For the best experience, open
https://m.punjabitribuneonline.com
on your mobile browser.
Advertisement

ਸੀਨੀਅਰ ਡਿਪਟੀ ਮੇਅਰ ਨੇ ਯੂਟੀ ਪ੍ਰਸ਼ਾਸਕ ਕੋਲ ਪਿੰਡਾਂ ਦੇ ਮੁੱਦੇ ਚੁੱਕੇ

06:24 AM Oct 07, 2024 IST
ਸੀਨੀਅਰ ਡਿਪਟੀ ਮੇਅਰ ਨੇ ਯੂਟੀ ਪ੍ਰਸ਼ਾਸਕ ਕੋਲ ਪਿੰਡਾਂ ਦੇ ਮੁੱਦੇ ਚੁੱਕੇ
ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਦਿੰਦੇ ਹੋਏ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 6 ਅਕਤੂਬਰ
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ 23 ਪਿੰਡਾਂ ਵਿੱਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ੍ਰੀ ਸੰਧੂ ਨੇ ਯੂਟੀ ਦੇ ਪ੍ਰਸ਼ਾਸਕ ਕੋਲ ਪਿੰਡਾਂ ਦੇ ਮਸਲੇ ਚੁੱਕੇ। ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਚੰਡੀਗੜ੍ਹ ਦੇ ਪਿੰਡਾਂ ਦਾ ਸ਼ਹਿਰੀਕਰਨ ਕਰਨ ਦੇ ਮਕਸਦ ਨਾਲ ਸਾਲ 2019 ਵਿੱਚ ਨਗਰ ਨਿਗਮ ਅਧੀਨ ਲਿਆਂਦਾ ਗਿਆ ਸੀ, ਪਰ ਹਾਲੇ ਤੱਕ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਪਿੰਡਾਂ ਵਿੱਚ ਸਥਿਤ ਘਰਾਂ ਵਿੱਚੋਂ ਕੂੜਾ ਸਹੀ ਢੰਗ ਨਾਲ ਨਹੀਂ ਚੁੱਕਿਆ ਜਾ ਰਿਹਾ ਹੈ ਜਿਸ ਕਰਕੇ ਪਿੰਡਾਂ ਵਿੱਚ ਥਾਂ-ਥਾਂ ’ਤੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪਿੰਡਾਂ ਵਿੱਚ ਆਬਾਦੀ ਵਧਣ ਕਰਕੇ ਪਾਰਕਿੰਗ ਦੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਇਸ ਲਈ ਚੰਡੀਗੜ੍ਹ ਦੇ ਪਿੰਡਾਂ ਵਿੱਚ ਪਾਰਕਿੰਗ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਵਾਹਨ ਸੜਕ ਕੰਢੇ ਖੜ੍ਹੇ ਕਰਨ ਲਈ ਮਜਬੂਰ ਨਾ ਹੋਣਾ ਪਵੇ।
ਇਸ ਦੌਰਾਨ ਸ੍ਰੀ ਸੰਧੂ ਨੇ ਯੂਟੀ ਦੇ ਜੰਗਲਾਤ ਵਿਭਾਗ ਦੀਆਂ ਮਨਜ਼ੂਰੀਆਂ ਨਾ ਮਿਲਣ ਕਰਕੇ ਪਿੰਡ ਧਨਾਸ ਵਿੱਚ ਬਕਾਇਆ ਪਏ ਕੰਮਾਂ ਬਾਰੇ ਵੀ ਪ੍ਰਸ਼ਾਸਕ ਨੂੰ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਪਿੰਡ ਧਨਾਸ ਸਥਿਤ ਅਮਨ-ਚਮਨ ਕਲੋਨੀ ਤੇ ਅੰਬੇਡਕਰ ਕਲੋਨੀ ਦੇ ਨਜ਼ਦੀਕ ਪੁਲ ਬਣਨਾ ਹੈ, ਪਰ ਜੰਗਲਾਤ ਵਿਭਾਗ ਵੱਲੋਂ ਪ੍ਰਵਾਨਗੀ ਨਾ ਦੇਣ ਕਰਕੇ ਸਾਰਾ ਕੰਮ ਲਟਕਿਆ ਪਿਆ ਹੈ।
ਉਨ੍ਹਾਂ ਕਿਹਾ ਕਿ ਪਿੰਡ ਧਨਾਸ ਤੋਂ ਝੀਲ ਵਾਲੀ ਸੜਕ ’ਤੇ ਸਟ੍ਰੀਟ ਲਾਈਟਾਂ ਨਹੀਂ ਹਨ, ਜਿਸ ਕਰਕੇ ਉੱਥੇ ਲੁੱਟ-ਖੋਹ ਤੇ ਝਪਟਮਾਰੀ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਲਈ ਨਗਰ ਨਿਗਮ ਵੱਲੋਂ 15 ਸਟ੍ਰੀਟ ਲਾਈਟਾਂ ਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਉੱਥੇ ਵੀ ਜੰਗਲਾਤ ਵਿਭਾਗ ਵੱਲੋਂ ਸਟ੍ਰੀਟ ਲਾਈਟਾਂ ਲਾਉਣ ਵਿੱਚ ਅੜਿੱਕਾ ਖੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਜਲਦ ਹੀ ਹੱਲ ਕੀਤਾ ਜਾਵੇ। ਯੂਟੀ ਪ੍ਰਸ਼ਾਸਕ ਨੇ ਪਿੰਡਾਂ ਦੀਆਂ ਸਮੱਸਿਆਵਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

Advertisement

ਸਕੂਲਾਂ ਨੂੰ ਬੰਦ ਕਰਨ ਸਬੰਧੀ ਨੋਟਿਸ ਵਾਪਸ ਲੈਣ ਲਈ ਕਿਹਾ

ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਨੇ ਨਗਰ ਨਿਗਮ ਵੱਲੋਂ ਪਿੰਡਾਂ ਵਿੱਚ ਸਥਿਤ ਪਿੰਡਾਂ ਨੂੰ ਨੋਟਿਸ ਜਾਰੀ ਕਰਨ ਦਾ ਮਾਮਲਾ ਵੀ ਪ੍ਰਸ਼ਾਸਕ ਕੋਲ ਚੁੱਕਿਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਥਿਤ ਇਹ ਸਕੂਲ ਲਾਲ ਲਕੀਰ ਦੇ ਅੰਦਰ ਹਨ, ਜਿੱਥੇ 25 ਤੋਂ 30 ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। ਜੇ ਸਕੂਲ ਬੰਦ ਹੋ ਗਏ ਤਾਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਦੇ ਬੱਚਿਆ ਨੂੰ ਪੜ੍ਹਾਈ ਵਿੱਚ ਦਿੱਕਤ ਆਵੇਗੀ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਨੋਟਿਸਾਂ ਨੂੰ ਵੀ ਵਾਪਸ ਲਿਆ ਜਾਵੇ।

Advertisement

Advertisement
Author Image

Advertisement