For the best experience, open
https://m.punjabitribuneonline.com
on your mobile browser.
Advertisement

ਪੋਟਾਸ਼ ਤੋਂ ਪਟਾਕਿਆਂ ਨੂੰ ਅੱਗ ਲੱਗਣ ਕਾਰਨ ਦੁਕਾਨ ਸੜੀ

07:31 AM Nov 02, 2024 IST
ਪੋਟਾਸ਼ ਤੋਂ ਪਟਾਕਿਆਂ ਨੂੰ ਅੱਗ ਲੱਗਣ ਕਾਰਨ ਦੁਕਾਨ ਸੜੀ
ਪਿੰਡ ਢਾਬ ਖੁਸ਼ਹਾਲ ਜੋਈਆ ਦੁਕਾਨ ਨੂੰ ਲੱਗੀ ਹੋਈ ਅੱਗ।
Advertisement

ਪਰਮਜੀਤ ਸਿੰਘ
ਫਾਜ਼ਿਲਕਾ, 1, ਨਵੰਬਰ
ਪਿੰਡ ਢਾਬ ਖੁਸ਼ਹਾਲ ਜੋਈਆ-2 ’ਚ ਲੰਘੀ ਸ਼ਾਮ ਪੋਟਾਸ਼ ਤੋਂ ਪਟਾਕਿਆਂ ਨੂੰ ਅੱਗ ਲੱਗਣ ਕਾਰਨ ਕਰਿਆਨੇ ਅਤੇ ਕੱਪੜਿਆਂ ਦੀ ਦੁਕਾਨ ਸੜ ਗਈ। ਘਟਨਾ ਮੌਕੇ ਦੁਕਾਨਦਾਰ ਦੇ ਪਰਿਵਾਰਕ ਮੈਂਬਰ ਮੌਜੂਦ ਸਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਲੜਕਾ ਅੱਗ ਦੀ ਲਪੇਟ ਵਿੱਚ ਆ ਕੇ ਝੁਲਸ ਗਿਆ। ਅੱਗ ਦੀ ਲਪੇਟ ਵਿੱਚ ਆਏ ਇਸ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਜਲਾਲਾਬਾਦ ਇਲਾਜ ਲਈ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਭੇਜ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਦੁਕਾਨ ਪਿੰਡ ਢਾਬ ਕੜਿਆਲ ਦੇ ਅਸ਼ੋਕ ਕੁਮਾਰ ਨੇ ਦੀਵਾਲੀ ਮੌਕੇ ਵੇਚਣ ਲਈ ਪਟਾਕੇ ਵੇਚਣ ਲਈ ਰੱਖੇ ਹੋਏ ਸਨ ਨਾਲ ਹੀ ਬਾਰੂਦ ਰੂਪੀ ਪੋਟਾਸ਼ ਵੀ ਰੱਖੀ ਹੋਈ ਸੀ। ਪੋਟਾਸ਼ ਬਾਰੇ ਲੋਕਾਂ ਦਾ ਮੰਨਣਾ ਹੈ ਕਿ ਇਸ ਤੇ ਜੇਕਰ ਜਿਆਦਾ ਧੁੱਪ ਪੈ ਜਾਵੇ ਤਾਂ ਇਹ ਆਪਣੇ ਆਪ ਫਟਣ ਲੱਗਦੀ ਹੈ ਅਤੇ ਇਸ ਨੂੰ ਅੱਗ ਲੱਗ ਜਾਂਦੀ ਹੈ। ਸ਼ਾਇਦ ਇਸੇ ਕਾਰਨ ਪੋਟਾਸ਼ ਨੂੰ ਅੱਗ ਲੱਗੀ ਅਤੇ ਅੱਗ ਪਟਾਕਿਆਂ ਤੋਂ ਬਾਅਦ ਲਗਾਤਾਰ ਇੰਨੀ ਫੈਲ ਗਈ ਕਿ ਉਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਪਿੰਡ ਵਾਸੀਆਂ ਨੇ ਅੱਗ ਲੱਗਣ ਦਾ ਪਤਾ ਲੱਗਣ ’ਤੇ ਤੁਰੰਤ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਗ ਕਾਰਨ ਦੁਕਾਨ ਦਾ ਸਾਰਾ ਸਮਾਨ ਸੜ ਗਿਆ ਹੈ।

Advertisement

ਪਟਾਕਿਆਂ ਦੇ ਗੋਦਾਮ ’ਚ ਅੱਗੀ ਲੱਗੀ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸ਼ਹਿਰ ਵਿੱਚ ਪਟਾਕਿਆਂ ਵਾਲਿਆਂ ਨੇ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਭੀੜੇ ਬਜ਼ਾਰਾਂ ’ਚ ਪਟਾਕੇ ਵੇਚੇ। ਇਸੇ ਦੌਰਾਨ ਵੀਰਵਾਰ ਨੂੰ ਦੇਰ ਰਾਤ ਕਰੀਬ 10 ਵਜੇ ਪਟਾਕਿਆਂ ਦੇ ਇਕ ਸਟੋਰ ਨੂੰ ਅੱਗ ਲੱਗ ਗਈ। ਸ਼ਹਿਰ ਦੇ ਬਿਲਕੁਲ ਵਿਚਕਾਰ ਪੁਰਾਣੀ ਦਾਣਾ ਮੰਡੀ ਵਿੱਚ ਬਣੇ ਇਸ ਪਟਾਕਾ ਸਟੋਰ ਦੇ ਚਾਰੇ ਪਾਸੇ ਭੀੜਾ ਬਾਜ਼ਾਰ ਹੈ। ਫਾਇਰ ਬ੍ਰਿਗੇਡ ਦਸਤੇ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਗੁਦਾਮ ਦੇ ਉਪਰ ਪਏ ਬਾਰਦਾਨੇ ਵਿੱਚ ਕਿਸੇ ਆਤਿਸ਼ਬਾਜ਼ੀ ਦੇ ਡਿੱਗਣ ਨਾਲ ਇਹ ਅੱਗ ਬਾਰਦਾਨੇ ਨੂੰ ਲੱਗ ਗਈ ਤੇ ਉਸ ਤੋਂ ਬਾਅਦ ਪਟਾਕਿਆਂ ਨੂੰ ਪੈ ਗਈ। ਲੋਕਾਂ ਤੇ ਦਸਤੇ ਨੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਪਟਾਕਿਆਂ ਦੇ ਲਾਇਸੈਂਸਸ਼ੁਦਾ ਵਿਕਰੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਪਾਸੋਂ ਪ੍ਰਸ਼ਾਸਨ ਨੇ ਹਜ਼ਾਰਾਂ ਰੁਪਏ ਜੀਐੱਸਟੀ ਲਿਆ ਹੈ ਤੇ ਦੁਕਾਨਾਂ ਵੀ ਸ਼ਹਿਰੋਂ ਬਾਹਰ ਅਲਾਟ ਕੀਤੀਆਂ ਹਨ। ਦੂਜੇ ਪਾਸੇ ਸ਼ਹਿਰ ਦੇ ਵਿੱਚ ਬਿਨਾਂ ਲਾਇਸੈਂਸ ਤੋਂ ਸ਼ਰ੍ਹੇਆਮ ਪਟਾਕੇ ਵੇਚੇ ਗਏ। ਇਸ ਸਬਧੀ ਥਾਣਾ ਸਿਟੀ ਦੇ ਮੁਖੀ ਜਸਕਰਨਦੀਪ ਸਿੰਘ ਨੇ ਕਿਹਾ ਕਿ ਕਸਰੀਜਾ ਫਰਮ ਨੂੰ ਐੱਸਡੀਐੱਮ ਦਫਤਰ ਵੱਲੋਂ ਲਾਇਸੈਂਸ ਜਾਰੀ ਕੀਤਾ ਗਿਆ ਹੈ। ਇਸ ਲਈ ਹਾਦਸੇ ਸਬੰਧੀ ਕਾਰਵਾਈ ਐੱਸਡੀਐੱਮ ਹੀ ਕਰਨਗੇ।

Advertisement

Advertisement
Author Image

sukhwinder singh

View all posts

Advertisement