ਵਿਵੇਕ ਅਗਨੀਹੋਤਰੀ ਵੱਲੋਂ ‘ਦਿ ਦਿੱਲੀ ਫਾਈਲਜ਼’ ਦੀ ਸ਼ੂਟਿੰਗ ਸ਼ੁਰੂ
ਮੁੰਬਈ: ਫਿਲਮ ‘ਦਿ ਕਸ਼ਮੀਰ ਫਾਈਲਜ਼’ ਅਤੇ ‘ਦਿ ਵੈਕਸੀਨ ਵਾਰ’ ਲਈ ਜਾਣੇ ਜਾਂਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਨੇ ਐਲਾਨ ਕੀਤਾ ਕਿ ਉਹ ਅਗਲੀ ਫਿਲਮ ‘ਦਿ ਦਿੱਲੀ ਫਾਈਲਜ਼’ ਬਣਾਉਣਗੇ। ਇਸ ਸਬੰਧੀ ਫਿਲਮਸਾਜ਼ ਨੇ ‘ਐਕਸ’ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਉਹ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਉਨ੍ਹਾਂ ‘ਦਿ ਦਿੱਲੀ ਫਾਈਲਜ਼’ ਦੇ ਸੈੱਟ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜੋ ਫਿਲਮ ਦੀ ਸ਼ੂਟਿੰਗ ਹੋਣ ਦੀ ਪੁਸ਼ਟੀ ਕਰਦੀ ਹੈ। ਵੀਡੀਓ ਵਿੱਚ ਟੀਮ ਪੂਜਾ ਕਰਦੀ ਨਜ਼ਰ ਆ ਰਹੀ ਹੈ ਤੇ ਇਸ ’ਚ ਕੋਲਕਾਤਾ ਵਿੱਚ ਵੰਡ ਦੇ ਦੌਰ ਨੂੰ ਦੁਹਰਾਉਣ ਲਈ ਤਿਆਰ ਕੀਤੇ ਸੈੱਟ ਦੀ ਝਲਕ ਦਿਖਾਈ ਦੇ ਰਹੀ ਹੈ। ਅਗਨੀਹੋਤਰੀ ਨੇ ਕਿਹਾ, ‘‘ਸ਼ੁਭ ਆਰੰਭ, ਤੁਹਾਡੀਆਂ ਦੁਆਵਾਂ ਨਾਲ ਅੱਜ ‘ਦਿ ਦਿੱਲੀ ਫਾਈਲਜ਼’ ਦੀ ਸ਼ੁੂਟਿੰਗ ਸ਼ੁਰੂ ਹੋ ਗਈ ਹੈ। ਫਿਲਮ ਦੀ ਸਮੁੱਚੀ ਟੀਮ ਵੱਲੋਂ ਪੂਜਾ ਕੀਤੀ ਗਈ। ਹੇ ਮਾਂ ਸਾਨੂੰ ਇਸ ਔਖੀ ਕਹਾਣੀ ਨੂੰ ਇਮਾਨਦਾਰੀ ਤੇ ਨਿਡਰਤਾ ਨਾਲ ਪੇਸ਼ ਕਰਨ ਦੀ ਹਿੰਮਤ ਬਖ਼ਸ਼ੀਂ।’’ ਜ਼ਿਕਰਯੋਗ ਹੈ ਕਿ ਫਿਲਮ ਲਈ ਜਾਣਕਾਰੀ ਇਕੱਠੀ ਕਰਨ ਵਾਸਤੇ ਵਿਵੇਕ ਨੇ ਕੇਰਲਾ ਤੋਂ ਕੋਲਕਾਤਾ ਤੇ ਕੋਲਕਾਤਾ ਤੋਂ ਦਿੱਲੀ ਤੱਕ ਸਫ਼ਰ ਕੀਤਾ ਹੈ। -ਆਈਏਐੱਨਐੱਸ