ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਪੰਥ ਹਿਤੈਸ਼ੀਆਂ ਨੂੰ ਇਕਜੁੱਟ ਹੋਣ ਦਾ ਸੱਦਾ
ਭਗਵਾਨ ਦਾਸ ਸੰਦਲ
ਦਸੂਹਾ, 29 ਸਤੰਬਰ
ਇਥੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਸਥਾਨਕ ਇਕਾਈ ਦੀ ਮੀਟਿੰਗ ਸਰਕਲ ਪ੍ਰਧਾਨ ਮਹਿਤਾਬ ਸਿੰਘ ਹੁੰਦਲ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਨਾਨਕ ਦਰਬਾਰ ਟੱਕਰ ਸਾਹਿਬ ਵਿਖੇ ਹੋਈ। ਇਸ ਵਿੱਚ ਪਾਰਟੀ ਦੇ ਦੋਆਬਾ ਜ਼ੋਨ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਜੱਖੂ ਤੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸ਼ਿੰਗੜੀਵਾਲ ਸਣੇ ਵੱਡੀ ਗਿਣਤੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਜ਼ੋਰ ਅਜ਼ਮਾਇਸ਼ ਕਰਨ ਅਤੇ ਇਸ ਸਬੰਧੀ ਵਿਆਪਕ ਪ੍ਰੋਗਰਾਮ ਉਲੀਕਣ ਲਈ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਆਗੂਆਂ ਨੇ ਇਕਜੁੱਟ ਹੋ ਕੇ ਸਿੱਖ ਸੰਸਥਾਵਾਂ ਦਾ ਵਕਾਰ ਬਹਾਲ ਕਰਨ ਲਈ ਪੰਥਕ ਵਿਚਾਰਧਾਰਾਂ ਨੂੰ ਉਭਾਰਨ ’ਤੇ ਜ਼ੋਰ ਦਿੱਤਾ। ਭਾਈ ਮਹਿਤਾਬ ਸਿੰਘ ਹੁੰਦਲ ਨੇ ਪੰਥ ਵਿਰੋਧੀਆਂ ਨੂੰ ਸਿਰਮੋਰ ਸੰਸਥਾਵਾਂ ਤੋਂ ਲਾਭੇ ਕਰਨ ਲਈ ਪੰਥ ਹਿਤੈਸ਼ੀ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆ ਕਿਹਾ ਕਿ ਕਿ ਧਰਮ ਵਿੱਚ ਸਿਆਸਤ ਦੀ ਕੋਈ ਜਗ੍ਹਾ ਨਹੀਂ ਹੈ ਬਲਕਿ ਧਰਮ ਹਮੇਸ਼ਾ ਰਾਜਨੀਤੀ ਤੋਂ ਉਪਰ ਹੁੰਦਾ ਹੈ।