ਨਾਵਲ ’ਚੋਂ ਲੱਭੇ ਟਕਰਾਅ ਦੇ ਬੀਜ
ਰਾਮਚੰਦਰ ਗੁਹਾ
ਬੰਗਲੌਰ ’ਚ ਪੁਰਾਣੀਆਂ ਕਿਤਾਬਾਂ ਦੀ ਇੱਕ ਵਧੀਆ ਦੁਕਾਨ ਵਿੱਚ ਘੁੰਮਦਿਆਂ, ਮੇਰੀ ਨਜ਼ਰ ਇੱਕ ਨਾਵਲ ’ਤੇ ਪਈ ਜਿਸ ਦਾ ਨਾਂ ਸੀ ‘ਵੈੱਨ ਆਈ ਲਿਵਡ ਇਨ ਮੌਡਰਨ ਟਾਈਮਜ਼’ (ਜਦੋਂ ਮੈਂ ਆਧੁਨਿਕ ਸਮੇਂ ਵਿੱਚ ਰਹਿੰਦੀ ਸਾਂ)। ਇਸ ਦੀ ਲੇਖਕਾ ਲਿੰਡਾ ਗ੍ਰਾਂਟ ਬਾਰੇ ਪਹਿਲਾਂ ਕਦੇ ਕਦੇ ਪੜ੍ਹਿਆ ਸੁਣਿਆ ਨਹੀਂ ਸੀ, ਪਰ ਨਾਵਲ ਦਾ ਸਿਰਲੇਖ ਧੂਹ ਪਾਉਣ ਵਾਲਾ ਸੀ, ਜਿਵੇਂ ਕਿ ਇਹ ਤੱਥ ਵੀ ਕਿ ਇਹ ਨਾਵਲ ਇਜ਼ਰਾਇਲੀ ਰਿਆਸਤ ਦੇ ਕਾਇਮ ਹੋਣ ਤੋਂ ਕੁਝ ਸਮਾਂ ਪਹਿਲਾਂ ਦੇ ਫਲਸਤੀਨ ਦੀ ਕਹਾਣੀ ਹੈ, ਜਦੋਂ ਇਹ ਖਿੱਤਾ ਅੰਗਰੇਜ਼ਾਂ ਦੇ ਸ਼ਾਸਨ ਹੇਠ ਸੀ। ਮੇਰੇ ਲਈ ਇਹ ਦੋ ਕੁ ਗੱਲਾਂ ਹੀ ਕਿਤਾਬ ਖਰੀਦਣ ਲਈ ਕਾਫ਼ੀ ਸਨ। ਫਲਸਤੀਨ ਵਿੱਚ ਟਕਰਾਅ ਸੁਰਖੀਆਂ ਵਿੱਚ ਛਾਉਣ ਨਾਲ ਮੈਂ ਸੋਚਿਆ ਕਿ ਇਸ ਦੇ ਪਿਛੋਕੜ ਦਾ ਗਲਪੀ ਚਿਤਰਨ ਚਾਨਣ ਫੈਲਾ ਸਕਦਾ ਹੈ।
ਇਸ ਨੂੰ ਪੜ੍ਹ ਕੇ ਮੈਂ ਨਿਰਾਸ਼ ਨਹੀਂ ਹੋਇਆ। ਇਹ ਨਾਵਲ ਬਰਤਾਨੀਆ ਵਿੱਚ ਪਲੀ ਇੱਕ ਯਹੂਦੀ ਮੁਟਿਆਰ ਐਵਲੀਨ ਸਰਟ ਦੇ ਨਜ਼ਰੀਆ ਤੋਂ ਬਿਆਨ ਕੀਤਾ ਗਿਆ ਹੈ ਜੋ ਦੂਜੀ ਆਲਮੀ ਜੰਗ ਖ਼ਤਮ ਹੋਣ ਤੋਂ ਬਾਅਦ ਇਹ ਵੇਖਣ ਲਈ ਫਲਸਤੀਨ ਜਾਂਦੀ ਹੈ ਕਿ ਨਵੇਂ ਯਹੂਦੀ ਰਾਜ ਲਈ ਉਹ ਕੀ ਕਰ ਸਕਦੀ ਹੈ। ਉਹ ਕਬਿੁੱਤਜ਼ ਜਾ ਟਿਕਦੀ ਹੈ ਜਿਸ ਦੀ ਪ੍ਰਸਿੱਧੀ ਦਾ ਕੇਂਦਰਬਿੰਦੂ ਸਮਾਜਵਾਦੀ ਵਿਚਾਰਾਂ ਦਾ ਧਾਰਨੀ ਇੱਕ ਰੂਸੀ ਯਹੂਦੀ ਹੁੰਦਾ ਹੈ ਜਿਸ ਨੇ ਕਬਿੁੱਤਜ਼ ਦੇ ਟਿੱਬਿਆਂ ’ਤੇ ਫੁੱਲ ਟਹਿਕਣ ਲਾਉਣ ਦਾ ਤਹੱਈਆ ਕੀਤਾ ਹੋਇਆ ਸੀ।
ਕਬਿੁੱਤਜ਼ ਦੇ ਇਸ ਸਖ਼ਤਗੀਰ ਆਗੂ ਦੇ ਮਨ ਵਿੱਚ ਅਰਬਾਂ ਜੋ ਕਈ ਸਦੀਆਂ ਤੋਂ ਫਲਸਤੀਨ ਵਿਚ ਰਹਿ ਰਹੇ ਸਨ, ਪ੍ਰਤੀ ਕਾਫ਼ੀ ਮੰਦਭਾਵਨਾ ਭਰੀ ਹੋਈ ਸੀ। ਉਹ ਐਵਲੀਨ ਨੂੰ ਦੱਸਦਾ ਹੈ, ‘‘ਜੇ ਅੰਗਰੇਜ਼ ਚਲੇ ਜਾਂਦੇ ਹਨ ਤਾਂ ਅਸੀਂ ਪਹਿਲਾਂ ਨਰਮੀ ਨਾਲ ਰਾਜ ਕਰਾਂਗੇ, ਫਿਰ ਸਾਡੇ ਕੁਝ ਵਿਚਾਰ ਉਨ੍ਹਾਂ (ਅਰਬਾਂ) ’ਤੇ ਠੋਸੇ ਜਾਣਗੇ ਅਤੇ ਉਹ ਆਪਣੀ ਕਬਾਇਲੀ ਵਫ਼ਾਦਾਰੀ ਨੂੰ ਤਿਆਗ ਕੇ ਆਧੁਨਿਕ ਚੇਤਨਾ ਧਾਰਨ ਕਰਨਗੇ। ਇਹ ਕਰਨਾ ਪਵੇਗਾ ਜਾਂ ਫਿਰ ਉਨ੍ਹਾਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ। ਯਕੀਨਨ, ਉਹ ਇਸ ਵਿਸ਼ਾਲ ਅਰਬ ਸਰਜ਼ਮੀਨ ’ਤੇ ਆਪਣੇ ਲਈ ਕੋਈ ਹੋਰ ਟਿਕਾਣਾ ਲੱਭ ਸਕਦੇ ਹਨ? ...ਅਸੀਂ ਇਸ ਜ਼ਮੀਨ ਦੇ ਉਨ੍ਹਾਂ ਨੂੰ ਪੈਸੇ ਦਿੱਤੇ ਹਨ ਅਤੇ ਉਨ੍ਹਾਂ ਇਹ ਜ਼ਮੀਨ ਸਾਨੂੰ ਵੇਚ ਦਿੱਤੀ ਸੀ, ਇਹ ਕੰਮ ਇਨ੍ਹਾਂ ਦੇ ਗ਼ੈਰਮੌਜੂਦ ਮਾਲਕਾਂ ਨੇ ਕਰਵਾਇਆ ਸੀ। ਅਸੀਂ ਉਨ੍ਹਾਂ ਨੂੰ ਕਾਫ਼ੀ ਕੀਮਤ ਦਿੱਤੀ ਹੈ, ਅਸੀਂ ਇਨ੍ਹਾਂ ਨਾਲ ਕੋਈ ਧੋਖਾ ਨਹੀਂ ਕੀਤਾ, ਸਾਡੇ ਕਰਕੇ ਨਹੀਂ ਸਗੋਂ ਇਨ੍ਹਾਂ ਕਰਕੇ ਹੀ ਇਹ ਜ਼ਮੀਨ ਬੰਜਰ ਤੇ ਬਰਬਾਦ ਹੋਈ ਸੀ। ਮੈਨੂੰ ਨਹੀਂ ਪਤਾ ਕਿ ਉਹ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ ਹਨ -ਸ਼ਾਇਦ ਮੇਰੇ ਖ਼ਿਆਲ ਮੁਤਾਬਿਕ ਸਦੀਆਂ ਤੋਂ, ਪਰ ਜ਼ਰਾ ਦੇਖੋ ਕਿ ਸਿਰਫ਼ ਵੀਹਾਂ ਸਾਲਾਂ ਵਿੱਚ ਅਸੀਂ ਕੀ ਕੀਤਾ ਹੈ। ਅਤੇ ਕਿਉਂ? ਕਿਉਂਕਿ ਸਾਡਾ ਜਿਸ ਗੱਲ ਵਿੱਚ ਵਿਸ਼ਵਾਸ ਹੈ, ਉਹ ਹੈ ਭਵਿੱਖ।’’
ਇਹ ਸਤਰਾਂ ਪੜ੍ਹ ਕੇ ਮੈਨੂੰ ਚੇਤੇ ਆਇਆ ਕਿ ਇਹੋ ਜਿਹੀਆਂ ਭਾਵਨਾਵਾਂ ਹੀ ਯਹੂਦੀ ਦਾਰਸ਼ਨਿਕ ਮਾਰਟਿਨ ਬੂਬਰ ਨੇ ਸੰਨ 1938 ਵਿੱਚ ਮਹਾਤਮਾ ਗਾਂਧੀ ਨੂੰ ਲਿਖੀ ਇੱਕ ਚਿੱਠੀ ਵਿੱਚ ਪ੍ਰਗਟ ਕੀਤੀਆਂ ਸਨ। ਹਾਲਾਂਕਿ, ਉਸ ਕੱਟੜਪੰਥੀ ਯਹੁੂਦੀ ਤੋਂ ਉਲਟ, ਬੂਬਰ ਯਹੂਦੀਆਂ ਅਤੇ ਅਰਬਾਂ ਵਿਚਕਾਰ ਸੁਲ੍ਹਾ ਦਾ ਹਾਮੀ ਸੀ। ਇਹ ਗੱਲ ਵੱਖਰੀ ਹੈ ਕਿ ਉਹ ਯਹੂਦੀਆਂ ਨੂੰ ਉਨ੍ਹਾਂ ਦੇ ਸਿਖਿਅਕ ਵਜੋਂ ਦੇਖਦਾ ਸੀ। ਦਸਤੀ ਜ਼ਰਾਇਤ ਦੀ ਮੁੱਢਲੀ ਰਿਆਸਤ ਦੀ ਸ਼ਿਕਾਇਤ ਕਰਦਿਆਂ ਉਹ ਦਾਅਵਾ ਕਰਦਾ ਸੀ ਕਿ ਅਰਬਾਂ ਅਤੇ ਉਨ੍ਹਾਂ ਦੇ ਢੰਗ ਤਰੀਕਿਆਂ ਨੂੰ ਸੁਧਾਰਨ ਲਈ ਯਹੂਦੀ ਜ਼ਰੂਰੀ ਸਨ। ਜਿਵੇਂ ਕਿ ਉਹ ਆਖਦਾ ਸੀ: ‘ਧਰਤੀ ਨੂੰ ਪੁੱਛ ਕੇ ਦੇਖੋ ਕਿ ਅਰਬਾਂ ਨੇ ਤੇਰ੍ਹਾਂ ਸੌ ਸਾਲਾਂ ਵਿੱਚ ਉਸ ਲਈ ਕੀ ਕੀਤਾ ਹੈ ਅਤੇ ਅਸੀਂ ਪੰਜਾਹ ਸਾਲਾਂ ਵਿੱਚ ਕੀ ਕੀਤਾ ਹੈ! ਕੀ ਉਸ (ਧਰਤੀ) ਦਾ ਜਵਾਬ ਇਸ ਗੱਲ ਦੀ ਤਸਦੀਕ ਨਹੀਂ ਹੋਵੇਗਾ ਕਿ ਇਹ ਧਰਤੀ ਕਿਸ ਨਾਲ ਜੁੜੀ ਹੈ?’
ਮਾਰਟਿਨ ਬੂਬਰ ਫਲਸਤੀਨ ਦੇ ਅਰਬ ਵਸਨੀਕਾਂ ਨੂੰ ਤਕਨੀਕੀ ਲਿਹਾਜ਼ ਤੋਂ ਕਮਤਰ ਨਸਲ ਗਿਣਦਾ ਸੀ। ਉਸ ਨੇ ਗਾਂਧੀ ਨੂੰ ਦੱਸਿਆ ਸੀ, ‘ਇਹ ਜ਼ਮੀਨ ਸਾਨੂੰ ਪਛਾਣਦੀ ਹੈ ਕਿਉਂਕਿ ਇਹ ਸਾਡੇ ਜ਼ਰੀਏ ਜ਼ਰਖ਼ੇਜ਼ ਬਣੀ ਹੈ ਅਤੇ ਇਸ ਨੂੰ ਪਿਆ ਫ਼ਲ ਹੀ ਦੱਸਦਾ ਹੈ ਕਿ ਇਹ ਸਾਨੂੰ ਪਛਾਣਦੀ ਹੈ... ਯਹੁੂਦੀ ਕਿਸਾਨਾਂ ਨੇ ਆਪਣੇ ਅਰਬ ਕਿਸਾਨ ਭਰਾਵਾਂ ਨੂੰ ਜ਼ਮੀਨ ਨੂੰ ਦੱਬ ਕੇ ਜੋਤਣਾ ਸਿਖਾਉਣਾ ਸ਼ੁਰੂ ਕੀਤਾ। ਅਸੀਂ ਉਨ੍ਹਾਂ ਨੂੰ ਹੋਰ ਵੀ ਸਿਖਾਉਣ ਦੀ ਚਾਹਨਾ ਰੱਖਦੇ ਹਾਂ।’
ਲਿੰਡਾ ਗ੍ਰਾਂਟ ਦੇ ਨਾਵਲ ਦੀ ਸੂਤਰਧਾਰ ਕਬਿੁੱਤਜ਼ ਦੀ ਜ਼ਿੰਦਗੀ ਅਤੇ ਜਰਮਨੀ ਦੀ ਬਾਓਹਾਸ ਇਮਾਰਤਕਲਾ ਦੀ ਤਰਜ਼ ’ਤੇ ਉਸਾਰੇ ਗਏ ਤਲ ਅਵੀਵ ਸ਼ਹਿਰ ਵਿੱਚ ਕੀਤੇ ਸੰਘਰਸ਼ ਦੇ ਬਿਓਰੇ ਦਿੰਦੀ ਹੈ। ਇੱਕ ਯਹੂਦੀ ਬਸਤੀ ਵਿੱਚ ਅਪਾਰਟਮੈਂਟ ਕਿਰਾਏ ’ਤੇ ਲੈ ਕੇ ਰਹਿੰਦਿਆਂ ਉਹ ਬੀਬੀ ਲਿੰਜ਼ ਨੂੰ ਸਹੇਲੀ ਬਣਾ ਲੈਂਦੀ ਹੈ ਜੋ ਕਿ ਨਫ਼ੀਸ ਔਰਤ ਹੈ ਅਤੇ ਬਰਲਿਨ ਵਿੱਚ ਜੰਮੀ ਪਲੀ ਹੈ। ਲਿੰਜ ਉਸ ਨੂੰ ਦੱਸਦੀ ਹੈ, ‘‘ਸਾਡੇ ਯਹੂਦੀ ਸ਼ਹਿਰ ਵਿੱਚ ਵਿਗਿਆਨੀ ਤੇ ਇਤਿਹਾਸਕਾਰ ਤੇ ਸੰਗੀਤਕਾਰ, ਵਕੀਲ ਤੇ ਡਾਕਟਰ - ਸਭ ਹਨ। ਅਰਬ ਅਨਪੜ੍ਹ ਹਨ ਅਤੇ ਉਹ ਸੜਕਾਂ ’ਤੇ ਤਰਬੂਜ਼ ਵੇਚਣ ਤੋਂ ਇਲਾਵਾ ਕੁਝ ਨਹੀਂ ਜਾਣਦੇ। ਕੀ ਆਧੁਨਿਕ ਯੁੱਗ ਦੇ ਸਾਰੇ ਅਗਾਂਹਵਧੂ ਵਿਚਾਰਾਂ ਦਾ ਦਿਲ ਖੋਲ੍ਹ ਕੇ ਸਵਾਗਤ ਕਰਨ ਵਾਲੀ ਇੱਕ ਉੱਦਮੀ, ਸੰਗਠਿਤ ਘੱਟਗਿਣਤੀ ਜੋ ਊਰਜਾ ਤੇ ਸਿੱਖਿਆ ਤੇ ਪ੍ਰਸ਼ਾਸਕੀ ਤਜਰਬੇ ਪੱਖੋਂ ਸਾਡੇ ਤੋਂ ਊਣੀ ਇੱਕ ਬਹੁਗਿਣਤੀ ਦੇ ਸ਼ਾਸਨ ਹੇਠ ਦਬ ਕੇ ਰਹਿ ਸਕਦੀ ਹੈ?’’
ਉਸ ਸ਼ਹਿਰ ਵਿੱਚ ਐਵਲੀਨ ਦਾ ਇੱਕ ਨੌਜਵਾਨ ਯਹੂਦੀ ਅਤਿਵਾਦੀ ਨਾਲ ਪਿਆਰ ਸ਼ੁਰੂ ਹੋ ਜਾਂਦਾ ਹੈ ਜੋ ਇੱਕ ਹਥਿਆਰਬੰਦ ਗਰੁੱਪ ਇਰਗੁਨ ਨਾਲ ਜੁੜਿਆ ਹੁੰਦਾ ਹੈ। ਉਹ ਮੁੰਡਾ ਇਰਗੁਨ ਵਿੱਚ ਕਿੰਗ ਡੇਵਿਡ ਹੋਟਲ ਵਿੱਚ ਕੀਤੀ ਗਈ ਬੰਬਾਰੀ ’ਤੇ ਕੋਈ ਪਛਤਾਵਾ ਜ਼ਾਹਰ ਨਹੀਂ ਕਰਦਾ ਜਿਸ ਵਿੱਚ ਬਹੁਤ ਸਾਰੇ ਯਹੂਦੀ ਵੀ ਮਾਰੇ ਜਾਂਦੇ ਹਨ (ਹਾਲਾਂਕਿ ਉਸ ਦਾ ਮੁੱਖ ਨਿਸ਼ਾਨਾ ਬਰਤਾਨਵੀ ਅਫ਼ਸਰ ਹੁੰਦੇ ਹਨ)। ‘‘ਸੁਣ ਐਵਲੀਨ, ਜੇ ਤੁਸੀਂ ਕਿਸੇ ਸ਼ਹਿਰ ਨੂੰ ਮੁੱਢੋਂ ਸੁੱਢੋਂ ਤਬਦੀਲ ਕਰਨਾ ਹੈ ਤਾਂ ਤੁਹਾਨੂੰ ਉਸ ਵਿੱਚ ਬੰਬ ਲਾਉਣਾ ਪਵੇਗਾ। ਜਦੋਂ ਹਰ ਚੀਜ਼ ਤਹਿਸ ਨਹਿਸ ਹੋ ਜਾਵੇ ਤਾਂ ਤੁਸੀਂ ਨਵੇਂ ਸਿਰੇ ਤੋਂ ਇਸ ਦਾ ਨਿਰਮਾਣ ਸ਼ੁਰੂ ਕਰ ਸਕਦੇ ਹੋ। ਤੁਸੀਂ ਬੰਬ ਧਮਾਕੇ ਵਾਲੀ ਜਗ੍ਹਾ ਕਿਸੇ ਵੀ ਤਰ੍ਹਾਂ ਦਾ ਸੁਫ਼ਨਾ ਚਸਪਾ ਕਰ ਸਕਦੇ ਹੋ।’’
ਨਾਵਲ ਦਾ ਅੰਤ ਉਦੋਂ ਹੁੰਦਾ ਹੈ ਜਦੋਂ ਸੂਤਰਧਾਰ ਆਪਣੀ ਉਮਰ ਦੇ ਸੱਤਰਵਿਆਂ ਵਿੱਚ ਪਹੁੰਚ ਚੁੱਕੀ ਹੁੁੰਦੀ ਹੈ ਅਤੇ ਆਪਣੀ ਜ਼ਿੰਦਗੀ ’ਤੇ ਪਿੱਛਲਝਾਤ ਕਰਾ ਰਹੀ ਹੁੰਦੀ ਹੈ। ਫਲਸਤੀਨ ਵਿੱਚ ਇੱਕ ਸਾਲ ਰਹਿਣ ਤੋਂ ਬਾਅਦ ਉਹ ਵਾਪਸ ਇੰਗਲੈਂਡ ਚਲੀ ਜਾਂਦੀ ਹੈ ਜਿੱਥੇ ਉਹ ਇੱਕ ਯਹੂਦੀ ਸੰਗੀਤਕਾਰ ਨਾਲ ਵਿਆਹ ਕਰਵਾ ਲੈਂਦੀ ਹੈ ਅਤੇ ਦੋ ਬੱਚਿਆਂ ਦੀ ਮਾਂ ਬਣ ਜਾਂਦੀ ਹੈ। ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਵਾਪਸ ਤਲ ਅਵੀਵ ਜਾਣ ਦਾ ਫ਼ੈਸਲਾ ਕਰਦੀ ਹੈ ਅਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਉੱਥੇ ਹੀ ਬਿਤਾਉਂਦੀ ਹੈ। ਉਸ ਦੀ ਪੁਰਾਣੀ ਗੁਆਂਢੀ ਬੀਬੀ ਲਿੰਜ ਹਾਲੇ ਵੀ ਉੱਥੇ ਹੈ ਅਤੇ ਇਜ਼ਰਾਇਲੀ ਸਟੇਟ ਤੇ ਫ਼ੌਜ ਵੱਲੋਂ ਫਲਸਤੀਨੀ ਲੋਕਾਂ ’ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਸ਼ਿਕਾਇਤ ਕਰਦੀ ਹੈ। ਜਦੋਂ ਬੀਬੀ ਲਿੰਜ ਇਨ੍ਹਾਂ ਜ਼ੁਲਮਾਂ ਬਾਰੇ ਐਵਲੀਨ ਨੂੰ ਦੱਸਦੀ ਹੈ ਤਾਂ ਉਹ ਅੱਗੋਂ ਕਹਿੰਦੀ ਹੈ, ‘‘ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ। ਇਹ ਸਭ ਕੁਝ ਸੁਣ ਕੇ ਹੀ ਮੈਂ ਬਹੁਤ ਦੁਖੀ ਹਾਂ ਕਿ ਕੋਈ ਐਨਾ ਜ਼ੁਲਮ ਕਿਵੇਂ ਕਰ ਸਕਦਾ ਹੈ, ਖ਼ਾਸਕਰ ਯਹੂਦੀ। ਬਿਨਾਂ ਸ਼ੱਕ, ਫਲਸਤੀਨੀ ਵੀ ਇਸੇ ਤਰ੍ਹਾਂ ਦੇ ਕਾਰੇ ਕਰਨ ਦੇ ਸਮੱਰਥ ਹਨ ਜਿਵੇਂ ਕਿ ਮੈਂ ਕੈਂਪਾਂ ਵਿੱਚ ਮਿਲੇ ਕੁਝ ਲੋਕਾਂ ਤੋਂ ਸੁਣਿਆ ਹੈ ਪਰ ਇਹ ਕਦੇ ਕਦਾਈਂ ਵਾਪਰਨ ਵਾਲੀਆਂ ਘਟਨਾਵਾਂ ਹਨ, ਦਸਤੂਰ ਨਹੀਂ ਹਨ।’’
ਕਿਤਾਬ ਦੇ ਆਖ਼ਰੀ ਪੈਰੇ ਵਿੱਚ ਇੱਕ ਨਾਟਕ ਦਾ ਜ਼ਿਕਰ ਕੀਤਾ ਗਿਆ ਹੈ ਜੋ ਬੀਬੀ ਲਿੰਜ ਅਤੇ ਐਵਲੀਨ ਨੇ ਹਾਲ ਹੀ ਵਿੱਚ ਦੇਖਿਆ ਸੀ। ਇਸ ਵਿੱਚ ‘ਗਾਜ਼ਾ ਵਿੱਚ ਸਾਡੇ ਫ਼ੌਜੀਆਂ ਵੱਲੋਂ ਕੀਤੇ ਗਏ ਅੱਤਿਆਚਾਰਾਂ’ ਦਾ ਵਰਨਣ ਕੀਤਾ ਗਿਆ ਹੈ। ਅਗਲੀ ਸਤਰ ਵਿੱਚ ਇੱਕ ਅਜਿਹੀ ਜਗ੍ਹਾ ਦੀ ਗੱਲ ਕੀਤੀ ਗਈ ਹੈ ਜਿੱਥੇ ‘ਹਮਾਸ ਨੇ ਇੱਕ ਕੈਫ਼ੇ ਵਿੱਚ ਬੰਬ ਧਮਾਕਾ ਕੀਤਾ ਸੀ ਅਤੇ ਕੇਕ ਦੇ ਟੁਕੜੇ ਉਨ੍ਹਾਂ ਦੇ ਗੁਆਂਢ ਦੇ ਫਲੈਟਾਂ ਦੀਆਂ ਖਿੜਕੀਆਂ ’ਚੋਂ ਆ ਕੇ ਡਿੱਗੇ ਸਨ।’
‘ਵੈੱਨ ਆਈ ਲਿਵਡ ਇਨ ਮੌਡਰਨ ਟਾਈਮਜ਼’ 1990ਵਿਆਂ ਵਿੱਚ ਲਿਖਿਆ ਗਿਆ ਸੀ ਜਦੋਂਕਿ ਵੈਸਟ ਬੈਂਕ ਖੇਤਰ ਵਿੱਚ ਯਹੂਦੀ ਬਸਤੀਆਂ ਦੀ ਉਸਾਰੀ ਅਤੇ ਫਲਸਤੀਨੀ ਇੰਤਫਾਦਾ (ਨਾਫ਼ਰਮਾਨੀ ਲਹਿਰ) ਦੇ ਉਭਾਰ ਨਾਲ ਓਸਲੋ ਸੰਧੀ ਦੀ ਨਾਕਾਮੀ ਜ਼ਾਹਿਰ ਹੋ ਗਈ ਸੀ। ਅਜਿਹੇ ਮਾਹੌਲ ਵਿੱਚ ਲਿੰਡਾ ਗ੍ਰਾਂਟ ਨੇ 1940ਵਿਆਂ ਦੇ ਦਹਾਕੇ ਵਿੱਚ ਇਸ ਟਕਰਾਅ ਦੀ ਉਤਪਤੀ ਦਾ ਗਲਪੀ ਬ੍ਰਿਤਾਂਤ ਦੇਣ ਦਾ ਉੱਦਮ ਸ਼ੁਰੂ ਕੀਤਾ ਸੀ। ਹੁਣ ਜਦੋਂ ਇਹ ਟਕਰਾਅ ਬਹੁਤ ਹੀ ਵਹਿਸ਼ੀਆਨਾ ਰੂਪ ਧਾਰਨ ਕਰ ਗਿਆ ਹੈ ਤਾਂ ਇਸ ਕਿਤਾਬ ਨੂੰ ਪੜ੍ਹਨਾ ਇੱਕ ਬਹੁਤ ਹੀ ਗਹਿਰਾ ਤੇ ਮਾਰਮਿਕ ਅਨੁਭਵ ਦਿੰਦਾ ਹੈ। ਅਰਬਾਂ ਪ੍ਰਤੀ ਸਭਿਆਚਾਰਕ ਸਖ਼ਤਾਈ ਅਤੇ ਕੱਟੜਪੰਥੀ ਇਜ਼ਰਾਇਲੀਆਂ ਵੱਲੋਂ ਹਿੰਸਾ ਦੀ ਕੀਤੀ ਜਾਂਦੀ ਪ੍ਰੋੜਤਾ ਯਹੂਦੀ ਸਟੇਟ ਦੀ ਬੁਨਿਆਦ ਵਿੱਚੋਂ ਝਲਕਦੀ ਹੈ। ਇਸ ਦੇ ਨਾਲ ਹੀ ਇਹ ਨਾਵਲ ਯਹੂਦੀਆਂ ਵੱਲੋਂ ਝੱਲੇ ਗਏ ਤਸੀਹਿਆਂ, ਯੂਰੋਪ ਵਿੱਚ ਯਹੂਦੀਆਂ ਪ੍ਰਤੀ ਨਫ਼ਰਤ, ਹਿਟਲਰ ਵੱਲੋਂ ਕੀਤੇ ਗਏ ਕਤਲੇਆਮ ਅਤੇ ਇਜ਼ਰਾਈਲ ਦੇ ਗਠਨ ਤੋਂ ਬਾਅਦ ਸਮੁੱਚੇ ਮੱਧ ਪੂਰਬ ਵਿੱਚ ਯਹੂਦੀਆਂ ਦੇ ਦਮਨ ਦਾ ਚੇਤਾ ਕਰਾਉਂਦਾ ਹੈ। ਨਵਾਂ ਰਾਜ ਦੁਨੀਆ ਭਰ ਵਿੱਚ ਯਹੂਦੀਆਂ ਲਈ ਸਭ ਤੋਂ ਵੱਧ ਸੁਰੱਖਿਅਤ ਜਗ੍ਹਾ ਬਣ ਗਿਆ ਹੈ ਜਿਸ ਕਰਕੇ ਇਸ ਦੀ ਰਾਖੀ ਲਈ ਉਹ ਸਭ ਕੁਝ ਕਰਨ ਲਈ ਤਿਆਰ ਹੋ ਜਾਂਦੇ ਹਨ।
ਨਾਵਲ ਨੂੰ ਪੜ੍ਹਨ ਤੋਂ ਬਾਅਦ ਮੈਂ ਗੂਗਲ ’ਤੇ ਲਿੰਡਾ ਗ੍ਰਾਂਟ ਬਾਰੇ ਖੋਜ ਕਰ ਕੇ ਪਾਇਆ ਕਿ ਬਰਤਾਨਵੀ ਸਾਹਿਤਕ ਜਗਤ ਵਿੱਚ ਉਸ ਦਾ ਕਾਫ਼ੀ ਉੱਚਾ ਮੁਕਾਮ ਹੈ। ਪਿਛਲੇ ਸਾਲ ਨਵੰਬਰ ਵਿੱਚ ਪ੍ਰਕਾਸ਼ਿਤ ਹੋਏ ਇੱਕ ਲੇਖ ਵਿੱਚ ਗ੍ਰਾਂਟ ਨੇ ਬਰਤਾਨਵੀ ਯਹੂਦੀ ਵਜੋਂ ਹਿੰਸਾ ਦੇ ਹਾਲੀਆ ਦੌਰ ਦੇ ਮੱਦੇਨਜ਼ਰ ਆਪਣੀ ਬੇਚੈਨੀ ਜ਼ਾਹਿਰ ਕੀਤੀ ਸੀ। ਉਸ ਨੂੰ ਅਫ਼ਸੋਸ ਹੈ ਕਿ ਫਲਸਤੀਨੀਆਂ ਦੀ ਹਮਾਇਤ ਕਰਨ ਵਾਲੇ ਬਰਤਾਨਵੀ ਲੇਖਕਾਂ ਅਤੇ ਕਲਾਕਾਰਾਂ ਨੇ ਇਜ਼ਰਾਇਲੀ ਨਾਗਰਿਕਾਂ ਦੇ ਕਤਲਾਂ ਦੀ ਸਾਫ਼ ਲਫ਼ਜ਼ਾਂ ਵਿੱਚ ਨਿੰਦਾ ਨਹੀਂ ਕੀਤੀ। ਉਹ ਖ਼ੁਦ ਵੀ ਹਮਾਸ ਵੱਲੋਂ ਕੀਤੇ ਗਏ ਅਪਰਾਧਾਂ ਅਤੇ ਬੈਂਜਾਮਿਨ ਨੇਤਨਯਾਹੂ ਸਰਕਾਰ ਵੱਲੋਂ ਕੀਤੀ ਗਈਆਂ ਵਹਿਸ਼ੀਆਨਾ ਕਾਰਵਾਈਆਂ, ਗਾਜ਼ਾ ਵਿੱਚ ਕੀਤੀ ਅੰਨ੍ਹੇਵਾਹ ਬੰਬਾਰੀ, ਆਮ ਨਾਗਰਿਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਤੋਂ ਮਹਿਰੂਮ ਕਰਨ ਦੀ ਮੁਖ਼ਾਲਫ਼ਤ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਬਰਤਾਨਵੀ ਯਹੂਦੀਆਂ ਕੋਲ ਅਜਿਹੀ ਰਣਨੀਤੀ ਦੀ ਘਾਟ ਹੈ ਜੋ ਇਜ਼ਰਾਇਲੀ ਵਿਸਤਾਰਵਾਦ ਅਤੇ ਹਮਾਸ ਦੇ ਨਿਹਵਾਦ ਦੇ ਆਪਾਵਿਰੋਧ ਨੂੰ ਇਕਸੁਰ ਕਰ ਸਕੇ। ਉਸ ਦਾ ਖ਼ਿਆਲ ਹੈ ਕਿ ਸ਼ਾਇਦ ਇਸ ਟਕਰਾਅ ਦਾ ਕੋਈ ਹੱਲ ਨਾ ਨਿਕਲ ਸਕੇ।’
ਹੱਲ ਨਿਕਲ ਵੀ ਸਕਦਾ ਹੈ ਜਾਂ ਫਿਰ ਨਹੀਂ ਵੀ ਨਿਕਲ ਸਕਦਾ। ਮੇਰੇ ਖ਼ਿਆਲ ਮੁਤਾਬਿਕ ਇਸ ਟਕਰਾਅ ਨੂੰ ਸੁਲਝਾਉਣ ਦਾ ਕੋਈ ਮੌਕਾ ਤਦ ਹੀ ਬਣ ਸਕਦਾ ਹੈ ਜਦੋਂ ਯਹੂਦੀਆਂ ਜਾਂ ਅਰਬਾਂ ਦੀ ਬਜਾਏ ਉਹ ਦੇਸ਼ ਪਹਿਲ ਕਰਨ ਜਿਨ੍ਹਾਂ ਨੇ ਇਹ ਸਮੱਸਿਆ ਮੁੱਢ ਤੋਂ ਪੈਦਾ ਕੀਤੀ ਸੀ। ਗ੍ਰਾਂਟ ਦੇ ਨਾਵਲ ਵਿੱਚ ਇੱਕ ਬਰਤਾਨਵੀ ਅਫ਼ਸਰ ਕਹਿੰਦਾ ਹੈ, ‘‘ਅਰਬਾਂ ਨਾਲ ਸੰਪਰਕ ਕਰਨ ਦੀ ਦਿੱਕਤ ਇਹ ਹੈ ਕਿ ਉਨ੍ਹਾਂ ਕੋਲ ਹਮੇਸ਼ਾ ਲੀਡਰਸ਼ਿਪ ਅਤੇ ਸੰਗਠਨ ਦੀ ਘਾਟ ਰਹੀ ਹੈ ਜਿਸ ਦਾ ਯਹੂਦੀ ਹਮੇਸ਼ਾ ਫ਼ਾਇਦਾ ਚੁੱਕਦੇ ਆਏ ਹਨ। ਮੁੱਕਦੀ ਗੱਲ ਇਹ ਹੈ ਕਿ ਇਹ ਜ਼ਮੀਨ ਅਰਬਾਂ ਦੀ ਹੈ ਪਰ ਹੁਣ ਇਸ ਉਪਰ ਯਹੂਦੀਆਂ ਦਾ ਕਬਜ਼ਾ ਹੈ। ਉਂਝ, ਇੱਥੇ ਯੂਰੋਪੀਅਨਾਂ ਦੀ ਮੌਜੂਦਗੀ ਨਾਲ ਸਾਡੇ ਕੌਮੀ ਹਿੱਤਾਂ ਦੀ ਪੂਰਤੀ ਹੋ ਸਕੇਗੀ।’’
ਸੰਨ 1917 ਦੇ ਬੈਲਫੋਰ ਐਲਾਨਨਾਮੇ ਜ਼ਰੀਏ ਯਹੂਦੀਆਂ ਦਾ ਆਪਣਾ ਦੇਸ਼ ਕਾਇਮ ਕਰਨ ਦਾ ਵਾਅਦਾ ਕਰ ਕੇ ਅੰਗਰੇਜ਼ਾਂ ਨੇ ਇਜ਼ਰਾਈਲ ਦੇ ਗਠਨ ਲਈ ਪਹਿਲਾ ਵੱਡਾ ਹੁਲਾਰਾ ਦਿੱਤਾ ਸੀ। ਯਹੂਦੀਆਂ ਦੇ ਦਮਨ ਅਤੇ ਫਿਰ ਕਤਲੇਆਮ ਰਾਹੀਂ ਜਰਮਨਾਂ ਨੇ ਇਸ ਨੂੰ ਦੂਜਾ ਹੁਲਾਰਾ ਦਿੱਤਾ ਸੀ। ਇਜ਼ਰਾਈਲ ਦੇ ਗਠਨ ਅਤੇ ਖ਼ਾਸਕਰ 1967 ਦੀ ਜੰਗ ਤੋਂ ਬਾਅਦ ਇਸ (ਇਜ਼ਰਾਈਲ) ਵੱਲੋਂ ਫਲਸਤੀਨੀਆਂ ਦੇ ਹੱਕਾਂ ਦੇ ਨਿਰੰਤਰ ਹਨਨ ਨੂੰ ਅਮਰੀਕਾ ਨੇ ਹੱਲਾਸ਼ੇਰੀ ਦਿੱਤੀ। ਇਜ਼ਰਾਇਲੀ ਸਟੇਟ ਨੂੰ ਹਥਿਆਰ ਤੇ ਵਿੱਤੀ ਸਾਧਨ ਮੁਹੱਈਆ ਕਰਵਾ ਕੇ, ਯਹੂਦੀ ਬਸਤੀਆਂ ਦੇ ਵਿਸਤਾਰ ਨੂੰ ਨਜ਼ਰਅੰਦਾਜ਼ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਨ ਦੀਆਂ ਤਜਵੀਜ਼ਾਂ ਨੂੰ ਵੀਟੋ ਕਰ ਕੇ ਇਸ ਨੂੰ ਮਜ਼ਬੂਤ ਕੀਤਾ ਜਾਂਦਾ ਰਿਹਾ ਹੈ। ਫਲਸਤੀਨ ਵਿੱਚ ਲੰਮੇ ਅਰਸੇ ਤੋਂ ਚਲੇ ਆ ਰਹੇ ਅਤੇ ਜ਼ਾਹਰਾ ਤੌਰ ’ਤੇ ਹੱਲ ਨਾ ਹੋਣ ਸਕਣ ਵਾਲੇ ਇਸ ਟਕਰਾਅ ਲਈ ਯਹੂਦੀਆਂ ਅਤੇ ਅਰਬਾਂ ਨਾਲੋਂ ਬਰਤਾਨੀਆ ਅਤੇ ਜਰਮਨੀ ਖ਼ਾਸਕਰ ਅਮਰੀਕਾ ਜ਼ਿਆਦਾ ਕਸੂਰਵਾਰ ਹਨ।
ਈ-ਮੇਲ: ramachandraguha@yahoo.in