For the best experience, open
https://m.punjabitribuneonline.com
on your mobile browser.
Advertisement

ਖ਼ੁਸ਼ੀ ਦਾ ਭੇਤ

10:27 AM May 25, 2024 IST
ਖ਼ੁਸ਼ੀ ਦਾ ਭੇਤ
Advertisement

ਅਜੀਤ ਸਿੰਘ ਚੰਦਨ

Advertisement

ਬਿਨਾ ਤਪੱਸਿਆ, ਬਿਨਾ ਕੰਟਰੋਲ ’ਤੇ ਚੱਲਣ ਤੋਂ ਬਿਨਾ ਭਲਾ ਮਨ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ? ਜੇਕਰ ਮਨ ਹੀ ਕਾਬੂ ਵਿੱਚ ਨਹੀਂ ਹੈ ਤਾਂ ਇਹ ਜ਼ਿੰਦਗੀ ਤੁਹਾਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਵੀ ਮਜਬੂਰ ਕਰ ਸਕਦੀ ਹੈ। ਇਸੇ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਮਨ ਨੂੰ ਕਾਬੂ ਵਿੱਚ ਰੱਖਿਆ ਜਾਵੇ। ਫਾਲਤੂ ਦੀਆਂ ਤ੍ਰਿਸ਼ਨਾਵਾਂ ’ਤੇ ਕਾਬੂ ਪਾ ਕੇ, ਉਨ੍ਹਾਂ ਨੂੰ ਨੂੜਿਆ ਜਾਵੇ। ਫਿਰ ਵੇਖੋ, ਤੁਹਾਡੇ ਹਿਰਦੇ ਦੀ ਸ਼ੁੱਧਤਾ ਵਿੱਚੋਂ ਕਿਵੇਂ ਜ਼ਿੰਦਗੀ ਦੇ ਫੁੱਲ ਖਿੜਨ ਲੱਗਦੇ ਹਨ। ਕਿਵੇਂ ਤੁਹਾਡੀ ਜ਼ਿੰਦਗੀ ਰੰਗੀਨ ਬਣਦੀ ਹੈ। ਤੁਹਾਨੂੰ ਵਧੇਰੇ ਖ਼ੁਸ਼ੀ ਇਨ੍ਹਾਂ ਮਹਿਲ ਮਾੜੀਆਂ ਦੀ ਥਾਂ ’ਤੇ ਫੁੱਲਾਂ, ਚਸ਼ਮਿਆਂ ਤੇ ਬਹਾਰਾਂ ਵਿੱਚ ਨਜ਼ਰ ਆਵੇਗੀ। ਤੁਸੀਂ ਵੇਖੋਗੇ ਕਿ ਜਿੱਥੇ ਇੰਜ ਕਰਨ ਨਾਲ ਤੁਹਾਡੀ ਸਿਹਤ ਸੁਧਰੀ ਹੈ, ਉੱਥੇ ਮਨ ਵੀ ਸਾਦਗੀ ਵਿੱਚ ਰਹਿ ਕੇ ਹਿਰਨ ਵਾਂਗ ਚੁੰਗੀਆਂ ਭਰਦਾ ਹੈ।
ਕਦੇ ਕਿਸੇ ਝੀਲ ਦੇ ਪਾਣੀ ਵਿੱਚ ਝਾਕ ਕੇ ਵੇਖੋ ਕਿ ਕਿਵੇਂ ਕਮਲ ਫੁੱਲ ਪਾਣੀ ਤੋਂ ਉੱਚਾ ਆਪਣੀ ਧੌਣ ਚੁੱਕੀਂ ਖਿੜਿਆ ਹੋਇਆ ਇਹ ਸਮਝਾ ਰਿਹਾ ਹੈ ਕਿ ਪਾਣੀ ਵਿੱਚ ਰਹਿੰਦਿਆਂ ਵੀ ਨਿਰਲੇਪ ਹੋ ਕੇ ਜ਼ਿੰਦਗੀ ਨੂੰ ਮਾਣਿਆ ਜਾ ਸਕਦਾ ਹੈ। ਜ਼ਿੰਦਗੀ ਦੇ ਅਸਲ ਅਰਥ ਸੱਚੀ ਤੇ ਸੁੱਚੀ ਕਮਾਈ ਕਰਕੇ, ਪੇਟ ਪਾਲਣਾ ਵੀ ਹੈ ਤੇ ਫੁੱਲਾਂ ਦੇ ਖੇੜੇ ’ਤੇ ਹਾਸੇ ਨੂੰ ਆਪਣੇ ਵਿੱਚ ਵਸਾਉਣਾ ਵੀ। ਜਿਨ੍ਹਾਂ ਕੋਲ ਫੁੱਲਾਂ ਵਰਗੀ ਖ਼ੁਸ਼ੀ ਹੋਵੇ, ਭਲਾ ਉਨ੍ਹਾਂ ਨੂੰ ਧਨ ਦੀ ਕੀ ਲੋੜ ਹੈ? ਧਨ ਤਾਂ ਓਨਾ ਹੀ ਕਾਫ਼ੀ ਹੈ, ਜਿਸ ਨਾਲ ਸਾਦਗੀ ਵਿੱਚ ਰਹਿ ਕੇ ਵੀ ਖ਼ੁਸ਼ ਹੋਇਆ ਜਾ ਸਕੇ। ਫੁੱਲਾਂ ਦੀ ਸੁੰਦਰਤਾ ਤੇ ਮਹਿਕ ਨੂੰ ਆਪਣੇ ਹਿਰਦਿਆਂ ਵਿੱਚ ਵਸਾਇਆ ਜਾ ਸਕੇ।
•••
ਇਨਸਾਨ ਦੇ ਮਨ ਦਾ ਕਿਸ ਨੇ ਭੇਤ ਪਾਇਆ ਹੈ? ਕਈ ਵਾਰ ਤਾਂ ਇਨਸਾਨ ਖ਼ੁਦ ਵੀ ਆਪਣੇ ਮਨ ਦਾ ਭੇਤ ਨਹੀਂ ਪਾ ਸਕਦਾ। ਇਹ ਮਨ ਜੇ ਪਰਚ ਜਾਵੇ ਤਾਂ ਬੜਾ ਸੌਖਾ ਨਹੀਂ ਤਾਂ ਸਾਰੇ ਜੱਗ ਦੀਆਂ ਵਸਤਾਂ ਵੀ ਭਾਵੇਂ ਇਸ ਦੇ ਅੱਗੇ ਢੇਰੀ ਕਰ ਦਿਓ। ਇਹ ਨਹੀਂ ਪਰਚਦਾ। ਬੱਚੇ ਦੇ ਰੋਣ ਵਾਂਗ ਇਹ ਵੀ ਜ਼ਿੱਦ ਪਿਆ ਰਹਿੰਦਾ ਹੈ। ਜਿਵੇਂ ਬੱਚੇ ਨੂੰ ਕੋਈ ਖਿਡਾਉਣਾ ਦੇ ਦਿੱਤਾ ਜਾਵੇ ਤਾਂ ਬੱਚਾ ਰੋਣਾ ਬੰਦ ਕਰ ਦਿੰਦਾ ਹੈ। ਇਹੀ ਹਾਲ ਇਨਸਾਨ ਦੇ ਮਨ ਦਾ ਹੈ। ਜਿਹੜੇ ਇਸ ’ਤੇ ਲਗਾਮ ਪਾਉਣੀ ਸਿੱਖ ਲੈਣ ਉਹ ਤਾਂ ਧੱਲ੍ਹੇ ਦੀਆਂ ਲਾਉਂਦੇ ਹਨ। ਕਈ ਬੜੀ ਸਾਧਾਰਨ ਜ਼ਿੰਦਗੀ ਜੀ ਕੇ ਵੀ ਆਪਣਾ ਮਨ ਲਗਾਈ ਰੱਖਦੇ ਹਨ ਤੇ ਉਨ੍ਹਾਂ ਦਾ ਮਨ ਆਖੇ ਲੱਗ ਕੇ ਮੋਰਾਂ ਵਾਂਗ ਪੈਲ ਪਾਉਂਦਾ ਹੈ ਤੇ ਨੱਚਦਾ ਹੈ। ਕਦੇ ਅੜੀ ਨਹੀਂ ਕਰਦਾ। ਸਗੋਂ ਜਿੱਧਰ ਨੂੰ ਤੋਰੋ, ਤੁਰ ਪੈਂਦਾ ਹੈ। ਕਈ ਇਸ ਮਨ ਨੂੰ ਲਗਾਉਣ ਖ਼ਾਤਰ ਪਤਾ ਨਹੀਂ ਕਿੰਨੇ ਮੁਲਕਾਂ ਦੀ ਸੈਰ ਕਰਦੇ ਹਨ।
ਕਈ ਲੋਕ ਮਨ ਨੂੰ ਕੰਮ ਵਿੱਚ ਲਗਾਉਂਦੇ ਹਨ ਤਾਂ ਮਨ ਇੱਕ ਆਗਿਆਕਾਰ ਬੱਚੇ ਵਾਂਗ ਕੰਮ ਵਿੱਚ ਲੱਗਾ ਰਹਿੰਦਾ ਹੈ। ਕਦੇ ਸ਼ਿਕਾਇਤ ਨਹੀਂ ਕਰਦਾ। ਸਗੋਂ ਜਿੰਨੇ ਵਧੇਰੇ ਕੰਮ ਵਿੱਚ ਲਗਾਇਆ ਜਾਵੇ ਓਨਾ ਹੀ ਇਹ ਖ਼ੁਸ਼ ਰਹਿੰਦਾ ਹੈ। ਇਸੇ ਲਈ ਲੋਕ ਆਪਣੇ ਮਨ ਨੂੰ ਕੰਮਾਂ ਵਿੱਚ ਗਲਤਾਨ ਰੱਖਦੇ ਹਨ ਤੇ ਇਹ ਕੰਮ ਵਿੱਚ ਗਲਤਾਨ ਹੋ ਕੇ ਕਦੇ ਆਪਣਾ ਸਿਰ ਨਹੀਂ ਚੁੱਕਦਾ। ਸਗੋਂ ਜਿੰਨਾ ਵਧੇਰੇ ਕੰਮ ਹੋਵੇ, ਓਨਾ ਹੀ ਵਧੇਰੇ ਮਨ ਲੱਗਿਆ ਰਹਿੰਦਾ ਹੈ। ਇਹੀ ਵਜ੍ਹਾ ਹੈ ਕਿ ਪੁਰਾਣੇ ਤੋਂ ਪੁਰਾਣੇ ਜ਼ਮਾਨੇ ਵਿੱਚ ਵੀ ਕੁੜੀਆਂ ਛੋਪ ਕੱਤਦੀਆਂ ਆਈਆਂ ਹਨ। ਨਾਲੇ ਛੋਪ ਕੱਤੀ ਜਾਣਾ ਤੇ ਨਾਲ ਹੀ ਗੀਤ ਵੀ ਗਾਈ ਜਾਣਾ। ਠੱਠੇ ਤੇ ਮਸ਼ਕੀਆਂ ਦੀ ਛਹਿਬਰ, ਭਲਾਂ ਫਿਰ ਕਿਵੇਂ ਮਨ ਨਾ ਲੱਗੇ?
ਪੜ੍ਹਾਈ ਲਿਖਾਈ ਦਾ ਕੰਮ ਭਾਵੇਂ ਸਾਰੀ ਉਮਰ ਗੁਜ਼ਾਰ ਦਿਓ, ਖ਼ਤਮ ਨਹੀਂ ਹੁੰਦਾ। ਕਿਤਾਬਾਂ ਨਵੀਆਂ ਤੇ ਅਜਿਹੀਆਂ ਵਧੀਆ ਕਿ ਮਨ ਵੀ ਵੱਸ ਵਿੱਚ ਆਵੇ ਤੇ ਸਰੂਰ ਵੀ ਚੜ੍ਹੇ। ਕੋਈ ਘਾਟ ਨਹੀਂ ਅਜਿਹੀਆਂ ਕਿਤਾਬਾਂ ਦੀ। ਉਂਜ ਮਨ ਨੂੰ ਵੱਸ ਕਰਨ ਖ਼ਾਤਰ ਅੱਜ ਨਹੀਂ ਹਜ਼ਾਰਾਂ ਸਾਲ ਪਹਿਲਾਂ ਵੀ ਇਨਸਾਨ ਕੋਸ਼ਿਸ਼ ਕਰਦਾ ਆਇਆ ਹੈ। ਕੋਈ ਇਸ ਨੂੰ ਵੱਸ ਵਿੱਚ ਕਰਨ ਲਈ ਸਾਧੂ ਵੇਸ ਧਾਰ ਕੇ ਕੁਟੀਆ ਵਿੱਚ ਜਾ ਡੇਰਾ ਲਾਉਂਦਾ ਹੈ ਤੇ ਮਨ ਨੂੰ ਵੱਸ ਵਿੱਚ ਕਰ ਲੈਂਦਾ ਹੈ। ਡੂੰਘੇ ਚਿੰਤਨ ਵਿੱਚ ਪੈ ਕੇ, ਰੱਬ ਦੀ ਸ਼ਰਨ ਵਿੱਚ ਆ ਕੇ, ਕਿਵੇਂ ਮਨ ਨਾ ਲੱਗੇ? ਉੱਥੇ ਤਾਂ ਮਨ ਸਦਾ ਗੁਰੂ ਦੀ ਟੇਕ ਵਿੱਚ ਰਹਿੰਦਾ ਹੈ। ਸਾਰੀ ਭਟਕਣ ਮੁੱਕ ਜਾਂਦੀ ਹੈ।
ਇੰਝ ਇਸ ਮਨ ਪਰਦੇਸੀ ਨੂੰ ਵੱਸ ਕਰਨ ਲਈ ਹੋਰ ਬਥੇਰੇ ਉਪਰਾਲੇ ਹਨ ਜੋ ਇੱਕ ਇਨਸਾਨ ਸਹਿਜੇ ਹੀ ਕਰ ਸਕਦਾ ਹੈ। ‘ਸੌ ਗਜ਼ ਰੱਸਾ, ਸਿਰੇ ’ਤੇ ਗੰਢ’ ਵਾਲੀ ਗੱਲ ਤਾਂ ਇਹੋ ਹੈ ਕਿ ਕਿਵੇਂ ਨਾ ਕਿਵੇਂ ਮਨ ਨੂੰ ਵੱਸ ਵਿੱਚ ਕੀਤਾ ਜਾਵੇ। ਜਿਨ੍ਹਾਂ ਨੇ ਮਨ ਵੱਸ ਕੀਤਾ ਹੋਇਆ ਹੈ, ਉਹ ਤਾਂ ਸੌ ਸੁੱਖ ਭੋਗਦੇ ਹਨ। ਗੂੜ੍ਹੀਆਂ ਨੀਦਾਂ ਸੌਂਦੇ ਹਨ ਤੇ ਆਪਣੇ ਸਾਰੇ ਕੰਮ-ਕਾਜ ਠੀਕ ਢੰਗ ਨਾਲ ਨਿਪਟਾ ਕੇ ਰੱਬ ਦਾ ਲੱਖ ਲੱਖ ਸ਼ੁਕਰ ਕਰਦੇ ਹਨ। ਕਈ ਲਿਖਾਰੀ ਕਿਸਮ ਦੇ ਬੰਦੇ ਮਨ ਨੂੰ ਵੀ ਆਪਣੀ ਕਲਾ ਵਿੱਚ ਹੀ ਸਮੋਅ ਲੈਂਦੇ ਹਨ। ਜਿਉਂ ਜਿਉਂ ਮਨ ਕਲਾ ਵਿੱਚ ਸਮੋਇਆ ਜਾਂਦਾ ਹੈ, ਕਲਾ ਵਿੱਚ ਨਿਖਾਰ ਆਉਂਦਾ ਹੈ। ਅੱਖਰਾਂ ਵਿੱਚ ਜਾਨ ਪੈਂਦੀ ਹੈ। ਕਲਾਕਾਰ ਦਾ ਨਾਂ ਚਮਕਦਾ ਹੈ।
ਇਲਮਾਂ ਵਾਲੇ ਵੀ ਇਸ ਮਨ ਦਾ ਭੇਤ ਪਾਉਂਦੇ ਪਾਉਂਦੇ ਥੱਕ ਗਏ, ਪਰ ਮਨ ਵੱਸ ਵਿੱਚ ਨਹੀਂ ਆਇਆ। ਕਦੇ ਇਹ ਮਨ ਪ੍ਰੀਤਾਂ ਵਿੱਚ ਏਨਾ ਗਲਤਾਨ ਹੋ ਜਾਂਦਾ ਹੈ ਕਿ ਆਪਣੇ ਆਪ ਦੀ ਖ਼ਬਰ ਸਾਰ ਨਹੀਂ ਰਹਿੰਦੀ। ਸੋ ਬਿਹਤਰ ਇਹ ਹੈ ਕਿ ਇਸ ਮਨ ਨੂੰ ਪਰਦੇਸੀਂ ਵੱਸਣ ਦਿੱਤਾ ਜਾਵੇ ਤੇ ਇਨਸਾਨ ਇਸ ਦੇ ਪਰਦੇਸੀਂ ਵੱਸਦਿਆਂ ਵੀ ਸੁੱਖ ਦੀ ਨੀਂਦ ਸੌਵੇਂ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਪਣੀ ਪਸੰਦ ਦੇ ਕੰਮ ਵਿੱਚ ਲਗਾ ਲਿਆ ਤਾਂ ਮੇਰਾ ਯਕੀਨ ਹੈ ਕਿ ਪਰਦੇਸੀ ਮਨ ਵੀ ਜ਼ਰੂਰ ਘਰ ਆ ਜਾਵੇਗਾ। ਉਂਜ ਇਸ ਦੇ ਫ਼ਿਕਰ ਕਰਨ ਦੀ ਕੋਈ ਖ਼ਾਸ ਗੱਲ ਨਹੀਂ। ਜਿੱਥੇ ਵਸਦਾ ਹੈ, ਵੱਸਣ ਦਿਓ। ਇੱਕ ਨਾ ਇੱਕ ਦਿਨ ਤਾਂ ਉਹ ਜ਼ਰੂਰ ਆਪਣੇ ਤਾਬੂਤ ਵਿੱਚ ਵਾਪਸ ਆ ਜਾਵੇਗਾ।
•••
ਕੀ ਜ਼ਿੰਦਗੀ ਵਿੱਚ ਕੋਈ ਸਦੀਵੀ ਖ਼ੁਸ਼ੀ ਵੀ ਹੈ, ਜਿਸ ਦੇ ਹੁਲਾਰੇ ਵਿੱਚ ਇਨਸਾਨ ਆਪਾ ਭੁੱਲਿਆ ਹਮੇਸ਼ਾ ਖ਼ੁਸ਼ ਰਹਿ ਸਕਦਾ ਹੈ। ਇਸ ਦਾ ਜੁਆਬ ਇਨਸਾਨ ਦੇ ਪਵਿੱਤਰ ਮਨ ਵਿੱਚੋਂ ਹੀ ਲੱਭਿਆ ਜਾ ਸਕਦਾ ਹੈ। ਉਹ ਮਨ ਜਿੱਥੇ ਕੋਈ ਝਰੀਟ ਨਾ ਹੋਵੇ ਤੇ ਉਹ ਮਨ ਜੋ ਝੀਲ ਦੇ ਨਿਰਮਲ ਪਾਣੀ ਵਾਂਗ ਟਿਕਿਆ ਹੋਇਆ ਤੇ ਸ਼ਾਂਤ ਹੋਵੇ। ਉਹੀ ਮਨ ਇਸ ਦਾ ਸਹੀ ਜੁਆਬ ਦੇ ਸਕਦਾ ਹੈ। ਅਸਲੀ ਖ਼ੁਸ਼ੀ ਇਨਸਾਨ ਦੇ ਅੰਦਰ ਹੀ ਜਨਮ ਲੈਂਦੀ ਹੈ। ਇਸ ਦੇ ਹੁਲਾਰੇ ਇਨਸਾਨ ਨੂੰ ਸੱਤਵੇਂ ਆਸਮਾਨ ’ਤੇ ਚੁੱਕੀ ਫਿਰਦੇ ਹਨ ਪਰ ਇਹ ਸਦੀਵੀ ਖ਼ੁਸ਼ੀ ਤਦ ਹੀ ਪਾਈ ਜਾ ਸਕਦੀ ਹੈ ਜੇ ਇਨਸਾਨ ਆਪਣੀ ਜ਼ਿੰਦਗੀ ਦੇ ਸੁਆਰਥ ਤਿਆਗ ਦੇਵੇ। ਭਾਵ ਆਪਣੇ ਆਪ ਨੂੰ ਇਸ ਕਦਰ ਪਵਿੱਤਰ ਤੇ ਸਾਫ਼ ਕਰ ਲਵੇ ਕਿ ਉਸ ਦੇ ਮਨ ਦੇ ਕਮਲ ਸਦਾ ਖਿੜ ਖਿੜ ਪੈਣ। ਜਿਵੇਂ ਚਿੱਕੜ ਭਰੇ ਪਾਣੀਆਂ ਵਿੱਚ ਵੀ ਕਮਲ ਦਾ ਫੁੱਲ ਖਿੜ ਪੈਂਦਾ ਹੈ। ਅਜਿਹੀ ਦੁਰਲੱਭ ਤੇ ਸਦੀਵੀਂ ਖ਼ੁਸ਼ੀ ਪ੍ਰਾਪਤ ਕਰਨ ਲਈ ਇਨਸਾਨ ਨੂੰ ਸੁਆਰਥ ਦਾ ਪੱਲਾ ਛੱਡਣਾ ਪਏਗਾ। ਸਗੋਂ ਪਰ-ਸੁਆਰਥੀ ਹੋ ਕੇ ਅਜਿਹੇ ਕੰਮ ਕਰੋ, ਜਿਨ੍ਹਾਂ ਨਾਲ ਹੋਰਨਾਂ ਦਾ ਭਲਾ ਹੋਵੇ। ਕੋਈ ਇੱਕ ਅਜਿਹਾ ਕੰਮ ਕਰਕੇ ਵੇਖੋ। ਤੁਹਾਨੂੰ ਜ਼ਰੂਰ ਖ਼ੁਸ਼ੀ ਦਾ ਅਨੁਭਵ ਹੋਵੇਗਾ। ਅਸੀਂ ਵੇਖਦੇ ਹਾਂ ਕਿ ਬੜੇ ਬੜੇ ਰਹਿਮ ਦਿਲ ਹਕੀਮ ਤੇ ਡਾਕਟਰ ਜੋ ਮਰੀਜ਼ ਨੂੰ ਰਾਜ਼ੀ ਕਰਕੇ ਖ਼ੁਸ਼ ਹੁੰਦੇ ਹਨ। ਫਿਰ ਵੀ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਕਈ ਹਕੀਮ, ਮਰੀਜ਼ ਤੋਂ ਫੀਸ ਵੀ ਕਬੂਲ ਨਹੀਂ ਕਰਦੇ। ਅਜਿਹੇ ਸਫ਼ਾਖ਼ਾਨੇ, ਮਰੀਜ਼ਾਂ ਨੂੰ ਰਾਜ਼ੀ ਕਰਕੇ ਆਪਣੀ ਅਸਲ ਪੂੰਜੀ ਤੇ ਅਸਲ ਖ਼ੁਸ਼ੀ ਪ੍ਰਾਪਤ ਕਰ ਲੈਂਦੇ ਹਨ। ਜਿਵੇਂ ਵਗਦੇ ਪਾਣੀ ਖੇਤਾਂ ਨੂੰ ਸਿੰਜ ਕੇ ਅੱਗੇ ਚਲੇ ਜਾਂਦੇ ਹਨ। ਇਸੇ ਤਰ੍ਹਾਂ ਤੁਸੀਂ ਵੀ ਕਿਸੇ ਨੂੰ ਖ਼ੁਸ਼ੀ ਵੰਡ ਕੇ ਤੁਰਦੇ ਬਣੋ। ਜਤਾਓ ਨਾ ਕਿ ਤੁਸੀਂ ਕਿਸੇ ਦਾ ਕੋਈ ਫਾਇਦਾ ਕੀਤਾ ਹੈ। ਸਾਰੀ ਗੜਬੜ ਜਤਾਉਣ ਨਾਲ ਹੀ ਪੈਦਾ ਹੁੰਦੀ ਹੈ। ਜਿਵੇਂ ਚਸ਼ਮਿਆਂ ਦੇ ਪਾਣੀ ਅਨੇਕਾਂ ਰਾਹੀਆਂ ਦੀ ਪਿਆਸ ਬੁਝਾ ਕੇ ਨਿਰੰਤਰ ਵਹਿੰਦੇ ਰਹਿੰਦੇ ਹਨ। ਇੰਜ ਹੀ ਤੁਸੀਂ ਵੀ ਚਸ਼ਮੇ ਬਣੋ। ਤੁਸੀਂ ਵੀ ਪਾਣੀਆਂ ਵਾਂਗ ਨਿਰਮਲ ਤੇ ਚਾਂਦੀ ਵੰਨੀ ਭਾਅ ਮਾਰਦੇ ਸਦੀਵੀ ਖ਼ੁਸ਼ੀ ਦੇ ਰਾਹਗੀਰ ਬਣੋ। ਜਿੱਥੇ ਕੋਈ ਤਿੜਕੀ ਹੋਈ ਭਾਵਨਾ ਨਹੀਂ, ਸਗੋਂ ਖਿੜੇ ਫੁੱਲਾਂ ਵਰਗੀ ਤਾਜ਼ਗੀ ਤੇ ਖੇੇੜਾ ਹੈ।
ਸਦੀਵੀ ਖ਼ੁਸ਼ੀ ਦਾ ਵਾਸਾ ਕੇਵਲ ਪਵਿੱਤਰ ਆਤਮਾ ਵਿੱਚ ਹੀ ਹੋ ਸਕਦਾ ਹੈ। ਉਹ ਰੂਹ ਜੋ ਫੁੱਲ ਵਾਂਗ ਖਿੜ ਖਿੜ ਕੇ ਰੌਸ਼ਨੀ ਵੰਡੇ, ਉਹ ਚਿਰਾਗ, ਜਿਸ ਦੀ ਨਿਰਮਲ ਤੇ ਪੁਰ ਨੂਰ ਆਭਾ ਵਿੱਚ ਇੱਕ ਸਦੀਵੀ ਚਾਨਣ ਵੱਸਦਾ ਹੋਵੇ। ਇਹ ਨਾ ਹੋਵੇ ਕਿ ਤੁਹਾਡਾ ਮਨ ਬਹੁਤ ਠੋਕਰਾਂ ਖਾ ਕੇ ਤੜਫਣ ਲੱਗ ਪਵੇ, ਸਗੋਂ ਨਿੱਕੀਆਂ, ਮੋਟੀਆਂ ਤਕਲੀਫ਼ਾਂ ਸਹਾਰ ਕੇ ਤੁਸੀਂ ਖ਼ੁਸ਼ੀਆਂ ਦੇ ਦੁਆਰ ਵੱਲ ਤੱਕਦੇ ਰਹੋ।
ਸਾਡੇ ਸਿਰ ’ਤੇ ਤਣਿਆ ਨੀਲਾ ਅੰਬਰ ਸਾਨੂੰ ਇਹੋ ਸਿੱਖਿਆ ਦਿੰਦਾ ਹੈ ਕਿ ਮੇਰੇ ਵਾਂਗ ਨਿਰਮਲ ਤੇ ਸ਼ਫਾਫ਼ ਬਣੋ। ਆਕਾਸ਼ ਜਿੰਨਾ ਨਿਰਮਲ ਤਾਂ ਇਨਸਾਨ, ਤਦ ਹੀ ਬਣ ਸਕੇਗਾ, ਜੇ ਉਸ ਦੇ ਹਿਰਦੇ ਵਿੱਚ ਆਕਾਸ਼ ਜਿੰਨੀ ਵਿਸ਼ਾਲਤਾ ਸਮਾਈ ਹੋਵੇ ਤੇ ਆਕਾਸ਼ ਜਿੰਨਾ ਹੀ ਨੀਲੰਬਰੀ ਰੰਗ ਵੀ ਭਰਿਆ ਹੋਵੇ। ਸਦੀਵੀ ਖ਼ੁਸ਼ੀ ਪ੍ਰਾਪਤ ਕਰਨ ਲਈ ਆਪਣੇ ਹੱਥਾਂ ਨੂੰ ਸਦਾ ਕੰਮ ਵਿੱਚ ਰੁਝਾਈ ਰੱਖੋ, ਜਿਵੇਂ ਮਧੂ ਮੱਖੀਆਂ ਸ਼ਹਿਦ ਇਕੱਠਾ ਕਰਕੇ ਕੰਮ ਕਰਦੀਆਂ ਹਨ। ਜਿਵੇਂ ਨਿਰੋਲ ਕੀੜੇ ਤੇ ਸਮੁੰਦਰੀ ਜੀਵ ਹਰ ਪਲ, ਹਰ ਛਿਨ ਆਪਣੀ ਉਪਜੀਵਕਾ ਲਈ ਅਨਾਜ ਜਮ੍ਹਾਂ ਕਰੀ ਜਾ ਰਹੇ ਹਨ।
ਨਿਰੰਤਰਤਾ ਵਿੱਚ ਜ਼ਿੰਦਗੀ ਸਮਾਈ ਹੋਈ ਹੈ। ਭਲਾਂ ਤਾਰੇ, ਚੰਦ ਤੇ ਸੂਰਜ ਕਦੇ ਆਰਾਮ ਕਰਦੇ ਹੋਣਗੇ। ਇਹ ਤਾਂ ਸਦਾ ਤੋਂ ਹੀ ਆਪਣਾ ਫਰਜ਼ ਨਿਭਾਈ ਜਾ ਰਹੇ ਹਨ। ਇੰਜ ਇਨਸਾਨ ਦੇ ਵੀ ਕੁਝ ਸਦੀਵੀ ਫਰਜ਼ ਹਨ। ਇਨ੍ਹਾਂ ਫਰਜ਼ਾਂ ਦੀ ਪੰਡ ਚੁੱਕ ਕੇ ਜਦੋਂ ਕੋਈ ਤੁਰਦਾ ਹੈ ਤਾਂ ਇਹ ਮਾਣ ਮਹਿਸੂਸ ਕਰਦਾ ਹੈ। ਜਿਵੇਂ ਫੁੱਲਾਂ ਨੂੰ ਖੇੜੇ ਵੰਡ ਕੇ ਖ਼ੁਸ਼ੀ ਮਿਲਦੀ ਹੈ ਤੇ ਘਾਹ ਨੂੰ ਪੈਰਾਂ ਹੇਠ ਵਿਛ ਕੇ, ਇੰਜ ਹੀ ਤੁਸੀਂ ਵੀ ਆਪਣੀ ਖ਼ੁਸ਼ੀ ਲਈ ਫੁੱਲ ਬਣੋ ਜਾਂ ਘਾਹ ਜਾਂ ਫਿਰ ਰੁੱਖ ਬਣ ਕੇ ਠੰਢੀ ਛਾਂ ਵੰਡੋ। ਤੁਹਾਨੂੰ ਆਪਣੀ ਖ਼ੁਸ਼ੀ ਲਈ ਕੋਈ ਅਜਿਹੀ ਕੁਰਬਾਨੀ ਜ਼ਰੂਰ ਕਰਨੀ ਪਵੇਗੀ, ਤਦ ਹੀ ਤੁਸੀਂ ਅਸਲ ਖ਼ੁਸ਼ੀ ਦਾ ਭੇਤ ਜਾਣ ਸਕਦੇ ਹੋ।
ਸੰਪਰਕ: 97818-05861

Advertisement
Author Image

joginder kumar

View all posts

Advertisement
Advertisement
×