ਸਾਮਾਨ ਸਕੈਨਿੰਗ ਮਸ਼ੀਨ ਖਰਾਬ ਹੋਣ ਕਾਰਨ ਰੇਲਵੇ ਸਟੇਸ਼ਨ ਦੀ ਸੁਰੱਖਿਆ ਨੂੰ ਖਦਸ਼ਾ
ਪੱਤਰ ਪ੍ਰੇਰਕ
ਜਲੰਧਰ, 24 ਫਰਵਰੀ
ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ’ਤੇ 2019 ਵਿੱਚ ਸਥਾਪਤ ਕੀਤੀ ਗਈ ਸਾਮਾਨ ਸਕੈਨਿੰਗ ਮਸ਼ੀਨ ਬੰਦ ਰਹਿਣ ਕਾਰਨ ਸੁਰੱਖਿਆ ਵਿੱਚ ਸੰਨ੍ਹ ਲੱਗਣ ਦਾ ਖਦਸ਼ਾ ਹੈ। ਜਾਣਕਾਰੀ ਅਨੁਸਾਰ ਇਹ ਮਸ਼ੀਨ ਸਥਾਪਤ ਕਰਨ ਤੋਂ ਬਾਅਦ ਸਿਰਫ਼ ਛੇ ਕੁ ਮਹੀਨੇ ਵਰਤੋਂ ਵਿੱਚ ਆਈ ਹੈ। ਸਿਟੀ ਰੇਲਵੇ ਸਟੇਸ਼ਨ ਦੇ ਅੰਦਰਲੇ ਸੂਤਰਾਂ ਨੇ ਖੁਲਾਸਾ ਕੀਤਾ ਕਿ ਮਸ਼ੀਨ ਦੀ ਵਰਤੋਂ ਆਖਰੀ ਵਾਰ 2020 ਵਿੱਚ ਕੀਤੀ ਗਈ ਸੀ। ਉਸ ਤੋਂ ਬਾਅਦ ਮਸ਼ੀਨ ਖਰਾਬ ਹੋ ਗਈ। ਰੇਲਵੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਮਸ਼ੀਨ ਦੀ ਪਿਛਲੇ ਸਾਲ ਮੁਰੰਮਤ ਕੀਤੀ ਗਈ ਸੀ ਅਤੇ ਅਗਸਤ ਵਿੱਚ ਥੋੜ੍ਹੇ ਸਮੇਂ ਲਈ ਚਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਸ਼ਾਰਟ-ਸਰਕਟ ਕਾਰਨ ਇਸ ਦੀ ਮੋਟਰ ਖਰਾਬ ਹੋ ਗਈ ਸੀ। ਇਸ ਤੋਂ ਇਲਾਵਾ ਇਹ ਸਾਹਮਣੇ ਆਇਆ ਕਿ ਸਕੈਨਿੰਗ ਮਸ਼ੀਨ, ਜਦੋਂ ਕਾਰਜਸ਼ੀਲ ਹੁੰਦੀ ਹੈ, ਦਿਨ ਭਰ ਲਗਾਤਾਰ ਬੈਗ ਦੀ ਜਾਂਚ ਨੂੰ ਬਰਕਰਾਰ ਨਹੀਂ ਰੱਖ ਸਕਦੀ ਤੇ ਖਰਾਬ ਹੋ ਜਾਂਦੀ ਹੈ। ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਨੇ ਇਸ ਖਰਾਬੀ ਬਾਰੇ ਰੇਲਵੇ ਦੇ ਤਕਨੀਕੀ ਵਿਭਾਗ ਨੂੰ ਵਾਰ-ਵਾਰ ਸੂਚਿਤ ਕੀਤਾ, ਜਿਸ ਦੀ ਜਾਂਚ ਕਰਨ ’ਤੇ ਸਬੰਧਤ ਕੰਪਨੀ ਨੂੰ ਸੂਚਿਤ ਕੀਤਾ ਗਿਆ। ਹਾਲਾਂਕਿ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਇਕ ਯਾਤਰੀ ਹਰਜੋਤ ਬੱਲ ਨੇ ਸਕੈਨਿੰਗ ਮਸ਼ੀਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂ ਜੋ ਸ਼ੱਕੀ ਸਾਮਾਨ ਤੋਂ ਪੈਦਾ ਹੋਣ ਵਾਲੀਆਂ ਸਥਿਤੀਆਂ ਨੂੰ ਰੋਕਿਆ ਜਾ ਸਕੇ। ਬੀਤੇ ਦਿਨੀ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਲਾਲ ਸੂਟਕੇਸ ’ਚ ਇਕ ਲਾਸ਼ ਪਈ ਮਿਲੀ ਸੀ, ਦਾ ਹਵਾਲਾ ਦਿੰਦੇ ਹੋਏ ਇਕ ਯਾਤਰੀ ਮੀਨਾਕਸ਼ੀ ਵਰਮਾ ਨੇ ਕਿਹਾ ਕਿ ਜੇਕਰ ਯਾਤਰੀਆਂ ਦੇ ਸਾਮਾਨ ਦੀ ਸਹੀ ਢੰਗ ਨਾਲ ਸਕੈਨਿੰਗ ਕੀਤੀ ਜਾਂਦੀ ਤਾਂ ਸਮਾਜ ਵਿਰੋਧੀ ਅਨਸਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਨ ਦੀ ਹਿੰਮਤ ਨਹੀਂ ਕਰਦੇ। ਆਰਪੀਐਫ ਦੇ ਸਬ-ਇੰਸਪੈਕਟਰ ਹਰਵਿੰਦਰ ਸਿੰਘ ਨੇ ਮਸ਼ੀਨ ਦੇ ਲੰਬੇ ਸਮੇਂ ਤੋਂ ਖਰਾਬ ਰਹਿਣ ਦੀ ਗੱਲ ਸਵੀਕਾਰ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਸਮੱਸਿਆ ਬਾਰੇ ਜਾਣੂ ਕਰਵਾਇਆ।