ਖੇਤੀ ਘਪਲੇ ਦੇ ਬੀਜ
ਪੰਜਾਬ ਵਿੱਚ ਮੱਕੀ ਦੇ ਬੀਜ ਦੀ ਫਰਜ਼ੀ ਬਿਜਾਈ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਿਜਾਈ ਪੰਜਾਬ ਰਾਜ ਬੀਜ ਪ੍ਰਮਾਣਕ ਸੰਸਥਾ ਨੇ ਕਰਵਾਉਣੀ ਸੀ ਪਰ ਉਸ ਨੇ ਕਿਸਾਨਾਂ ਦੀ ਮਦਦ ਨਾਲ ਖੇਤਾਂ ’ਚ ਬਿਜਾਂਦ ਕਰਵਾਉਣ ਦੀ ਬਜਾਇ ਕਾਗਜ਼ਾਂ ਵਿੱਚ ਹੀ ਖਾਨਾਪੂਰਤੀ ਕਰ ਕੇ ਫਾਈਲਾਂ ਦਾ ਢਿੱਡ ਭਰ ਦਿੱਤਾ ਅਤੇ ਬੀਜ ਵਪਾਰੀਆਂ ਨਾਲ ਮਿਲ ਕੇ ਸਰਕਾਰ ਨਾਲ ਹੀ ਠੱਗੀ ਮਾਰ ਲਈ।
ਦਰਅਸਲ ਸਰਕਾਰ ਵੱਲੋਂ ਕਿਸਾਨਾਂ ਨੂੰ ਮੱਕੀ ਦਾ ਤਸਦੀਕਸ਼ੁਦਾ ਬੀਜ ਮੁਹੱਈਆ ਕਰਵਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਸੀ। ਇਸ ਦਾ ਮਕਸਦ ਖੇਤੀ ਵੰਨ-ਸਵੰਨਤਾ ਨੂੰ ਹੁਲਾਰਾ ਦੇਣਾ ਵੀ ਸੀ ਤਾਂ ਜੋ ਬਿਜਾਂਦ ਕਰਨ ਵਾਲਿਆਂ ਨੂੰ ਮਿਆਰੀ ਬੀਜ ਵਾਸਤੇ ਦਰ-ਦਰ ਭਟਕਣਾ ਨਾ ਪਵੇ। ਇਸ ਸਕੀਮ ਤਹਿਤ ਸੰਸਥਾ ਵੱਲੋਂ ਕਿਸਾਨਾਂ ਨੂੰ ਬੀਜਣ ਵਾਸਤੇ ਫਾਊਂਡੇਸ਼ਨ ਬੀਜ ਦਿੱਤਾ ਜਾਂਦਾ ਹੈ ਅਤੇ ਫਿਰ ਫ਼ਸਲ ਆਉਣ ’ਤੇ ਇਹ ਸਮਰਥਨ ਮੁੱਲ ਤੋਂ ਵੱਧ ਭਾਅ ’ਤੇ ਖਰੀਦਿਆ ਜਾਂਦਾ ਹੈ ਅਤੇ ਅਗਾਂਹ ਫਿਰ ਇਹ ਮੱਕੀ ਉਤਪਾਦਕਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਪਰ ਇਸ ਯੋਜਨਾ ਨੂੰ ਕੁਝ ਮੁਨਾਫ਼ੇਖ਼ੋਰਾਂ ਨੇ ਆਪਣੇ ਹੀ ਮਕਸਦ ਲਈ ਵਰਤ ਲਿਆ। ਮੁੱਢਲੀਆਂ ਪੜਤਾਲੀਆ ਰਿਪੋਰਟਾਂ ਅਨੁਸਾਰ ਇਹ ਕੰਮ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਬੀਜ ਸੰਸਥਾ ਦੇ ਖੇਤੀ ਦਫ਼ਤਰ ਜਲੰਧਰ ਦੀ ਸੀ ਜਿਸ ਨੇ 1315 ਏਕੜ ’ਚ ਬਿਜਾਂਦ ਕਰਵਾਉਣੀ ਸੀ ਪਰ ਅਮਲੀ ਤੌਰ ’ਤੇ ਅਜਿਹਾ ਨਹੀਂ ਕੀਤਾ ਗਿਆ। ਜ਼ਾਹਿਰ ਹੈ ਕਿ ਸੰਸਥਾ ਦੇ ਅਧਿਕਾਰੀ ਮੁੱਢਲੇ ਤੌਰ ’ਤੇ ਇਸ ਘੁਟਾਲੇ ਲਈ ਜ਼ਿੰਮੇਵਾਰ ਹਨ ਤੇ ਉਨ੍ਹਾਂ ਨਾਲ ਬੀਜ ਵਪਾਰੀ ਅਤੇ ਕੁਝ ਦਲਾਲਾਂ ਦੀ ਮਿਲੀਭੁਗਤ ਹੈ। ਇਨ੍ਹਾਂ ਸਾਰਿਆਂ ਨੇ ਮਿਲ ਕੇ ਮੋਟੇ ਮੁਨਾਫ਼ੇ ਦੇ ਲਾਲਚ ’ਚ ਫ਼ਸਲੀ ਵੰਨ-ਸਵੰਨਤਾ ਦੀ ਇਸ ਯੋਜਨਾ ਨੂੰ ਲੀਹ ਤੋਂ ਲਾਹ ਦਿੱਤਾ ਅਤੇ ਸੂਬਾ ਸਰਕਾਰ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ।
ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਕਾਰਨ ਪੰਜਾਬ ’ਚ ਧਰਤੀ ਹੇਠਲਾ ਪਾਣੀ ਦਿਨੋ-ਦਿਨ ਡੂੰਘਾ ਹੋ ਰਿਹਾ ਹੈ ਅਤੇ ਕਈ ਇਲਾਕਿਆਂ ’ਚ ਹਾਲਾਤ ਬਹੁਤ ਗੰਭੀਰ ਹਨ। ਖੇਤੀ ਮਾਹਿਰ ਲਗਾਤਾਰ ਇਹ ਕਹਿੰਦੇ ਆ ਰਹੇ ਹਨ ਕਿ ਪੰਜਾਬ ਦੇ ਕਿਸਾਨਾਂ ਨੂੰ ਬਦਲਵੀਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਇਹ ਬਦਲਵੀਂ ਖੇਤੀ ਵੱਲ ਝੁਕਾਅ ਰੱਖਣ ਵਾਲੇ ਕਿਸਾਨਾਂ ਨਾਲ ਵੀ ਧ੍ਰੋਹ ਕਮਾਉਣ ਵਾਲੀ ਗੱਲ ਹੈ। ਆਪਣੇ ਹੀ ਸੂਬੇ ਅਤੇ ਆਪਣੇ ਕਿਸਾਨਾਂ ਨੂੰ ਠੱਗਣ ਵਾਲਿਆਂ ਖ਼ਿਲਾਫ਼ ਨਿਸ਼ਚੇ ਹੀ ਅਜਿਹੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨਾਲ ਕੋਈ ਹੋਰ ਇਸ ਤਰ੍ਹਾਂ ਦੀ ਠੱਗੀ ਮਾਰਨ ਦੇ ਰਾਹ ਨਾ ਪਵੇ। ਪਹਿਲਾਂ ਵੀ ਕੁਝ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ਸ਼ੱਕ ਦੇ ਦਾਇਰੇ ਹੇਠ ਆਉਂਦੀ ਰਹੀ ਹੈ ਅਤੇ ਸਰਕਾਰ ਸਖ਼ਤ ਕਾਰਵਾਈ ਦੇ ਵਾਅਦੇ ਕਰਦੀ ਰਹੀ ਹੈ। ਹੁਣ ਫਿਰ ਇਸ ਮਾਮਲੇ ਬਾਰੇ ਵੀ ਖੇਤੀ ਮੰਤਰੀ ਨੇ ਅਜਿਹਾ ਭਰੋਸਾ ਦਿੱਤਾ ਹੈ ਜਿਸ ਨੂੰ ਹਰ ਹਾਲ ਪੂਰਾ ਕੀਤਾ ਜਾਣਾ ਬਣਦਾ ਹੈ। ਇਸ ਦੇ ਨਾਲ ਹੀ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੀਆਂ ਚੋਰ ਮੋਰੀਆਂ ਬੰਦ ਕਰਨ ਵਾਸਤੇ ਯਤਨ ਕਰੇ ਜਿਨ੍ਹਾਂ ਦਾ ਲਾਹਾ ਉਠਾਉਂਦਿਆਂ ਕੁਝ ਅਫਸਰ ਤੇ ਮੁਲਾਜ਼ਮ ਇਸ ਤਰ੍ਹਾਂ ਦੇ ਘਪਲੇ ਕਰਦੇ ਹਨ। ਫ਼ਸਲੀ ਵੰਨ-ਸਵੰਨਤਾ ਵੀ ਤਦ ਹੀ ਸੰਭਵ ਹੈ।