ਸ਼ੇਅਰ ਬਾਜ਼ਾਰ 64000 ਦਾ ਅੰਕੜਾ ਪਾਰ
ਮੁੰਬਈ, 28 ਜੂਨ
ਵਿਦੇਸ਼ੀ ਫੰਡਾਂ ਦੀ ਆਮਦ ਅਤੇ ਅਮਰੀਕਾ ਤੇ ਯੂਰੋਪੀਅਨ ਮਾਰਕੀਟਾਂ ਦੇ ਸ਼ੂਟ ਵਟਣ ਕਰਕੇ ਸ਼ੇਅਰ ਬਾਜ਼ਾਰ ਅੱਜ ਇਕ ਵਾਰ 64000 ਦੇ ਅੰਕੜੇ ਨੂੰ ਪਾਰ ਕਰ ਗਿਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 499.39 ਨੁਕਤਿਆਂ ਜਾਂ 0.79 ਫੀਸਦ ਦੇ ਉਛਾਲ ਨਾਲ 63,915.42 ਦੇ ਰਿਕਾਰਡ ਸਿਖਰਲੇ ਪੱਧਰ ‘ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ਨੇ 634.41 ਨੁਕਤਿਆਂ ਦੇ ਉਛਾਲ ਨਾਲ 64,050.44 ਦੀ ਸਿਖਰ ਨੂੰ ਵੀ ਛੋਹਿਆ। ਉਧਰ ਐੱਨਐੱਸਈ ਦਾ ਨਿਫਟੀ ਵੀ 19,011.25 ਦੇ ਅੰਕੜੇ ਨਾਲ ਸਿਖਰ ‘ਤੇ ਜਾ ਕੇ ਰਿਕਾਰਡ 18,972.10 ਨੁਕਤਿਆਂ ‘ਤੇ ਬੰਦ ਹੋਇਆ।
ਸ਼ੇਅਰ ਬਾਜ਼ਾਰ ਦੇ ਸ਼ੂਟ ਵਟਣ ਨਾਲ ਟਾਟਾ ਮੋਟਰਜ਼, ਸਨ ਫਾਰਮਾ, ਟਾਈਟਨ, ਲਾਰਸਨ ਐਂਡ ਟੁਬਰੋ, ਇੰਡਸਇੰਡ ਬੈਂਕ, ਰਿਲਾਇੰਸ ਇੰਡਸਟਰੀਜ਼, ਐੱਨਟੀਪੀਸੀ, ਅਲਟਰਾਟੈੱਕ ਸੀਮਿੰਟ, ਬਜਾਜ ਫਾਇਨਾਂਸ, ਇਨਫੋਸਿਸ, ਐੱਚਡੀਐੱਫਸੀ ਬੈਂਕ ਤੇ ਮਾਰੂਤੀ ਕੰਪਨੀ ਦੇ ਸ਼ੇਅਰਧਾਰਕਾਂ ਨੇ ਮੋਟਾ ਮੁਨਾਫਾ ਖੱਟਿਆ। ਟੈੱਕ ਮਹਿੰਦਰਾ, ਮਹਿੰਦਰਾ ਐਂਡ ਮਹਿੰਦਰਾ, ਕੋਟਕ ਮਹਿੰਦਰਾ, ਬਜਾਜ ਫਿਨਸਰਵ, ਐੱਚਸੀਐੱਲ ਟੈਕਨਾਲੋਜੀਜ਼ ਤੇ ਵਿਪਰੋ ਦੇ ਸ਼ੇਅਰਾਂ ਨੂੰ ਮਾਰ ਪਈ। -ਪੀਟੀਆਈ