ਕਣਕ ਦੇ ਸਰਕਾਰੀ ਭਾਅ ’ਤੇ ਪਿਆ ਚੋਣਾਂ ਦਾ ਪਰਛਾਵਾਂ..!
ਚਰਨਜੀਤ ਭੁੱਲਰ
ਚੰਡੀਗੜ੍ਹ, 18 ਅਕਤੂਬਰ
ਕੇਂਦਰ ਸਰਕਾਰ ਵੱਲੋਂ ਸੰਸਦੀ ਚੋਣਾਂ ਦੀ ਗਿਣਤੀ ਮਿਣਤੀ ਦੇ ਲਿਹਾਜ਼ ਨਾਲ ਕਣਕ ਦੇ ਭਾਅ ਵਧਾਏ ਜਾਂਦੇ ਹਨ ਅਤੇ ਅੱਜ ਕਣਕ ਦੇ ਐਲਾਨੇ ਘੱਟੋ-ਘੱਟ ਸਮਰਥਨ ਮੁੱਲ ਤੋਂ ਵੀ ਚੋਣਾਂ ਦਾ ਪਰਛਾਵਾਂ ਸਾਫ਼ ਝਲਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ 2024-25 ਲਈ ਹਾੜ੍ਹੀ ਦੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਜਦੋਂ ਲੋਕ ਸਭਾ ਚੋਣਾਂ ਵਾਲਾ ਵਰ੍ਹਾ ਹੁੰਦਾ ਹੈ, ਉਦੋਂ ਕਣਕ ਦੇ ਸਰਕਾਰੀ ਭਾਅ ਦਾ ਪੈਮਾਨਾ ਕੁੱਝ ਹੋਰ ਹੁੰਦਾ ਹੈ ਜਦੋਂ ਕਿ ਆਮ ਵਰ੍ਹਿਆਂ ਵਿਚ ਕਣਕ ਦੇ ਭਾਅ ਘੱਟ ਵਧਦੇ ਹਨ।
ਭਾਰਤ ਸਰਕਾਰ ਵੱਲੋਂ ਕਣਕ ਦੇ ਭਾਅ ਵਿਚ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਐਲਾਨਿਆ ਗਿਆ ਹੈ ਜੋ ਕਿ ਹੁਣ 2125 ਰੁਪਏ ਤੋਂ ਵੱਧ ਕੇ 2275 ਰੁਪਏ ਹੋਵੇਗਾ। ਲੰਘੇ ਡੇਢ ਦਹਾਕੇ ਦਾ ਅੰਕੜਾ ਗਵਾਹ ਹੈ ਕਿ ਲੋਕ ਸਭਾ ਚੋਣਾਂ ਮੌਕੇ ਕਣਕ ਦਾ ਭਾਅ ਆਮ ਵਰ੍ਹਿਆਂ ਨਾਲੋਂ ਜ਼ਿਆਦਾ ਵਧਿਆ ਹੈ। ਆਗਾਮੀ ਲੋਕ ਸਭਾ ਚੋਣਾਂ ਅਗਲੇ ਵਰ੍ਹੇ ਮਈ ’ਚ ਹੋਣ ਦੀ ਸੰਭਾਵਨਾ ਹੈ, ਜਿਸ ਕਰਕੇ ਐਤਕੀਂ ਕਣਕ ਦੇ ਭਾਅ ਵਿਚ ਵਾਧਾ 150 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।
ਪਿਛਲੇ ਵਰ੍ਹੇ ਇਹ ਵਾਧਾ ਪ੍ਰਤੀ ਕੁਇੰਟਲ 110 ਰੁਪਏ ਦਾ ਸੀ। 2022-23 ਵਿਚ ਕਣਕ ਦੇ ਭਾਅ ਵਿਚ 40 ਰੁਪਏ ਦਾ ਵਾਧਾ ਕੀਤਾ ਗਿਆ ਜਦੋਂ ਕਿ 2021-22 ਵਿਚ 50 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ। ਇਸੇ ਤਰ੍ਹਾਂ 2020-21 ਵਿਚ 85 ਰੁਪਏ ਪ੍ਰਤੀ ਕੁਇੰਟਲ ਅਤੇ 2019-20 ਵਿਚ 105 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ। ਮਈ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2018-19 ਵਿਚ ਕਣਕ ਦਾ ਭਾਅ 110 ਰੁਪਏ ਵਧਾਇਆ ਗਿਆ ਸੀ।
ਜਦੋਂ ਮਈ 2014 ਵਿਚ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ ਉਸ ਤੋਂ ਪਹਿਲਾਂ 2012-13 ਵਿਚ ਕਣਕ ਦੇ ਭਾਅ ਵਿਚ 165 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ। ਡੇਢ ਦਹਾਕੇ ਦੌਰਾਨ ਅੱਠ ਵਰ੍ਹੇ ਅਜਿਹੇ ਵੀ ਹਨ ਜਦੋਂ ਕਣਕ ਦੇ ਭਾਅ ਵਿਚ ਵਾਧੇ ਦਾ ਅੰਕੜਾ 100 ਰੁਪਏ ਨੂੰ ਵੀ ਨਹੀਂ ਛੂਹਿਆ ਹੈ। ਜਦੋਂ ਕੇਂਦਰ ਵਿਚ ਭਾਜਪਾ ਹਕੂਮਤ ਆਈ ਸੀ ਤਾਂ ਉਦੋਂ ਕਣਕ ਦਾ ਭਾਅ ਸਾਲ 2014-15 ਵਿਚ 1400 ਰੁਪਏ ਪ੍ਰਤੀ ਕੁਇੰਟਲ ਸੀ ਅਤੇ ਹੁਣ ਇਹ ਭਾਅ 2275 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।
ਨੌ ਵਰ੍ਹਿਆਂ ਦੌਰਾਨ ਭਾਜਪਾ ਸਰਕਾਰ ਨੇ ਕਣਕ ਦੇ ਭਾਅ ਵਿਚ 875 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਜਦੋਂ ਹਾੜ੍ਹੀ ਦੀ ਫ਼ਸਲ ਦੇ ਲਾਗਤ ਖ਼ਰਚਿਆਂ ’ਤੇ ਨਜ਼ਰ ਮਾਰਦੇ ਹਾਂ ਤਾਂ ਕੇਂਦਰ ਵੱਲੋਂ ਕਣਕ ਦੇ ਭਾਅ ਵਿਚ ਐਲਾਨਿਆ ਵਾਧਾ ਨਿਗੂਣਾ ਜਾਪਦਾ ਹੈ।
ਕਣਕ ਦੀ ਮੰਗ ਵਧੀ, ਭਾਅ ਵੀ ਵਧੇ
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਕਣਕ ਦੇ ਸਰਕਾਰੀ ਭਾਅ ਵਿਚ ਵਾਧਾ ਕੀਤਾ ਗਿਆ ਹੈ। ਲੰਘੇ ਛੇ ਮਹੀਨਿਆਂ ਦੌਰਾਨ ਕਣਕ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਇਨ੍ਹਾਂ ਛੇ ਮਹੀਨਿਆਂ ਵਿਚ ਕਰੀਬ 12 ਫ਼ੀਸਦੀ ਭਾਅ ਵੀ ਮਾਰਕੀਟ ਵਿਚ ਵਧਿਆ ਹੈ। ਮਾਰਕੀਟ ਵਿਚ ਪ੍ਰਤੀ ਕੁਇੰਟਲ ਕਣਕ ਦਾ ਭਾਅ 2500 ਰੁਪਏ ਨੂੰ ਪਾਰ ਕਰ ਗਿਆ ਹੈ।
ਕੇਂਦਰ ਦੀ ਨੀਅਤ ਕਿਸਾਨ ਮਾਰੂ: ਖੁੱਡੀਆਂ
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਾਰਤ ਸਰਕਾਰ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੇ ਐਲਾਨੇ ਭਾਅ ਨੂੰ ਰੱਦ ਕੀਤਾ ਹੈ ਅਤੇ ਕਿਹਾ ਹੈ ਕਿ ਕਿਸਾਨਾਂ ਨੂੰ ਪਿਛਲੇ ਸਮੇਂ ਦੌਰਾਨ ਕੁਦਰਤੀ ਮਾਰਾਂ ਝੱਲਣੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਲਾਗਤਾਂ ਕਈ ਗੁਣਾ ਵਧ ਗਈਆਂ ਹਨ ਅਤੇ ਕੇਂਦਰ ਨੇ ਇਨ੍ਹਾਂ ਲਾਗਤਾਂ ਦੇ ਲਿਹਾਜ਼ ਨਾਲ ਕਣਕ ਦੀ ਫ਼ਸਲ ਦੇ ਭਾਅ ਵਿਚ ਵਾਧਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨੀਅਤ ਕਿਸਾਨ ਮਾਰੂ ਹੈ।