For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੀ ਆਬਕਾਰੀ ਨੀਤੀ ਦਾ ਪੰਜਾਬ ’ਤੇ ਪੈ ਸਕਦਾ ਪਰਛਾਵਾਂ

08:14 AM Mar 23, 2024 IST
ਦਿੱਲੀ ਦੀ ਆਬਕਾਰੀ ਨੀਤੀ ਦਾ ਪੰਜਾਬ ’ਤੇ ਪੈ ਸਕਦਾ ਪਰਛਾਵਾਂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਮਾਰਚ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਹੁਣ ਦਿੱਲੀ ਦੀ ਆਬਕਾਰੀ ਨੀਤੀ ਦਾ ਪਰਛਾਵਾਂ ਪੰਜਾਬ ’ਤੇ ਪੈ ਸਕਦਾ ਹੈ ਅਤੇ ਸੱਤਾ ਦੇ ਗਲਿਆਰਿਆਂ ਵਿਚ ਨਵੀਂ ਘੁਸਰ ਮੁਸਰ ਸ਼ੁਰੂ ਹੋ ਗਈ ਹੈ। ‘ਆਪ’ ਵਿਚ ਆਏ ਨਵੇਂ ਸੰਕਟ ਦਾ ਅਸਰ ਪੰਜਾਬ ’ਤੇ ਪੈਣਾ ਸੁਭਾਵਿਕ ਹੈ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਪੰਜਾਬ ਦਾ ਸਿਆਸੀ ਮਾਹੌਲ ਕਿਸ ਤਰ੍ਹਾਂ ਕਰਵਟ ਲਵੇਗਾ, ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਜ਼ੋਰਾਂ ’ਤੇ ਹਨ।
ਵਿਰੋਧੀ ਧਿਰਾਂ ਦੇ ਆਗੂ ਆਖ ਰਹੇ ਹਨ ਕਿ ਪੰਜਾਬ ਵਿਚ ਜੋ ਸਾਲ 2022 ਵਿਚ ਆਬਕਾਰੀ ਨੀਤੀ ਬਣੀ, ਉਹ ਦਿੱਲੀ ਦੀ ਆਬਕਾਰੀ ਨੀਤੀ ਦਾ ਹੀ ਰੂਪ ਹੈ। ਬੇਸ਼ੱਕ ਪੰਜਾਬ ਦੀ ਆਬਕਾਰੀ ਨੀਤੀ ਨੂੰ ਲੈ ਕੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਸੇ ਨੂੰ ਸੰਮਨ ਜਾਰੀ ਨਹੀਂ ਕੀਤਾ ਹੈ ਪ੍ਰੰਤੂ ਈਡੀ ਦੇ ਡਰ ਨੂੰ ਲੈ ਕੇ ਬਹੁਤੇ ਸਾਰੇ ਅਫਸਰਾਂ ਤੇ ਸਿਆਸੀ ਲੋਕਾਂ ਵਿਚ ਘਬਰਾਹਟ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਉਹ ਪਾਰਟੀ ਦਾ ਵਫ਼ਦ ਚੋਣ ਕਮਿਸ਼ਨ ਕੋਲ ਲੈ ਕੇ ਜਾਣਗੇ ਅਤੇ ਮੰਗ ਕੀਤੀ ਜਾਵੇਗੀ ਕਿ ਪੰਜਾਬ ਦੀ ਆਬਕਾਰੀ ਨੀਤੀ ਦੀ ਜਾਂਚ ਕੀਤੀ ਜਾਵੇ ਕਿਉਂਕਿ ਪੰਜਾਬ ਦੀ ਆਬਕਾਰੀ ਨੀਤੀ ਵੀ ਦਿੱਲੀ ਦੀ ਆਬਕਾਰੀ ਨੀਤੀ ਦੀ ਤਰਜ਼ ’ਤੇ ਹੀ ਬਣੀ ਹੈ। ਦੱਸਣਯੋਗ ਹੈ ਕਿ ਸੀਬੀਆਈ ਨੇ ਪਿਛਲੇ ਸਾਲ ਆਬਕਾਰੀ ਨੀਤੀ ਤਿਆਰ ਕਰਨ ਵਿੱਚ ਸ਼ਾਮਲ ਦੋ ਆਈਏਐੱਸ ਅਧਿਕਾਰੀਆਂ ਖਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਪੰਜਾਬ ਸਕਾਰ ਤੋਂ ਮੰਗੀ ਸੀ ਪ੍ਰੰਤੂ ਸੂਬਾ ਸਰਕਾਰ ਨੇ ਨਵੰਬਰ 2023 ਵਿੱਚ ਇਸ ਨੂੰ ਖਾਰਜ ਕਰ ਦਿੱਤਾ ਸੀ। ਆਬਕਾਰੀ ਵਿਭਾਗ ਦੇ ਦੋ ਸੀਨੀਅਰ ਅਧਿਕਾਰੀਆਂ ਦੇ ਘਰ ਕਈ ਮਹੀਨੇ ਪਹਿਲਾਂ ਈਡੀ ਨੇ ਰੇਡ ਵੀ ਕੀਤੀ ਸੀ। ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਲੋਕਤੰਤਰ ਦਾ ਕਾਲਾ ਦਿਨ ਹੈ।

Advertisement

ਪੰਜਾਬ ਦੀ ਆਬਕਾਰੀ ਨੀਤੀ ਚੰਗੀ ਤੇ ਕਿਸੇ ਵੀ ਜਾਂਚ ਲਈ ਤਿਆਰ: ਚੀਮਾ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਦਿੱਲੀ ਆਬਕਾਰੀ ਮਾਮਲੇ ਦਾ ਪਰਛਾਵਾਂ ਪੰਜਾਬ ਆਬਕਾਰੀ ਨੀਤੀ ’ਤੇ ਵੀ ਪੈ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਚੰਗੀ ਨੀਤੀ ਹੈ ਅਤੇ ਆਬਕਾਰੀ ਡਿਊਟੀ ਤੋਂ ਪੰਜਾਬ ਦਾ ਮਾਲੀਆ ਸਿਰਫ ਦੋ ਸਾਲਾਂ ਵਿੱਚ 4,000 ਕਰੋੜ ਰੁਪਏ ਵਧਿਆ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਸ਼ਰਾਬ ਮਾਫੀਆ ਨੂੰ ਖਤਮ ਕਰਨ ਵਿੱਚ ਕਾਮਯਾਬੀ ਮਿਲੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਾਰਟੀ ਭਾਜਪਾ ਦੀ ਤਾਨਾਸ਼ਾਹੀ ਅੱਗੇ ਨਹੀਂ ਝੁਕੇਗੀ।

Advertisement

ਦਿੱਲੀ ਤੇ ਪੰਜਾਬ ਆਬਕਾਰੀ ਨੀਤੀ ਦੇ ਲਾਭਪਾਤਰੀ ਸਾਂਝੇ: ਹਰਸਿਮਰਤ

ਬਠਿੰਡਾ (ਪੱਤਰ ਪ੍ਰੇਰਕ): ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਦਿੱਲੀ ਆਬਕਾਰੀ ਨੀਤੀ ਵਾਂਗੂ ਪੰਜਾਬ ਦੀ ਆਬਕਾਰੀ ਨੀਤੀ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਪੰਜਾਬ ਦੀ ਆਬਕਾਰੀ ਨੀਤੀ ਦੀ ਪੜਤਾਲ ਕਰੇ ਕਿਉਂਕਿ ਦੋਵੇਂ ਨੀਤੀਆਂ ਦੇ ਮਾਮਲੇ ਵਿੱਚ ਲਾਭਪਾਤਰੀ ਕਥਿਤ ਸਾਂਝੇ ਹਨ। ਹਰਸਿਮਰਤ ਨੇ ਕਿਹਾ ਕਿ ਅਖੌਤੀ ਕੱਟੜ ਇਮਾਨਦਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਵਿੱਚ ਆਬਕਾਰੀ ਨੀਤੀ ਲਾਗੂ ਕਰਕੇ ਸਰਕਾਰੀ ਖਜ਼ਾਨੇ ਦੀ ਕੀਤੀ ਲੁੱਟ ਤੋਂ ਪਰਦਾ ਚੁੱਕਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬਕਾਰੀ ਨੀਤੀ ਹੂ-ਬ-ਹੂ ਦਿੱਲੀ ਵਰਗੀ ਹੈ ਕਿਉਂਕਿ ਜਿਨ੍ਹਾਂ ਬੰਦਿਆਂ ਨੂੰ ਦਿੱਲੀ ਆਬਕਾਰੀ ਨੀਤੀ ਦਾ ਲਾਭ ਮਿਲਿਆ ਉਨ੍ਹਾਂ ਨੂੰ ਹੀ ਪੰਜਾਬ ਲਾਭ ਪਹੁੰਚਾਇਆ ਗਿਆ।

ਭਾਜਪਾ ਵਿਰੋਧੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ: ਵੜਿੰਗ

ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਉਹ ਬਦਲਾਖੋਰੀ ਦੀ ਸਿਆਸਤ ਦੇ ਖਿਲਾਫ ਹਨ ਅਤੇ ਬਦਲਾਖੋਰੀ ਚਾਹੇ ਪੰਜਾਬ ਵਿਚ ਹੋਵੇ ਅਤੇ ਬੇਸ਼ੱਕ ਕੌਮੀ ਪੱਧਰ ’ਤੇ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਵਿਰੋਧੀਆਂ ਨੂੰ ਦਬਾਉਣ ਲਈ ਈਡੀ, ਸੀਬੀਆਈ ਅਤੇ ਵਿਜੀਲੈਂਸ ਨੂੰ ਵਰਤਿਆ ਜਾ ਰਿਹਾ ਹੈ। ਭਾਜਪਾ ਸਾਰੇ ਵਿਰੋਧੀਆਂ ਨੂੰ ਖਤਮ ਕਰਨ ’ਤੇ ਤੁਲੀ ਹੋਈ ਹੈ।

Advertisement
Author Image

sukhwinder singh

View all posts

Advertisement