For the best experience, open
https://m.punjabitribuneonline.com
on your mobile browser.
Advertisement

ਧੁਖਦੇ ਬਿਰਖ਼ਾਂ ਦੀ ਛਾਂ

06:12 AM May 23, 2024 IST
ਧੁਖਦੇ ਬਿਰਖ਼ਾਂ ਦੀ ਛਾਂ
Advertisement

ਜਗਵਿੰਦਰ ਜੋਧਾ

Advertisement

ਕਿਸੇ ਜ਼ਮਾਨੇ ਵਿਚ ਪੰਜਾਬ ਵਿਚ ਕਣਕ ਦੇ ਖਾਲੀ ਹੋਏ ਵੱਢਾਂ ਵਿਚ ਵਾਵਰੋਲੇ ਹਵਾਂਕਦੇ ਫਿਰਦੇ ਸਨ। ਅੱਜ ਕੱਲ੍ਹ ਸਵਾਹ ਦੇ ਪੈੜ-ਚਿੰਨ੍ਹ ਦਿਸਦੇ ਹਨ। ਤਿਰਕਾਲਾਂ ਵੇਲੇ ਖੇਤ ਵਿਚ ਖਲੋ ਕੇ ਦੂਰ ਦੇਖੋ ਤਾਂ ਕਿਤੇ ਨਾ ਕਿਤੇ ਅੱਗ ਦੀ ਅਗਾਂਹ ਵਧਦੀ ਲਹਿਰ ਦਿਸ ਪੈਂਦੀ ਹੈ। ਹੈਰਾਨੀ ਇਹ ਕਿ ਇਸ ਰੁੱਤੇ ਅੱਗ ਦੀ ਗੱਲ ਕੋਈ ਨਹੀਂ ਕਰਦਾ, ਨਾ ਧੂੰਏਂ ਨਾਲ ਹੋਣ ਵਾਲੇ ਨੁਕਸਾਨ ਗਿਣਾਉਂਦਾ।
ਝੋਨੇ ਦੀ ਪਰਾਲੀ ਨੂੰ ਲੱਗਣ ਵਾਲੀ ਅੱਗ ਦਾ ਧੂੰਆਂ ਦਿੱਲੀ ਜਾ ਵੜਦਾ ਪਰ ਕਣਕ ਦੇ ਨਾੜ ਨੂੰ ਲੱਗੀ ਅੱਗ ਖੌਰੇ ਪੰਜਾਬ ਦੀ ਜੂਹ ਨਹੀਂ ਟੱਪਦੀ।
ਜਦੋਂ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਕਾਰਨ ਕਿਸੇ ਕੋਲੋਂ ਪੁੱਛੋ ਤਾਂ ਸਭ ਤੋਂ ਵੱਡਾ ਬਹਾਨਾ ਇਹੀ ਹੁੰਦਾ- “ਇਸ ਪਰਾਲੀ ਨੂੰ ਕੀ ਕਰੀਏ? ਇਹਨੂੰ ਤਾਂ ਡੰਗਰ ਵੀ ਨਹੀਂ ਖਾਂਦੇ। ਨਾਲੇ ਆਪਾਂ ਅਗਲੀ ਫਸਲ ਵੀ ਤਾਂ ਬੀਜਣੀ ਹੋਈ। ਪਰਾਲੀ ਸੰਭਾਲਣ ’ਤੇ ਦਸ ਦਿਨ ਲਾ ਦਿੱਤੇ ਤਾਂ ਕਣਕ ਪਛੇਤੀ ਨਾ ਹੋ ਜਾਊ?”
ਕਣਕ ਦੇ ਨਾੜ ਤੋਂ ਤਾਂ ਤੂੜੀ ਵੀ ਬਣਾ ਲਈ, ਅਗਲੀ ਫਸਲ ਬੀਜਣ ਦੀ ਕਾਹਲ ਵੀ ਕੋਈ ਨਹੀਂ। ਨਾੜ ਦੀ ਮਿਕਦਾਰ ਖੇਤ ਵਿਚ ਇੰਨੀ ਹੈ ਵੀ ਨਹੀਂ ਕਿ ਹਲਾਂ ਮੂਹਰੇ ਫਸ ਜਾਵੇ। ਸਾਡੇ ਕੋਲ ਮਸ਼ੀਨਰੀ ਵੀ ਬਥੇਰੀ ਹੈ ਪਰ ਅੱਗ ਪਤਾ ਨਹੀਂ ਕਿਸ ਸ਼ੌਕ ਨੂੰ ਲਾ ਰਹੇ ਹਾਂ। ਕੀ ਚੀਜ਼ਾਂ ਨੂੰ ਸਾੜ ਕੇ ਸਵਾਹ ਕਰ ਦੇਣ ਪਿੱਛੇ ਕੋਈ ਗੁੱਸਾ ਤਾਂ ਨਹੀਂ ਜੋ ਖੇਤਾਂ ’ਤੇ ਨਿਕਲ ਜਾਂਦਾ ਹੈ?
ਇਸ ਰੁੱਤੇ ਅੱਗ ਬਾਰੇ ਬੜੀਆਂ ਕਹਾਵਤਾਂ ਬਣੀਆਂ। ਕਹਿੰਦੇ ਅੱਗ ਅੱਜ ਕੱਲ੍ਹ ਪੇਕੀਂ ਆਈ ਹੁੰਦੀ। ਪੇਕੀਂ ਆਈ ਕੁੜੀ ਵਾਂਗ ਅੱਗ ਦੀ ਤਾਬ ਨਹੀਂ ਝੱਲੀ ਜਾਂਦੀ। ਬਰਸਾਤ ਰੁੱਤੇ ਉਹ ਸਹੁਰੇ ਚਲੀ ਜਾਵੇਗੀ ਤੇ ਸਿਆਲ ਆਉਂਦੇ ਆਉਂਦੇ ਸਹੁਰਿਆਂ ਦੇ ਕੰਮਾਂ ’ਚ ਮਧੋਲੀ ਔਰਤ ਵਾਂਗ ਉਸ ਵਿਚ ਤਾਪ ਤੇ ਤੇਜ ਘਟ ਜਾਵੇਗਾ। ਪੇਕੀਂ ਆਈ ਅੱਗ ਨੂੰ ਖੇਤਾਂ ਵਿਚ ਤੂੜੀ ਬਣਾਉਣ ਤੋਂ ਬਾਅਦ ਬਚੇ ਮਾਮੂਲੀ ਨਾੜ ਨੂੰ ਸਾੜਨ ਦੇ ਕੰਮ ਭੇਜਿਆ ਜਾ ਰਿਹਾ। ਅੱਗ ਨੇ ਆਪਣਾ ਤਪ ਤੇ ਤੇਜ ਜ਼ਾਹਿਰ ਕਰਨਾ ਹੋਇਆ। ਲਿਹਾਜ਼ਾ ਉਹ ਹੁਣੇ ਲੰਘੀ ਪੱਤਝੜ ਰੁੱਤ ਦੇ ਝੜੇ ਪੱਤਿਆਂ ਨੂੰ ਆਪਣਾ ਖਾਜਾ ਬਣਾਉਂਦੀ ਹੈ, ਬਾਹਰ ਰੁੱਤੇ ਆਂਡੇ ਦੇਣ ਵਾਲੇ ਪੰਛੀਆਂ ਦੀਆਂ ਨਸਲਾਂ ਫੂਕੀ ਤੁਰੀ ਜਾਂਦੀ ਹੈ ਤੇ ਸੜਕਾਂ ਤੇ ਪਹੀਆਂ ਕੰਢੇ ਖਲੋਤੇ ਬੁੱਢੜੇ ਰੁੱਖਾਂ ਨੂੰ ਸਾੜ ਸੁੱਟਦੀ ਹੈ। ਇੰਨਾ ਕਰ ਕੇ ਵੀ ਅੱਗ ਨੂੰ ਸਬਰ ਕਿੱਥੇ! ਉਹ ਹਰੇ ਰੁੱਖਾਂ ਦੇ ਪੱਤੇ ਲੂਹ ਸੁੱਟਦੀ ਹੈ। ਹਰ ਪਾਸੇ ਤਾਂਬਈ ਰੰਗਤ ਬਿਖੇਰ ਕੇ ਅੱਗ ਅੱਧੀ ਰਾਤ ਤੋਂ ਕਿਤੇ ਬਾਅਦ ਟਿਕਾ ’ਚ ਆਉਂਦੀ ਹੋਣੀ।
ਮੈਨੂੰ ਆਪਣੇ ਬਾਪ ਤੋਂ ਅਕਸਰ ਸੁਣੀ ਕਹਾਣੀ ਯਾਦ ਆਈ ਹੈ। ਪੁਰਾਣੇ ਸਮਿਆਂ ਵਿੱਚ ਖੇਤੀ ਵਿਚ ਹੱਡ ਭੰਨਵੀਂ ਮੁਸ਼ੱਕਤ ਅਤੇ ਘਾਟਿਆਂ ਤੋਂ ਕੋਈ ਕਿਸਾਨ ਬੇਜ਼ਾਰ ਹੋ ਗਿਆ। ਇਕ ਰਾਤ ਉਹ ਬਿਨਾਂ ਆਪਣੇ ਬਾਪ, ਘਰਵਾਲੀ ਤੇ ਬੱਚੇ ਨੂੰ ਦੱਸੇ ਘਰੋਂ ਚਲਾ ਗਿਆ। ਉਦੋਂ ਬਹੁਤੇ ਲੋਕ ਭੱਜ ਕੇ ਹਰਿਦੁਆਰ ਹੀ ਜਾਂਦੇ ਸਨ। ਉਹ ਬਾਰਾਂ ਸਾਲੀਏ ਸੰਤਾਂ ਦੇ ਕਿਸੇ ਸੰਪਰਦਾਇ ਨਾਲ ਰਲ ਗਿਆ ਤੇ ਸਾਧਨਾ ਪੱਧਤੀਆਂ ’ਚੋਂ ਗੁਜ਼ਰਦਾ ਕਈ ਸਾਲਾਂ ਬਾਅਦ ਛੋਟੇ ਜਿਹੇ ਮੱਠ ਦਾ ਮੁਖੀ ਬਣ ਗਿਆ। ਸੰਤਾਂ ਦਾ ਇਹ ਮੱਠ ਰਸਦ ਤੇ ਅਨਾਜ ਇਕੱਠਾ ਕਰਨ ਦੇ ਮੰਤਵ ਨਾਲ ਕਈ ਪਿੰਡਾਂ ਵਿਚ ਜਾਂਦਾ ਹੁੰਦਾ ਸੀ। ਬਾਰਾਂ ਸਾਲ ਬੀਤੇ ਤਾਂ ਉਨ੍ਹਾਂ ਦਾ ਮੱਠ ਵੀ ਪਿੰਡਾਂ ਵੱਲ ਆਇਆ। ਸੁਭਾਇਕੀ ਉਨ੍ਹਾਂ ਉਸੇ ਪਿੰਡ ਡੇਰਾ ਲਾਇਆ ਜੋ ਉਸ ਦਾ ਆਪਣਾ ਪਿੰਡ ਸੀ।
ਪਿੰਡ ਵਾਸੀਆਂ ਨੂੰ ਸੰਤਾਂ ਦੀ ਆਮਦ ਦਾ ਪਤਾ ਲੱਗਿਆ ਤਾਂ ਉਹ ਦੁੱਧ ਬਾਧ ਦੀ ਸੇਵਾ ਕਰਨ ਆਉਣ ਲੱਗੇ। ਸਾਧ ਬਣੇ ਉਸ ਕਿਸਾਨ ਦੀ ਘਰਵਾਲੀ ਵੀ ਦੁੱਧ ਲੈ ਕੇ ਡੇਰੇ ਆਈ। ਉਦੋਂ ਤਕ ਉਸ ਕਿਸਾਨ ਸੰਤ ਦੀ ਦਾੜ੍ਹੀ ਵਧੀ ਹੋਈ ਸੀ ਤੇ ਉਹ ਗੱਦੀ ’ਤੇ ਬੈਠਾ ਸੀ। ਉਸ ਦੀ ਘਰਵਾਲੀ ਨੇ ਜਦੋਂ ਉਸ ਦੀਆਂ ਅੱਖਾਂ ਵਿਚ ਦੇਖਿਆ ਤਾਂ ਬੀਤੇ ਸਮੇਂ ਦੇ ਕਈ ਮੰਜ਼ਰ ਉਸ ਦੀਆਂ ਨਜ਼ਰਾਂ ’ਚੋਂ ਗੁਜ਼ਰ ਗਏ। ਸੰਤ ਨੇ ਵੀ ਉਸ ਔਰਤ ਨੂੰ ਪਛਾਣ ਲਿਆ ਤੇ ਅੱਖਾਂ ਬੰਦ ਕਰ ਕੇ ਸਮਾਧੀ ਵਿਚ ਹੋਣ ਦਾ ਪਾਖੰਡ ਕਰਨ ਲੱਗਾ। ਬੀਬੀ ਦੁੱਧ ਵਾਲਾ ਡੋਲਣਾ ਕੋਲ ਰੱਖ ਕੇ ਪੈਰੀਂ ਹੱਥ ਲਾ ਕੇ ਬਹਿ ਗਈ।
ਸੰਤ ਨੇ ਸਿਰ ਪਲੋਸਿਆ ਤਾਂ ਬੀਬੀ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਉਹਨੇ ਆਪਣੇ ਦੁੱਖ ਦੱਸਦਿਆਂ ਕਿਹਾ, “ਬਾਬਾ ਜੀ, ਮੈਂ ਬੜੀ ਦੁਖੀ ਆਂ, ਮੇਰਾ ਘਰ ਵਾਲਾ ਕਿਤੇ ਚਲਾ ਗਿਆ, ਦੋ ਸਾਲ ਹੋਏ ਸਹੁਰਾ ਵੀ ਮਰ ਗਿਆ।”
ਸੰਤ ਨੇ ਆਵਾਜ਼ ’ਤੇ ਕਾਬੂ ਰੱਖਦਿਆਂ ਉਪਦੇਸ਼ ਦੇ ਭਾਵ ਨਾਲ ਕਿਹਾ, “ਬੀਬੀ ਸੰਸਾਰ ਦੁੱਖਾਂ ਦਾ ਘਰ ਹੈ... ਜੋ ਆਇਆ ਹੈ, ਜਾਵੇਗਾ ਵੀ ਜ਼ਰੂਰ। ਮਨ ਨੂੰ ਪਰਮਾਤਮਾ ਨਾਲ ਲਾਓ।”
ਬੀਬੀ ਨੇ ਦੁੱਖਾਂ ਦੀ ਗੰਢ ਹੋਰ ਖੋਲ੍ਹੀ, “ ਬਾਬਾ ਜੀ ਮੁੰਡਾ ਵੀ ਆਖੇ ਤੋਂ ਬਾਹਰ ਹੋਇਆ ਫਿਰਦਾ, ਕੋਈ ਕੰਮ ਨਹੀਂ ਕਰਦਾ।”
ਸੰਤ ਨੇ ਉਸੇ ਸ਼ਾਂਤ ਭਾਵ ਨਾਲ ਆਖਿਆ, “ਕੋਈ ਕਿਸੇ ਦਾ ਨਹੀਂ ਬੀਬੀ, ਇਹ ਰਿਸ਼ਤੇ ਵੀ ਝੂਠ ਤੇ ਭਰਮ ਦਾ ਰੂਪ ਨੇ...।”
ਬੀਬੀ ਦਾ ਸ਼ੱਕ ਹੋਰ ਵਧਿਆ। ਉਹਨੇ ਆਪਣੇ ਪਤੀ ਦੇ ਪਿਆਰੇ ਬਲਦਾਂ ਦੀ ਜੋੜੀ ਬਾਰੇ ਗੱਲ ਛੇੜੀ, “ਬਾਬਾ ਜੀ, ਪਿੰਡ ਦੇ ਸੇਠ ਨੇ ਸਾਡੇ ਬਲਦ ਖੋਲ੍ਹ ਲਏ, ਸਾਡੀ ਮੱਝ ਵੀ ਕਰਜ਼ੇ ’ਚ ਲੈ ਗਿਆ। ਅਸੀਂ ਬੜੇ ਔਖੇ ਆਂ।”
ਸੰਤ ਜੀ ਨੇ ਆਪਣੇ ਆਪ ਨੂੰ ਕਾਬੂ ’ਚ ਰੱਖਦਿਆਂ ਸੱਜਾ ਹੱਥ ਖੜ੍ਹਾ ਕਰ ਕੇ ਕਿਹਾ, “ਸ਼ਾਂਤ ਰਹੋ ਬੀਬਾ, ਇਹ ਚੀਜ਼ਾਂ ਵਸਤਾਂ ਇਸੇ ਸੰਸਾਰ ’ਚ ਰਹਿ ਜਾਣੀਆਂ। ਮਨ ਨੂੰ ਪਾਠ ਪੂਜਾ ਵੱਲ ਲਾਓ, ਸ਼ਾਂਤੀ ਮਿਲੇਗੀ।”
ਉਸ ਔਰਤ ਨੇ ਕਿਹਾ, “ਬਾਬਾ ਜੀ, ਹੁਣ ਸਾਡੇ ਸ਼ਰੀਕ ਸਾਡੀ ਜ਼ਮੀਨ ਦੱਬਣ ਨੂੰ ਫਿਰਦੇ। ਵੱਟ ਉੱਪਰ ਲੱਗੇ ਅੰਬ ਦੇ ਰੁੱਖ ਨੂੰ ਆਪਣੇ ਵੱਲ ਦੱਸਦੇ। ਅੱਜ ਉਨ੍ਹਾਂ ਨੇ ਉਹ ਰੁੱਖ ਵੱਢਣ ਲਈ ਆਰੇ ਵਾਲੇ ਨੂੰ ਸੱਦਿਆ...।”
ਇੰਨੀ ਗੱਲ ਸੁਣਨ ਦੀ ਦੇਰ ਸੀ ਕਿ ਉਸ ਸੰਤ ਦੇ ਅੰਦਰੋਂ ਕਿਸਾਨ ਜਾਗ ਪਿਆ। ਉਹਨੇ ਧੂਣੇ ’ਚੋਂ ਬਲਦੀ ਲੱਕੜ ਚੁੱਕ ਲਈ ਤੇ ਲਲਕਾਰਾ ਮਾਰਿਆ, “ਕੀਹਦੀ ਏਡੀ ਮਜਾਲ ਕਿ ਮੇਰੇ ਲਾਏ ਅੰਬ ਦੇ ਬੂਟੇ ਨੂੰ ਆਰੇ ਦਾ ਟੱਕ ਵੀ ਲਾ ਸਕੇ... ਮੈਂ ਸੀਰਮੇ ਨਾ ਪੀ ਜਾਵਾਂ...।”
ਪੰਜਾਬ ਦੀ ਉਹੀ ਧਰਤੀ ਜਿੱਥੇ ਰੁੱਖ ਬਦਲੇ ਕੋਈ ਦਹਾਕਿਆਂ ਦੀ ਖੱਟੀ ਖੂਹ ’ਚ ਪਾਉਣ ਲਈ ਤਿਆਰ ਹੋ ਜਾਂਦਾ ਸੀ, ਅੱਜ ਸੈਂਕੜੇ ਬਲਦੇ ਰੁੱਖਾਂ ਦਾ ਸ਼ਮਸ਼ਾਨ ਬਣਿਆ ਹੋਇਆ ਹੈ।...
ਸੰਪਰਕ: 94654-64502

Advertisement
Author Image

joginder kumar

View all posts

Advertisement
Advertisement
×