ਸੀਵਰਮੈਨਾਂ ਨੇ ਐੱਸਡੀਓ ਅਤੇ ਕੰਪਨੀ ਮੁਲਾਜ਼ਮ ਨੂੰ ਦਫ਼ਤਰ ਵਿੱਚ ਬੰਦ ਕੀਤਾ
ਪਵਨ ਕੁਮਾਰ ਵਰਮਾ
ਧੂਰੀ, 6 ਜੂਨ
ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿੱਚ ਠੇਕੇਦਾਰੀ ਸਿਸਟਮ ਅਧੀਨ ਮੁੰਬਈ ਦੀ ਇੱਕ ਕੰਪਨੀ ਵਿੱਚ ਠੇਕੇ ’ਤੇ ਰੱਖੇ ਸੀਵਰਮੈਨਾਂ ਵੱਲੋਂ ਪਿਛਲੇ ਦੋ ਮਹੀਨਿਆਂ ਦੀ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਅਤਿ ਦੀ ਗਰਮੀ ਵਿੱਚ ਦਫ਼ਤਰ ਅੱਗੇ ਦਿ ਕਲਾਸ ਫੌਰ ਗੋਰਮਿੰਟ ਐਂਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਰੋਸ ਵਿੱਚ ਆਏ ਸੀਵਰਮੈਨਾਂ ਨੇ ਐੱਸਡੀਓ ਪਰਮਿੰਦਰ ਸਿੰਘ, ਜੇ.ਈ. ਆਦਿ ਸਮੇਤ ਕੰਪਨੀ ਦੇ ਇੱਕ ਨੁਮਾਇੰਦੇ ਸੁਖਜਿੰਦਰ ਸਿੰਘ ਨੂੰ ਐੱਸਡੀਓ ਦੇ ਕਮਰੇ ਵਿੱਚ ਲੰਮਾ ਸਮਾਂ ਬੰਦ ਰੱਖਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਐੱਸਡੀਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸੀਵਰੇਜ ਦੀ ਮੈਨਟੀਨੈਂਸ ਆਦਿ ਦਾ ਕੰਮ ਮੁੰਬਈ ਦੀ ਇੱਕ ਕੰਪਨੀ ਨੂੰ ਠੇਕੇ ’ਤੇ ਦਿੱਤਾ ਹੋਇਆ ਹੈ, ਪਰ ਕੰਪਨੀ ਦਾ ਰਵੱਈਆ ਸਹੀ ਨਹੀਂ ਹੈ। ਉਨ੍ਹਾਂ ਵੱਲੋਂ ਕਦੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ। ਉਨ੍ਹਾਂ ਦੱਸਿਆ ਕਿ ਉਹ ਧੂਰੀ ਸ਼ਹਿਰ ਦੇ ਸੀਵਰੇਜ ਦੀ ਮੈਂਨਟੀਨੈਂਸ ਅਤੇ ਸੀਵਰਮੈਨਾਂ ਦੀ ਬਕਾਇਆ ਤਨਖਾਹ ਨੂੰ ਲੈ ਕੇ ਅਨੇਕਾਂ ਵਾਰ ਉਨ੍ਹਾਂ ਨੂੰ ਜਾਣੂ ਕਰਵਾ ਚੁੱਕੇ ਹਨ, ਪਰ ਉਨ੍ਹਾਂ ਵੱਲੋਂ ਸੁਣਵਾਈ ਨਹੀਂ ਕੀਤੀ ਜਾ ਰਹੀ।
ਇਸ ਮੌਕੇ ਕੰਪਨੀ ਦੇ ਨੁਮਾਇੰਦੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਕੰਪਨੀ ਵੱਲੋਂ ਇੱਥੇ ਬਤੌਰ ਇੰਚਾਰਜ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਲਗਾਤਾਰ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੀਵਰਮੈਨਾਂ ਦੀ ਤਨਖਾਹ ਪੁਆਉਣ ਨੂੰ ਲੈ ਕੇ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵੀ ਪਿਛਲੇ ਦੋ ਮਹੀਨਿਆਂ ਤੋਂ ਕੰਪਨੀ ਦੇ ਤਨਖਾਹ ਆਦਿ ਦੇ ਬਿੱਲ ਪਾਸ ਨਹੀਂ ਕੀਤੇ ਜਾ ਰਹੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਜੇਕਰ ਵਰਕਰਾਂ ਦੀਆਂ ਤਨਖਾਹਾਂ ਕੰਪਨੀ ਵੱਲੋਂ ਜਲਦੀ ਨਾ ਪਾਈਆਂ ਗਈਆਂ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਮੁੱਖ ਮੰਤਰੀ ਦਫ਼ਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ।
ਇਸ ਮੌਕੇ ਸੀਤਾ ਰਾਮ ਸ਼ਰਮਾ, ਇੰਦਰ ਸਿੰਘ ਧੂਰੀ, ਹੰਸ ਰਾਜ ਦੀਦਾਰਗੜ੍ਹ, ਗੁਰਜੰਟ ਸਿੰਘ ਬੁਗਰਾ, ਸੰਜੀਵ ਕੁਮਾਰ, ਹਰਬੰਸ ਸਿੰਘ, ਨਰੈਣ ਦੱਤ, ਸੁਖਦੇਵ ਸ਼ਰਮਾ, ਰਾਮ ਆਸਰਾ ਤੇ ਨਿੱਕਾ ਸਿੰਘ ਹਾਜ਼ਰ ਸਨ।