ਭੈਣੀਬਾਘਾ ’ਚ ਪਸ਼ੂਆਂ ਦੀ ਮੌਤ ਦਾ ਸਿਲਸਿਲਾ ਜਾਰੀ
ਪੱਤਰ ਪ੍ਰੇਰਕ
ਮਾਨਸਾ, 29 ਮਾਰਚ
ਇੱਥੋਂ ਨੇੜਲੇ ਪਿੰਡ ਭੈਣੀਬਾਘਾ ਵਿੱਚ ਪਿਛਲੇ ਕਈ ਦਿਨਾਂ ਤੋਂ ਦੁਧਾਰੂ ਪਸ਼ੂਆਂ ਦੀਆਂ ਮੌਤਾਂ ਲਗਾਤਾਰ ਹੋ ਰਹੀਆਂ ਹਨ, ਪਰ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਦੀ ਸਾਰ ਨਹੀਂ ਲਈ ਜਾ ਰਹੀ ਹੈ। ਪਿੰਡ ਦੇ ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਹਰ-ਰੋਜ਼ ਇਸ ਅਗਿਆਤ ਬਿਮਾਰੀ ਕਾਰਨ ਪਸ਼ੂਆਂ ਦੀਆਂ ਮੌਤਾਂ ਹੋ ਰਹੀਆਂ ਹਨ, ਪ੍ਰੰਤੂ ਪ੍ਰਸ਼ਾਸਨ ਜਾਂ ਸਬੰਧਤ ਵਿਭਾਗ ਵੱਲੋਂ ਇਸ ਸਬੰਧੀ ਵੈਕਸੀਨ ਜਾਂ ਇਲਾਜ ਹਾਲੇ ਤੱਕ ਸ਼ੁਰੂ ਨਹੀਂ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਵਿੱਚ ਕਿਸਾਨ ਖੇਤਾ ਸਿੰਘ ਦੀ ਗਾਂ ਕੁੱਝ ਦਿਨ ਪਹਿਲਾਂ ਅਗਿਆਤ ਬਿਮਾਰੀ ਕਾਰਨ ਮਰ ਗਈ ਸੀ ਤੇ ਹੁਣ ਉਸਦੀ ਮੱਝ ਵੀ ਇਸ ਬਿਮਾਰੀ ਨਾਲ ਮਰ ਗਈ ਹੈ ਅਤੇ ਪਿੰਡ ਵਿੱਚ ਹੋਰ ਅਨੇਕਾਂ ਪਸ਼ੂ ਇਸ ਬਿਮਾਰੀ ਦੀ ਜਕੜ ਵਿੱਚ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਬਹੁਤ ਸਾਰੇ ਪਰਿਵਾਰ ਪਾਲਣ ਦਾ ਕਿੱਤਾ ਕਰਦੇ ਹਨ ਅਤੇ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਨਾਲ ਘਰਾਂ ਦੇ ਘਰ ਪਸ਼ੂਆਂ ਤੋਂ ਸੱਖਣੇ ਹੁੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪੀੜਤ ਪਸ਼ੂ ਪਾਲਕਾਂ ਦੀ ਬਾਂਹ ਫੜੇ ਤੇ ਇਲਾਜ ਦਾ ਮੁਫ਼ਤ ਪ੍ਰਬੰਧ ਕਰੇ, ਜਿਨਾਂ ਪਰਿਵਾਰਾਂ ਦੇ ਘਰਾਂ ’ਚੋਂ ਪਸ਼ੂ ਮਰ ਗਏ ਹਨ, ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।