ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੂਹ ਹਿੰਸਾ ਦਾ ਸੇਕ ਗੁਰੂਗ੍ਰਾਮ ਤੱਕ ਪੁੱਜਾ

07:29 AM Aug 02, 2023 IST
ਪ੍ਰਦਰਸ਼ਨਕਾਰੀਆਂ ਵੱਲੋਂ ਸਾੜੀ ਗਈ ਗੁਰੂਗ੍ਰਾਮ ਦੀ ਅੰਜੁਮਨ ਮਸਜਿਦ ਦੇ ਬਾਹਰ ਤਾਇਨਾਤ ਪੁਲੀਸ। -ਫੋਟੋ: ਪੀਟੀਆਈ

* ਭੀੜ ਨੇ ਗੁਰੂਗ੍ਰਾਮ ’ਚ ਮਸਜਿਦ ਤੇ ਢਾਬੇ ਨੂੰ ਲਾਈ ਅੱਗ

* ਨੂਹ ਜਿ਼ਲ੍ਹੇ ਵਿੱਚ ਕਰਫਿਊ ਜਾਰੀ

* ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਰਚੀ ਗਈ ਹਿੰਸਾ ਦੀ ਸਾਜ਼ਿਸ਼: ਵਿੱਜ

* ਹਰਿਆਣਾ ਲਈ ਕੇਂਦਰੀ ਬਲਾਂ ਦੀਆਂ 13 ਕੰਪਨੀਆਂ ਅਲਾਟ

ਗੁਰੂਗ੍ਰਾਮ/ਚੰਡੀਗੜ੍ਹ, 1 ਅਗਸਤ
ਹਰਿਆਣਾ ਦੇ ਨੂਹ ਜ਼ਿਲ੍ਹੇ ’ਚ ਬੀਤੇ ਦਿਨ ਸ਼ੁਰੂ ਹੋਈ ਹਿੰਸਾ ਦਾ ਸੇਕ ਗੁਰੂਗ੍ਰਾਮ ਪੁੱਜ ਗਿਆ ਹੈ ਜਿੱਥੇ ਭੀੜ ਨੇ ਇੱਕ ਮਸਜਿਦ ਨੂੰ ਅੱਗ ਲਗਾ ਦਿੱਤੀ ਤੇ ਇਸ ਘਟਨਾ ’ਚ ਇੱਥੋਂ ਦੇ ਨਾਇਬ ਇਮਾਮ ਦੀ ਮੌਤ ਹੋ ਗਈ ਜਿਸ ਨਾਲ ਹਿੰਸਾ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਪੰਜ ਹੋ ਗਈ ਹੈ। ਇਹ ਘਟਨਾ ਲੰਘੀ ਦੇਰ ਰਾਤ ਵਾਪਰੀ ਹੈ। ਇਸੇ ਦੌਰਾਨ ਮੁਜ਼ਾਹਰਾਕਾਰੀਆਂ ਨੇ ਅੱਜ ਗੁਰੂਗ੍ਰਾਮ ਦੇ ਬਾਦਸ਼ਾਹਪੁਰ ’ਚ ਇੱਕ ਢਾਬੇ ਨੂੰ ਅੱਗ ਲਗਾ ਦਿੱਤੀ ਤੇ ਉਸ ਨਾਲ ਲਗਦੀਆਂ ਦੁਕਾਨਾਂ ’ਚ ਭੰਨਤੋੜ ਕੀਤੀ ਹੈ। ਉੱਧਰ ਨੂਹ ਜ਼ਿਲ੍ਹੇ ’ਚ ਲਾਇਆ ਗਿਆ ਕਰਫਿਊ ਅੱਜ ਵੀ ਜਾਰੀ ਰਿਹਾ ਅਤੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸੂਬੇ ’ਚ ਸ਼ਾਂਤੀ ਭੰਗ ਕਰਨ ਦਾ ਇਰਾਦਾ ਰੱਖਣ ਵਾਲਿਆਂ ਨੇ ਨੂਹ ’ਚ ਹਿੰਸਾ ਦੀ ਸਾਜ਼ਿਸ਼ ਰਚੀ ਹੈ।
ਪੁਲੀਸ ਨੇ ਦੱਸਿਆ ਕਿ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਵੱਲੋਂ ਕੱਢੀ ਜਾ ਰਹੀ ਯਾਤਰਾ ਰੋਕਣ ਦੀ ਭੀੜ ਵੱਲੋਂ ਕੋਸ਼ਿਸ਼ ਕੀਤੇ ਜਾਣ ਕਾਰਨ ਭੜਕੀ ਹਿੰਸਾ ਗੁਰੂਗ੍ਰਾਮ ਤੱਕ ਫੈਲ ਗਈ ਹੈ ਅਤੇ ਭੀੜ ਨੇ ਸ਼ਹਿਰ ਦੇ ਸੈਕਟਰ-57 ਵਿਚਲੀ ਉਸਾਰੀ ਅਧੀਨ ਅੰਜੂਮਨ ਮਸਜਿਦ ਨੂੰ ਅੱਗ ਲਗਾ ਦਿੱਤੀ ਹੈ। ਇਸ ਘਟਨਾ ’ਚ ਮਸਜਿਦ ਦੇ 26 ਸਾਲਾ ਨਾਇਬ ਇਮਾਮ ਦੀ ਮੌਤ ਹੋ ਗਈ ਹੈ ਅਤੇ ਇਸ ਨਾਲ ਸੂਬੇ ’ਚ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਪੰਜ ਹੋ ਗਈ ਹੈ। ਮ੍ਰਿਤਕ ਇਮਾਮ ਦੀ ਪਛਾਣ ਬਿਹਾਰ ਵਾਸੀ ਸਾਦ ਵਜੋਂ ਹੋਈ ਹੈ। ਇਸ ਘਟਨਾ ’ਚ ਇੱਕ ਹੋਰ ਵਿਅਕਤੀ ਜ਼ਖ਼ਮੀ ਵੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨੂਹ ’ਚ ਚਾਰ ਜਣਿਆਂ ਦੀ ਮੌਤ ਹੋਈ ਹੈ ਅਤੇ ਕਈ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ।

Advertisement

ਨੂਹ ਦੇ ਬਾਦਸ਼ਾਹਪੁਰ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਦੁਕਾਨ ਦੀ ਕੀਤੀ ਗਈ ਭੰਨ-ਤੋੜ। -ਫੋਟੋ: ਪੀਟੀਆਈ

ਇਸੇ ਦੌਰਾਨ ਅੱਜ ਦੁਪਹਿਰ ਸਮੇਂ ਲੋਕਾਂ ਦੀ ਭੀੜ ਨੇ ਗੁਰੂਗ੍ਰਾਮ ਦੇ ਬਾਦਸ਼ਾਹਪੁਰ ’ਚ ਇੱਕ ਢਾਬੇ ਨੂੰ ਅੱਗ ਲਗਾ ਦਿੱਤੀ ਅਤੇ ਉਸ ਦੇ ਨਾਲ ਲਗਦੀਆਂ ਦੁਕਾਨਾਂ ਦੀ ਭੰਨ-ਤੋੜ ਕੀਤੀ। ਮੁਜ਼ਾਹਰਾਕਾਰੀਆਂ ਨੇ ਇੱਥੋਂ ਦੀ ਮਸਜਿਦ ਸਾਹਮਣੇ ਜੈ ਸ੍ਰੀਰਾਮ ਦੇ ਨਾਅਰੇ ਵੀ ਮਾਰੇ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਮੁਜ਼ਾਹਰਾਕਾਰੀ ਮੋਟਰਸਾਈਕਲਾਂ ’ਤੇ ਬੈਠ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਬਾਦਸ਼ਾਹਪੁਰ ਦਾ ਬਾਜ਼ਾਰ ਬੰਦ ਕਰ ਦਿੱਤਾ ਗਿਆ। ਦੂਜੇ ਪਾਸੇ ਵਿਸ਼ਵ ਹਿੰਦੂ ਪਰਿਸ਼ਦ ਨੇ ਇਸ ਹਿੰਸਾ ਨੂੰ ਅਤਵਿਾਦੀ ਹਮਲੇ ਨਾਲ ਜੋੜਦਿਆਂ ਘਟਨਾ ਦੀ ਐੱਨਆਈਏ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਪੁਲੀਸ ਨੇ ਦੱਸਿਆ ਕਿ ਨੂਹ ’ਚ ਅੱਜ ਕਿਸੇ ਹੋਰ ਹਿੰਸਕ ਘਟਨਾ ਦੀ ਜਾਣਕਾਰੀ ਨਹੀਂ ਮਿਲੀ ਪਰ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨੂਹ ਤੇ ਹੋਰ ਇਲਾਕਿਆਂ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਵਿੱਜ ਨੇ ਅੰਬਾਲਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੂਹ ’ਚ ਹਿੰਸਾ ਅਚਾਨਕ ਹੋਈ ਪ੍ਰਤੀਤ ਨਹੀਂ ਹੁੰਦੀ। ਉਨ੍ਹਾਂ ਕਿਹਾ, ‘ਜਿਸ ਪੱਧਰ ’ਤੇ ਹਿੰਸਾ ਹੋਈ ਹੈ ਅਤੇ ਜਿਸ ਤਰ੍ਹਾਂ ਵੱਖ ਵੱਖ ਥਾਵਾਂ ’ਤੇ ਹੋਈ, ਜਿਸ ਤਰ੍ਹਾਂ ਪੱਥਰ ਇਕੱਠੇ ਕੀਤੇ ਗਏ, ਜਿਸ ਤਰ੍ਹਾਂ ਹਥਿਆਰ ਦਿਖਾਏ ਗਏ, ਜਿਸ ਤਰ੍ਹਾਂ ਗੋਲੀਆਂ ਚਲਾਈਆਂ ਗਈਆਂ, ਉਸ ਨਾਲ ਅਜਿਹਾ ਨਹੀਂ ਲਗਦਾ ਕਿ ਇਹ ਸਭ ਕੁਝ ਅਚਾਨਕ ਹੋਇਆ ਹੋਵੇ।’ ਉਨ੍ਹਾਂ ਕਿਹਾ ਕਿ ਉੱਥੇ ਦੋਵੇਂ ਭਾਈਚਾਰੇ ਅਮਨ-ਅਮਾਨ ਨਾਲ ਰਹਿੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਤੇ ਦੇਸ਼ ’ਚ ਸ਼ਾਂਤੀ ਭੰਗ ਕਰਨ ਦਾ ਇਰਾਦਾ ਰੱਖਣ ਵਾਲੇ ਕਿਸੇ ਨੇ ਇਸ ਘਟਨਾ ਦੀ ਸਾਜ਼ਿਸ਼ ਰਚੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਤਤਕਾਲ ਕਿਸੇ ਨਤੀਜੇ ’ਤੇ ਨਹੀਂ ਪਹੁੰਚਣਾ ਚਾਹੁੰਦੇ। ਉਨ੍ਹਾਂ ਦੀ ਤਰਜੀਹ ਸਥਿਤੀ ਕਾਬੂ ਹੇਠ ਲਿਆਉਣਾ ਤੇ ਸ਼ਾਂਤੀ ਬਣਾਏ ਰੱਖਣਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨਾਲ ਗੱਲ ਕੀਤੀ ਹੈ ਅਤੇ ਸੂਬੇ ਲਈ ਕੇਂਦਰੀ ਬਲਾਂ ਦੀਆਂ 20 ਕੰਪਨੀਆਂ ਅਲਾਟ ਕੀਤੀਆਂ ਗਈਆਂ ਹਨ। ਹਿੰਸਾ ’ਚ ਮਾਰੇ ਗਏ ਲੋਕਾਂ ਬਾਰੇ ਉਨ੍ਹਾਂ ਕਿਹਾ ਕਿ ਹੋਮਗਾਰਡ ਦੇ ਦੋ ਜਵਾਨਾਂ ਦੀ ਮੌਤ ਹੋਈ ਹੈ ਤੇ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ 15 ਜਣਿਆਂ ਨੂੰ ਨਲਹਰ ਸਥਿਤ ਮੈਡੀਕਲ ਕਾਲਜ ਲਿਆਂਦਾ ਗਿਆ ਤੇ ਇੱਕ ਵਿਅਕਤੀ ਨੂੰ ਮ੍ਰਿਤਕ ਹਾਲਤ ’ਚ ਲਿਆਂਦਾ ਗਿਆ ਜਿਸ ਦੀ ਅਜੇ ਪਛਾਣ ਨਹੀਂ ਹੋਈ।

ਸੋਹਨਾ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ। -ਫੋਟੋ: ਪੀਟੀਆਈ

ਉਨ੍ਹਾਂ ਦੱਸਿਆ ਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਤਿੰਨ ਪੁਲੀਸ ਮੁਲਾਜ਼ਮ ਵੈਂਟੀਲੇਟਰ ’ਤੇ ਹਨ। ਉਧਰ, ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ) ਨੇ ਨੂਹ ਜ਼ਿਲ੍ਹੇ ਵਿੱਚ ਹੋਈ ਹਿੰਸਾ ਦੌਰਾਨ ਪੱਥਰਬਾਜ਼ੀ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਬੱਚਿਆਂ ਦੀ ਕਥਿਤ ਸ਼ਮੂਲੀਅਤ ਸਬੰਧੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। -ਪੀਟੀਆਈ

Advertisement

ਨੂਹ ਤੇ ਸੋਹਨਾ ਵਿੱਚ ਸ਼ਾਂਤੀ ਕਮੇਟੀਆਂ ਦੀਆਂ ਮੀਟਿੰਗਾਂ

ਗੁਰੂਗ੍ਰਾਮ: ਹਰਿਆਣਾ ਦੇ ਨੂਹ ਤੇ ਸੋਹਨਾ ਕਸਬਿਆਂ ’ਚ ਫਿਰਕੂ ਹਿੰਸਾ ਤੋਂ ਬਾਅਦ ਅੱਜ ਸ਼ਾਂਤੀ ਕਮੇਟੀਆਂ ਦੀਆਂ ਮੀਟਿੰਗਾਂ ਹੋਈਆਂ ਤੇ ਲੋਕਾਂ ਨੇ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਉਹ ਅਮਨ ਬਹਾਲ ਕਰਨ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ। ਨੂਹ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪਵਾਰ ਤੇ ਐੱਸਪੀ ਨਰਿੰਦਰ ਸਿੰਘ ਬਿਜਾਰਨੀਆ ਨੇ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਐੱਸਪੀ ਨੇ ਕਮੇਟੀ ਦੇ ਮੈਂਬਰਾਂ ਨੂੰ ਦੋਸ਼ੀਆਂ ਦੀ ਪਛਾਣ ਕਰਨ ਦੀ ਅਪੀਲ ਕੀਤੀ। ਸੋਹਨਾ ’ਚ ਗੁਰੂਗ੍ਰਾਮ ਦੇ ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਮੀਟਿੰਗ ’ਚ ਸ਼ਾਮਲ ਲੋਕਾਂ ਨੂੰ ਫਿਰਕੂ ਸਦਭਾਵਨਾ ਬਹਾਲ ਕਰਨ ਦੀ ਅਪੀਲ ਕੀਤੀ। -ਪੀਟੀਆਈ

ਮੁੱਖ ਮੰਤਰੀ ਵੱਲੋਂ ਹਾਲਾਤ ਦੀ ਸਮੀਖਿਆ

ਪੰਚਕੂਲਾ (ਪੱਤਰ ਪ੍ਰੇਰਕ): ਨੂਹ ਹਿੰਸਾ ਨੂੰ ਲੈ ਕੇ ਮਨੋਹਰ ਲਾਲ ਖੱਟਰ ਨੇ ਅੱਜ ਆਪਣੇ ਘਰ ‘ਕਬੀਰ ਕੁਟੀਆ’ ਵਿੱਚ ਇੱਕ ਮੀਟਿੰਗ ਬੁਲਾਈ ਜਿਸ ਵਿੱਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਡੀਜੀਪੀ ਮੌਜੂਦ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਦੇ ਮਾਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਸ ਹਿੰਸਾ ਬਾਰੇ ਪੂਰੀ ਜਵਾਬਦੇਹੀ ਤੈਅ ਹੋਵੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਇਹ ਹਿੰਸਾ ਭੜਕਾਈ ਹੈ ਉਨ੍ਹਾ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਹਿੰਸਾ ਦੇ ਮੱਦੇਨਜ਼ਰ ਫਿਲਹਾਲ ਗੁਰੂਗ੍ਰਾਮ, ਫਰੀਦਾਬਾਦ, ਪਲਵਲ ਅਤੇ ਸੋਨੀਪਤ ਦੇ ਸਾਰੇ ਸਕੂਲ ਤੇ ਕਾਲਜ ਬੰਦ ਕੀਤੇ ਗਏ ਹਨ।

ਹੋਮ ਗਾਰਡਾਂ ਦੇ ਪਰਵਿਾਰਾਂ ਲਈ ਮੁਆਵਜ਼ਾ ਐਲਾਨਿਆ

ਗੁਰੂਗ੍ਰਾਮ: ਹਰਿਆਣਾ ਪੁਲੀਸ ਨੇ ਨੂਹ ਹਿੰਸਾ ’ਚ ਮਾਰੇ ਗਏ ਦੋ ਹੋਮ ਗਾਰਡਾਂ ਦੇ ਪਰਵਿਾਰਾਂ ਲਈ 57-57 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਭੜਕਣ ਤੋਂ ਬਾਅਦ ਹੋਮ ਗਾਰਡ ਦੇ ਦੋ ਜਵਾਨਾਂ ਨੀਰਜ ਤੇ ਗੁਰਸੇਵਕ ਨੂੰ ਗੁਰੂਗ੍ਰਾਮ ਤੋਂ ਨੂਹ ਭੇਜਿਆ ਗਿਆ ਸੀ ਜਿੱਥੇ ਡਿਊਟੀ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ, ‘ਹਰਿਆਣਾ ਪੁਲੀਸ ਇਸ ਦੁੱਖ ਦੀ ਘੜੀ ’ਚ ਪੀੜਤ ਪਰਵਿਾਰਾਂ ਨਾਲ ਖੜ੍ਹੀ ਹੈ। ਪੀੜਤ ਪਰਵਿਾਰਾਂ ਨੂੰ ਹਰਿਆਣਾ ਪੁਲੀਸ ਵੱਲੋਂ 57-57 ਲੱਖ ਰੁਪਏ ਮੁਆਵਜ਼ਾ ਤੇ ਹਰ ਤਰ੍ਹਾਂ ਦੀ ਸੰਭਵ ਮਦਦ ਦਿੱਤੀ ਜਾਵੇਗੀ।’ -ਪੀਟੀਆਈ

Advertisement