ਸ਼੍ਰੋਮਣੀ ਅਕਾਲੀ ਦਲ ਨੇ 1992 ਵਿੱਚ ਵੀ ਕੀਤਾ ਸੀ ਚੋਣਾਂ ਦਾ ਬਾਈਕਾਟ
ਜੋਗਿੰਦਰ ਸਿੰਘ ਮਾਨ
ਮਾਨਸਾ, 24 ਅਕਤੂਬਰ
ਭਾਵੇਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਅੱਜ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਲਿਆ ਹੈ ਪਰ ਪਾਰਟੀ ਵੱਲੋਂ 32 ਸਾਲ ਪਹਿਲਾਂ 1992 ਵਿੱਚ ਵੀ ਅਜਿਹਾ ਫੈਸਲਾ ਲਿਆ ਸੀ, ਜਦੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਉਪਰ ਹੋਈ ਚੋਣ ਵਿੱਚ ਉਮੀਦਵਾਰ ਨਹੀਂ ਉਤਾਰੇ ਗਏ ਸਨ। ਉਸ ਵੇਲੇ ਭਾਵੇਂ ਹੁਣ ਵਾਂਗ ਅਕਾਲੀ ਦਲ ਕਈ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਅਤੇ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ੍ਰੋਮਣੀ ਅਕਾਲੀ ਦਲ (ਕਾਬਲ) ਵੱਲੋਂ ਚੋਣ ਲੜੀ ਦੱਸੀ ਜਾਂਦੀ ਹੈ। ਉਸ ਸਥਿਤੀ ਵਿੱਚ ਕਾਂਗਰਸ ਪਾਰਟੀ ਵੱਲੋਂ ਮਰਹੂਮ ਬੇਅੰਤ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਸਰਕਾਰ ਬਣਾਈ ਗਈ ਸੀ। ਪੰਜਾਬ ਦੇ ਬਹੁਤੇ ਵਿਧਾਇਕ ਇੱਕ ਹਜ਼ਾਰ ਤੋਂ ਘੱਟ ਵੋਟਾਂ ਲੈ ਕੇ ਐਮ.ਐਲ.ਏ ਬਣ ਗਏ ਸਨ। ਦੱਸਿਆ ਜਾਂਦਾ ਹੈ ਕਿ ਉਸ ਵੇਲੇ ਕੁਝ ਖਾੜਕੂ ਧਿਰਾਂ ਵੱਲੋਂ ਵੱਖ-ਵੱਖ ਪਾਰਟੀਆਂ ਨੂੰ ਚੋਣਾਂ ਵਿੱਚ ਭਾਗ ਨਾ ਲੈਣ ਦੀ ਚਿਤਾਵਨੀ ਦਿੱਤੀ ਗਈ ਸੀ।
ਅਕਾਲੀ ਦਲ ਦੇ ਅੱਜ ਲਏ ਫੈਸਲੇ ਤੋਂ ਬਾਅਦ ਹੁਣ ਰਾਜ ਦੀਆਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਅਕਾਲੀ ਵਰਕਰ ਕਸੂਤੇ ਫਸ ਗਏ ਹਨ। ਅਕਾਲੀ ਦਲ ਦੇ ਵਰਕਰ ਪਹਿਲਾਂ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਪਾਰਟੀ ਵੱਲੋਂ ਉਮੀਦਵਾਰ ਖੜ੍ਹੇ ਨਾ ਕਰ ਸਕਣ ਕਾਰਨ ਬੜੀ ਔਖੀ ਸਥਿਤੀ ਵਿੱਚ ਘਿਰ ਗਏ ਸਨ। ਉਹ ਜਿਵੇਂ ਕਿਸੇ ਪਾਸੇ ਦਾ ਨਹੀਂ ਰਹੇ ਸਨ, ਉਹ ਹਾਲ ਹੀ ਹੁਣ ਪੰਜਾਬ ਵਿੱਚ ਹੋਣ ਲੱਗਿਆ ਹੈ।
ਪਾਰਟੀ ਅੱਜ ਲਏ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਮਾਨਸਾ ਤੋਂ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਮੁੱਖ ਸੁਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਜ਼ਿਮਨੀ ਚੋਣਾਂ ਲੜਨ ਤੋਂ ਪਾਰਟੀ ਵੱਲੋਂ ਪਾਸਾ ਵੱਟਣ ਨਾਲ ਅਕਾਲੀ ਵਰਕਰਾਂ ਵਿੱਚ ਨਿਰਾਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਲੰਧਰ ਜ਼ਿਮਨੀ ਚੋਣ ’ਚ ਅਤੇ ਬਾਅਦ ’ਚ ਹਰਿਆਣਾ ਦੇ ਪੰਜਾਬੀ ਬੋਲਦੇ ਪੰਥਕ ਹਲਕਿਆਂ ਵਿੱਚ ਪਾਰਟੀ ਚੋਣਾਂ ਲੜਨ ਤੋਂ ਅਸਮਰੱਥ ਰਹਿਣ ਤੋਂ ਬਾਅਦ ਅੱਜ ਦੇ ਫੈਸਲੇ ਨੇ ਪਿੰਡ ਪੱਧਰ ਦੇ ਵਰਕਰਾਂ ਤੋਂ ਲੈਕੇ ਜ਼ਿਲ੍ਹਾ ਜਥੇਦਾਰਾਂ ਦੇ ਮਨੋਬਲ ਨੂੰ ਭਾਰੀ ਸੱਟ ਵੱਜੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਮਨਜੀਤ ਸਿੰਘ ਬੱਪੀਆਣਾ ਨੇ ਕਿਹਾ ਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਆਪਣੀ ਜੱਦੀ ਮੰਨੀ ਜਾਂਦੀ ਗਿੱਦੜਬਾਹਾ ਵਿਧਾਨ ਸਭਾ ਸੀਟ ਉਪਰ ਉਮੀਦਵਾਰ ਖੜ੍ਹਾ ਨਾ ਕਰਨ ਬਾਰੇ ਕਦੇ ਸੋਚਿਆ ਵੀ ਨਹੀਂ ਸੀ।
ਇਤਿਹਾਸ ਦੁਹਰਾ ਸਕਦੀ ਸੀ ਅਕਾਲੀ ਦਲ..!
ਇੱਕ ਸੀਨੀਅਰ ਅਕਾਲੀ ਆਗੂ ਦਾ ਕਹਿਣਾ ਹੈ ਕਿ ਅਕਾਲੀ ਦਲ ਵਿੱਚ ਹਾਲ ਹੀ ਦੌਰਾਨ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਈ ਪਾਟੋ-ਧਾੜ ਤੋਂ ਮਗਰੋਂ ਪਾਰਟੀ ਕੋਲ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤ ਕੇ ਮੁੜ 1995 ਵਾਲਾ ਇਤਿਹਾਸ ਦੁਹਰਾਉਣ ਦਾ ਵੱਡਾ ਮੌਕਾ ਸੀ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਦੇ ਚੋਣ ਲੜਨ ਉਪਰ ਪਾਬੰਦੀ ਸੀ ਤਾਂ ਪਾਰਟੀ ਕਿਸੇ ਹੋਰ ਜਥੇਦਾਰ ਨੂੰ ਉਥੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਸੀ।