ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਵਫ਼ਦ ਲਾਲਪੁਰਾ ਨੂੰ ਮਿਲਿਆ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਂਬਰ ਭਾਈ ਮਲਕੀਤ ਸਿੰਘ ਚੰਗਾਲ ਦੀ ਅਗਵਾਈ ਹੇਠ ਵਫ਼ਦ ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਦਿੱਲੀ ਵਿੱਚ ਮਿਲਿਆ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਚਹਿੜ ਮਾਜਰਾ, ਭੁਪਿੰਦਰ ਸਿੰਘ ਬਜਰੂੜ ਰੋਪੜ, ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ ਤੇ ਅਮਰੀਕ ਸਿੰਘ ਕਿਲਾ ਹਕੀਮਾ ਤੋਂ ਇਲਾਵਾ ਸੁੱਚਾ ਸਿੰਘ ਬੱਸੀ, ਕਰਮ ਸਿੰਘ ਮਾਨਕ ਮਾਜਰਾ, ਕਪਿਲ ਦੇਵ ਬਾਵਾ, ਲਖਵੀਰ ਸਿੰਘ ਲੱਕੀ ਤੇ ਕੁਲਵੰਤ ਸਿੰਘ ਕਲਕੱਤਾ ਸ਼ਾਮਿਲ ਸਨ।
ਇਸ ਬਾਬਤ ਭਾਈ ਮਲਕੀਤ ਸਿੰਘ ਚੰਗਾਲ ਨੇ ਦੱਸਿਆ ਕਿ ਸ੍ਰੀ ਲਾਲਪੁਰਾ ਨਾਲ ਮੁਲਾਕਾਤ ਦੌਰਾਨ ਕਈ ਕੌਮੀ ਮਸਲਿਆਂ ਬਾਰੇ ਗੱਲਬਾਤ ਕੀਤੀ ਗਈ। ਗੁਰੂ ਨਾਨਕ ਦੇਵ ਦੇ ਚਰਨ ਛੋਹ ਇਤਿਹਾਸਕ ਅਸਥਾਨਾਂ ਵਿੱਚੋਂ ਗੁਰਦੁਆਰਾ ਡਾਂਗਮਾਰ ਸਾਹਿਬ ਸਿੱਕਿਮ, ਗੁਰਦੁਆਰਾ ਹਰਿ ਕੀ ਪਾਉੜੀ ਹਰਿਦੁਆਰ ਅਤੇ ਜਗਨਨਾਥ ਪੂਰੀ ਸਥਿਤ ਮੰਗੂ ਮੱਠ ਬਾਰੇ ਤਾਜ਼ਾ ਹਾਲਾਤ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਢਾਂਚੇ ’ਚ ਆਏ ਨਿਘਾਰ ਕਾਰਨ ਸਿੱਖ ਸੰਗਤ ਵਿਚ ਰੋਸ ਬਾਰੇ ਵੀ ਚਰਚਾ ਕੀਤੀ ਗਈ। ਸ਼੍ਰੋਮਣੀ ਕਮੇਟੀ ਚੋਣਾਂ ਜਲਦੀ ਕਰਾਉਣ ਦੀ ਮੰਗ ਕੀਤੀ ਗਈ।
ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਵਲੋਂ ਘੱਟ ਗਿਣਤੀ ਵਰਗਾਂ ਲਈ ਯੋਜਨਾਵਾਂ ਬਾਰੇ ਵਫ਼ਦ ਨੂੰ ਜਾਣੂ ਕਰਵਾਉਂਦਿਆਂ ਸ੍ਰੀ ਇਕਬਾਲ ਸਿੰਘ ਲਾਲਪੁਰਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਪ੍ਰਤੀ ਵਿਸ਼ਵਾਸ ਅਤੇ ਸਨੇਹ ਬਾਰੇ ਜਾਣੂ ਕਰਵਾਇਆ ਗਿਆ। ਭਾਈ ਚੰਗਾਲ ਨੇ ਕਿਹਾ ਕਿ ਸ੍ਰੀ ਲਾਲਪੁਰਾ ਨੇ ਵੱਖ-ਵੱਖ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ।