ਦਫ਼ਤਰ ਨੂੰ ਜਿੰਦਰਾ ਲਾਉਣ ਤੋਂ ਭੜਕੇ ਸੀਨੀਅਰ ਵਾਈਸ ਪ੍ਰਧਾਨ
ਸੰਜੀਵ ਤੇਜਪਾਲ
ਮੋਰਿੰਡਾ, 11 ਜੂਨ
ਇੱਥੋਂ ਦੀ ਨਗਰ ਕੌਂਸਲ ਦੇ ਦਫ਼ਤਰ ਵਿੱਚ ਕੌਂਸਲ ਅਧਿਕਾਰੀਆਂ ਵੱਲੋਂ ਸੀਨੀਅਰ ਵਾਈਸ ਪ੍ਰਧਾਨ ਅੰਮ੍ਰਿਤਪਾਲ ਸਿੰਘ ਖਟੜਾ ਦੇ ਦਫ਼ਤਰ ਨੂੰ ਜਿੰਦਰਾ ਲਗਾਉਣ ਕਾਰਨ ਹੰਗਾਮਾ ਹੋਇਆ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਕਰਨ ਤੋਂ ਬਚਣ ਲਈ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਨੇ ਪਹਿਲਾਂ ਹੀ ਫੋਨ ਬੰਦ ਕਰ ਲਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਸ੍ਰੀ ਖਟੜਾ ਦਰਮਿਆਨ ਤਕਰਾਰ ਵੀ ਹੋਈ।
ਦੱਸਣਯੋਗ ਹੈ ਕਿ ਕੌਂਸਲ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਢਾਈ ਸਾਲਾਂ ਮਗਰੋਂ ਹੋਈ ਚੋਣ ਸਮੇਂ ਕਾਂਗਰਸ ਨਾਲ ਸਬੰਧਤ ਜਗਦੇਵ ਸਿੰਘ ਭਟੋਆ ਅਤੇ ਅਕਾਲੀ ਦਲ ਨਾਲ ਸਬੰਧਤ ਅੰਮ੍ਰਿਤਪਾਲ ਸਿੰਘ ਖਟੜਾ ਸਥਾਨਕ ਵਿਧਾਇਕ ਡਾ. ਚਰਨਜੀਤ ਸਿੰਘ ਦੀ ਹਾਜ਼ਰੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ ਸਨ ਪਰ ਲੋਕ ਸਭਾ ਚੋਣਾਂ ਦੌਰਾਨ ਸ੍ਰੀ ਖਟੜਾ ਨੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਸੀ। ਸ੍ਰੀ ਖਟੜਾ ਨੇ ਦੱਸਿਆ ਕਿ ਮੋਰਿੰਡਾ ਸ਼ਹਿਰ ਵਿੱਚ ਲੋਕ ਸਭਾ ਚੋਣਾਂ ਦੌਰਾਨ ‘ਆਪ’ ਨੂੰ ਸ਼ਹਿਰ ਵਿਚ ਵੋਟਾਂ ਘੱਟ ਮਿਲਣ ਕਾਰਨ ਬੌਖਲਾਹਟ ਵਿੱਚ ਆਏ ‘ਆਪ’ ਆਗੂਆਂ ਵੱਲੋਂ ਉਨ੍ਹਾਂ ਦੇ ਦਫ਼ਤਰ ਨੂੰ ਜਿੰਦਰਾ ਲਗਾ ਦਿੱਤਾ।
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਕਿਹਾ ਕਿ ਕੌਂਸਲ ਦੇ ਅਹਾਤੇ ਵਿੱਚ ਸੀਨੀਅਰ ਮੀਤ ਪ੍ਰਧਾਨ ਦਾ ਵੱਖਰਾ ਦਫ਼ਤਰ ਬਣਾਉਣ ਅਤੇ ਬੰਦ ਕਰਨ ਸਬੰਧੀ ਕੌਂਸਲ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਕੋਈ ਸਲਾਹ ਨਹੀਂ ਕੀਤੀ। ਕੌਂਸਲ ਸੀਨੀਅਰ ਵਾਈਸ ਪ੍ਰਧਾਨ ਦੇ ਵੱਖਰੇ ਦਫ਼ਤਰ ਸਬੰਧੀ ਖ਼ਰਚੇ ਚੁੱਕਣ ਤੋਂ ਅਸਮਰੱਥ ਹੈ।