ਦਿਵਿਆ ਖੋਸਲਾ ਦੀ ਫਿਲਮ ‘ਹੀਰੋ ਹੀਰੋਇਨ’ ਦੀ ਸ਼ੂਟਿੰਗ ਪੰਜ ਅਕਤੂਬਰ ਤੋਂ ਹੋਵੇਗੀ ਸ਼ੁਰੂ
ਮੁੰਬਈ: ਅਦਾਕਾਰਾ ਦਿਵਿਆ ਖੋਸਲਾ ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਹੁਣ ਪੰਜ ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਉਸ ਦੀ ਫਿਲਮ ‘ਹੀਰੋ ਹੀਰੋਇਨ’ ਦੀ ਸ਼ੂਟਿੰਗ 10 ਜੂਨ ਤੋਂ ਸ਼ੁਰੂ ਹੋਣੀ ਸੀ। ਫਿਲਮ ਨਿਰਮਾਤਾ 12 ਅਗਸਤ ਨੂੰ ਮੁੱਖ ਕਿਰਦਾਰ ਬਾਰੇ ਖੁਲਾਸਾ ਕਰਨਗੇ। ‘ਹੀਰੋ ਹੀਰੋਇਨ’ ਇੱਕ ਤੇਲਗੂ ਫਿਲਮ ਹੈ, ਜਿਸ ਵਿੱਚ ਦਿਵਿਆ ਨੂੰ ਭਾਸ਼ਾ ਦੇ ਸਿਰ ’ਤੇ ਭੂਮਿਕਾ ਕਰਨ ਦਾ ਮੌਕਾ ਮਿਲਿਆ ਹੈ। ਫਿਲਮ ਵਿੱਚ ਇਸ਼ਾ ਦਿਓਲ, ਸੋਨੀ ਰਾਜ਼ਦਾਨ, ਪਰੇਸ਼ ਰਾਵੇਲ, ਇਸ਼ੀਤਾ ਚੌਹਾਨ, ਤੁਸ਼ਾਰ ਕਪੂਰ, ਕੋਮਲ ਨਾਹਟਾ ਅਤੇ ਪ੍ਰਿਯੰਕਾ ਚਾਹਰ ਚੌਧਰੀ ਵੀ ਕੰਮ ਕਰਨਗੇ। ਦਿਵਿਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਫਿਲਮ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਉਹ ਤੇਲਗੂ ਭਾਸ਼ਾ ਸਿੱਖ ਰਹੀ ਹੈ ਅਤੇ ਸਕ੍ਰਿਪਟ ਦੀਆਂ ਬਾਰੀਕੀਆਂ ’ਤੇ ਕੰਮ ਕਰ ਰਹੀ ਹੈ। ਅਦਾਕਾਰਾ ਨੇ ਕਿਹਾ, ‘‘ਫਿਲਮ ‘ਸਾਵੀ’ ਦੀ ਸਫਲਤਾ ਤੋਂ ਬਾਅਦ ਮੈਂ ‘ਹੀਰੋ ਹੀਰੋਇਨ’ ਜ਼ਰੀਏ ਦਰਸ਼ਕਾਂ ਦਾ ਦਿਲ ਜਿੱਤਣ ਲਈ ਪੁੂਰੀ ਕੋਸ਼ਿਸ਼ ਕਰ ਰਹੀ ਹਾਂ।’’ ਇਸ ਫਿਲਮ ਦਾ ਨਿਰਮਾਣ ਪ੍ਰੇਰਨਾ ਅਰੋੜਾ, ਕ੍ਰਿਸ਼ਨਾ ਵਿਜੈ ਐੱਲ ਅਤੇ ਦੱਖਣੀ ਨਿਰਦੇਸ਼ਕ ਪਵਨ ਸਦਨੇਨੀ ਦੀ ਪ੍ਰੋਡਕਸ਼ਨ ਕੰਪਨੀ ਪੀਓਵੀ ਸਟੋਰੀਜ਼ ਵੱਲੋਂ ਕੀਤਾ ਜਾ ਰਿਹਾ ਹੈ। -ਆਈਏਐੱਨਐੱਸ