ਸ਼੍ਰੋਮਣੀ ਕਮੇਟੀ ਨੇ ਫਿਲਮ ‘ਐਮਰਜੈਂਸੀ ਦੇ ਨਿਰਮਾਤਾਵਾਂ ਨੂੰ ਭੇਜਿਆ ਕਾਨੂੰਨੀ ਨੋਟਿਸ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੇ ਕਿਰਦਾਰ ਅਤੇ ਇਤਿਹਾਸ ਪੱਖਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਾਉਂਦਿਆਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਸਿੱਖ-ਵਿਰੋਧੀ ਭਾਵਨਾ ਵਾਲੇ ਇਤਰਾਜ਼ਯੋਗ ਦ੍ਰਿਸ਼ ਕੱਟਣ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਵੱਲੋਂ ਭੇਜੇ ਗਏ ਨੋਟਿਸ ਵਿੱਚ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਸਮੇਤ ਫ਼ਿਲਮ ਦੇ ਨਿਮਰਾਤਾਵਾਂ ਨੂੰ ਜਾਰੀ ਕੀਤਾ ਗਿਆ ਟ੍ਰੇਲਰ ਵੀ ਜਨਤਕ ਅਤੇ ਸੋਸ਼ਲ ਮੀਡੀਆ ਮੰਚਾਂ ਤੋਂ ਹਟਾ ਕੇ ਸਿੱਖ ਕੌਮ ਪਾਸੋਂ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ਦਾ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਸਿੱਖ ਸੰਸਥਾ ਵੱਲੋਂ ਇਸ ਵਿਰੁੱਧ ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਇਸ ਫ਼ਿਲਮ ਉੱਤੇ ਸਭ ਤੋਂ ਪਹਿਲਾਂ ਇਤਰਾਜ਼ ਪ੍ਰਗਟ ਕਰਦਿਆਂ ਇਸ ’ਤੇ ਰੋਕ ਲਾਉਣ ਲਈ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਫ਼ਿਲਮ ਸੈਂਸਰ ਬੋਰਡ ਦੇ ਚੇਅਰਮੈਨ ਨੂੰ ਵੱਖ-ਵੱਖ ਪੱਤਰ ਭੇਜੇ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ ਅਨੁਸਾਰ ਹੁਣ ਕੰਗਨਾ ਰਣੌਤ ਸਮੇਤ ਇਸ ਫ਼ਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨਟਿਸ ਭੇਜਿਆ ਗਿਆ ਹੈ। ਦਲ ਖਾਲਸਾ ਜਥੇਬਦੀ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਿਕ ਫਿਲਮ ’ਤੇ ਰੋਕ ਲਾਉਣ ਦੀ ਮੰਗ ਸਮੁੱਚੇ ਸਿੱਖ ਜਗਤ ਦੀ ਮੰਗ ਹੈ।