ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਵਲਟੋਹਾ ਨੂੰ ਘੇਰਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਵਿਰਸਾ ਸਿੰਘ ਵਲਟੋਹਾ ਵੱਲੋਂ ਬੀਤੇ ਹਫ਼ਤੇ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਸਵਾਲ ਚੁੱਕੇ ਹਨ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਐੱਸਜੀਪੀਸੀ ਦੇ ਐਗਜ਼ੈਕਟਿਵ ਮੈਂਬਰਾਂ ਜਸਵੰਤ ਸਿੰਘ ਪੁੜੈਣ, ਇੰਦਰਮੋਹਨ ਸਿੰਘ ਲਖਮੀਰਵਾਲਾ ਅਤੇ ਮਲਕੀਤ ਕੌਰ ਕਮਾਲਪੁਰ ਤੋਂ ਇਲਾਵਾ ਭਾਈ ਮਨਜੀਤ ਸਿੰਘ, ਸੁਰਿੰਦਰ ਸਿੰਘ ਭੁੱਲੇਵਾਲ, ਮਹਿੰਦਰ ਸਿੰਘ ਹੁਸੈਨਪੁਰ, ਕੁਲਦੀਪ ਕੌਰ ਟੌਹੜਾ, ਅਮਰੀਕ ਸਿੰਘ ਸ਼ਾਹਪੁਰ, ਜਰਨੈਲ ਸਿੰਘ ਕਰਤਾਰਪੁਰ, ਮਿੱਠੂ ਸਿੰਘ ਕਾਹਨੇਕੇ, ਪਰਮਜੀਤ ਕੌਰ ਲਾਂਡਰਾਂ, ਮਲਕੀਤ ਸਿੰਘ ਚੰਗਾਲ ਅਤੇ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਜਿਹੜੇ ਵਲਵਲੇ ਵਿਰਸਾ ਸਿੰਘ ਵਲਟੋਹਾ ਨੇ ਸਾਂਝੇ ਕੀਤੇ ਸਨ, ਉਹ ਵਲਵਲੇ ਨਹੀਂ ਸੁਖਬੀਰ ਦੀ ਸਿਆਸੀ ਉਤੇਜਨਾ ਸੀ, ਜਿਸ ਨੂੰ ਵਲਟੋਹਾ ਰਾਹੀਂ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਵਿਰਸਾ ਸਿੰਘ ਵਲਟੋਹਾ ਹੀ ਨਹੀਂ, ਉਨ੍ਹਾਂ ਦੇ ਬਹੁਤ ਸਾਰੇ ਸਾਥੀ ਕਈ ਵਾਰ ਬਿਆਨਬਾਜ਼ੀ ਕਰ ਚੁੱਕੇ ਹਨ ਜਿਸ ਵਿੱਚ ਉਨ੍ਹਾਂ ਭਾਜਪਾ ਅਤੇ ਆਰਐੱਸਐੱਸ ਦਾ ਜ਼ਿਕਰ ਕੀਤਾ ਹੈ। ਇਹ ਸਾਰੇ ਸੁਖਬੀਰ ਬਾਦਲ ਦੀਆਂ ਗਲਤੀਆਂ ਨੂੰ ਛੁਪਾਉਣ ਲਈ ਸਾਜ਼ਿਸ਼ ਤਹਿਤ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮੁੱਚਾ ਪੰਥ ਅਤੇ ਸਿੱਖ ਕੌਮ ਸਿੰਘ ਸਾਹਿਬਾਨਾਂ ਦੇ ਫੈਸਲੇ ਨੂੰ ਉਡੀਕ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਸਿੱਖ ਪੰਥ ਦੀ ਮਰਿਆਦਾ ਤੇ ਪ੍ਰੰਪਰਾਵਾਂ ਨੂੰ ਮੁੱਖ ਰੱਖ ਕੇ ਕੌਮ ਦੀ ਭਾਵਨਾ ਅਨੁਸਾਰ ਸਜ਼ਾ ਸੁਣਾਉਣੀ ਹੈ।