਬ 70-80 ਹਜ਼ਾਰ ਦੀ ਨਕਦੀ ਕੱਢ ਕੇ ਫਰਾਰ ਹੋ ਗਏ।
ਅਧਿਕਾਰੀ ਅਨੁਸਾਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।