ਮਾਨਸਾ ’ਚ ਸੀਵਰੇਜ ਸਮੱਸਿਆ ਲੋਕਾਂ ਲਈ ਸਿਰਦਰਦੀ ਬਣੀ
ਪੱਤਰ ਪ੍ਰੇਰਕ
ਮਾਨਸਾ, 10 ਦਸੰਬਰ
ਮਾਨਸਾ ਸ਼ਹਿਰ ਦੇ ਸੀਵਰੇਜ ਸਿਸਟਮ ਅਤੇ ਸਫ਼ਾਈ ਦੇ ਮਾੜੇ ਪ੍ਰਬੰਧਾਂ ਖਿਲਾਫ਼ ਕੁਝ ਕੌਂਸਲਰਾਂ ਦੀ ਅਗਵਾਈ ਹੇਠ ਵੱਖ-ਵੱਖ ਧਾਰਮਿਕ, ਸਮਾਜਿਕ, ਵਪਾਰਕ, ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੇਵਾ ਸਿੰਘ ਠੀਕਰੀਵਾਲਾ ਚੌਕ ਵਿੱਚ ਚੱਲ ਰਿਹਾ ਰੋਸ ਧਰਨਾ 44ਵੇਂ ਦਿਨ ਵੀ ਜਾਰੀ ਰਿਹਾ।
ਧਰਨੇ ਦੌਰਾਨ ਕੌਸਲਰ ਰਾਮਪਾਲ ਸਿੰਘ ਨੇ ਮਾਨਸਾ ਨਗਰ ਕੌਂਸਲ ਸਮੇਤ ਸੀਵਰੇਜ ਕੰਪਨੀ ਦੀ ਕਾਰਗੁਜ਼ਾਰੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼ਹਿਰ ਨਿਵਾਸੀ ਸੀਵਰੇਜ ਤੇ ਸਫ਼ਾਈ ਦੇ ਮਾੜੇ ਪ੍ਰਬੰਧਾਂ ਕਰਕੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਕੰਪਨੀ ਨੇ ਚੁੱਪ ਧਾਰੀ ਹੋਈ ਹੈ, ਜਿਸ ਕਰਕੇ ਮਸਲੇ ਦਾ ਕੋਈ ਹੱਲ ਨਹੀਂ ਹੋ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਸੀਵਰੇਜ ਦੇ ਇਸ ਗੰਦੇ ਪਾਣੀ ਨੂੰ ਲੋਕਾਂ ਵਿੱਚ ਭਿਆਨਕ ਬਿਮਾਰੀਆਂ ਦਾ ਡਰ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਸਿਸਟਮ ’ਤੇ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ ਦੀ ਚੁੱਪ ਕਰਕੇ ਸ਼ਹਿਰੀਆਂ ਵਿੱਚ ਦਿਨੋ-ਦਿਨ ਰੋਹ ਅਤੇ ਰੋਸ ਵੱਧ ਰਿਹਾ ਹੈ। ਉਨ੍ਹਾਂ ਨੇ ਇਸਦੇ ਪੱਕੇ ਪ੍ਰਬੰਧ ਲਈ ਫੌਰੀ ਤੌਰ ’ਤੇ ਕਦਮ ਚੁੱਕਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕੇਂਦਰੀ ਗ੍ਰੀਨ ਟਿ੍ਰਬਿਊਨਲ ਕਮੇਟੀ ਅਤੇ ਪ੍ਰਦੂਸ਼ਣ ਬੋਰਡ ਤੋਂ ਸ਼ਹਿਰ ਦੇ ਬਚਾਅ ਲਈ ਫੌਰੀ ਦਖ਼ਲ ਦੇਣ ਦੀ ਵੀ ਮੰਗ ਕੀਤੀ। ਇਸ ਮੌਕੇ ਸੁਖਜੀਤ ਸਿੰਘ ਰਾਮਾਂਨੰਦੀ, ਅੰਮ੍ਰਿਤਪਾਲ ਗੋਗਾ, ਅਜੀਤ ਸਿੰਘ, ਹੰਸਾ ਸਿੰਘ, ਕਾਮਰੇਡ ਨੱਛਤਰ ਸਿੰਘ, ਗੁਰਸੇਵਕ ਸਿੰਘ, ਕਾਕਾ ਸਿੰਘ ਜੇਈ, ਮਨਜੀਤ ਸਿੰਘ ਕਾਲਾ, ਮੇਜਰ ਸਿੰਘ, ਹਰਮੇਲ ਸਿੰਘ ਠੇਕੇਦਾਰ ਤੇ ਈਸ਼ਵਰ ਦਾਸ ਨੇ ਵੀ ਸੰਬੋਧਨ ਕੀਤਾ।