For the best experience, open
https://m.punjabitribuneonline.com
on your mobile browser.
Advertisement

ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਫਿਰੋਜ਼ਪੁਰ ਵਿਚਲਾ ਗੁਪਤ ਟਿਕਾਣਾ

07:03 AM Nov 15, 2023 IST
ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਫਿਰੋਜ਼ਪੁਰ ਵਿਚਲਾ ਗੁਪਤ ਟਿਕਾਣਾ
Advertisement

ਰਾਕੇਸ਼ ਕੁਮਾਰ

ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਇੱਕ ਗੁਪਤ ਸੰਸਥਾ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਰਨ ਆਰਮੀ ਬਣਾਈ। ਉਨ੍ਹਾਂ ਲਈ ਭਾਰਤ ਦੀ ਆਜ਼ਾਦੀ ਦਾ ਮਤਲਬ ਦੇਸ਼ ਨੂੰ ਸਿਰਫ ਬਰਤਾਨਵੀ ਬਸਤੀਵਾਦ ਤੋਂ ਆਜ਼ਾਦ ਕਰਵਾਉਣਾ ਹੀ ਨਹੀਂ ਸੀ ਸਗੋਂ ਬਸਤੀਵਾਦ ਅਤੇ ਸਾਮਰਾਜਵਾਦ ਤੋਂ ਮੁਕਤ ਕਰਵਾ ਕੇ ਭਾਰਤ ਵਿੱਚ ਅਜਿਹਾ ਸਿਆਸੀ ਸਮਾਜਿਕ ਨਜਿ਼ਾਮ ਸਥਾਪਤ ਕਰਨਾ ਸੀ ਜਿਸ ਵਿੱਚ ਕੋਈ ਵੀ ਆਦਮੀ ਗੋਰਾ ਜਾਂ ਕਾਲਾ, ਦੇਸੀ ਜਾਂ ਵਿਦੇਸ਼ੀ ਕਿਸੇ ਵੀ ਭਾਰਤੀ ਦੀ ਆਰਥਿਕ, ਸਮਾਜਿਕ, ਰਾਜਨੀਤਿਕ, ਧਾਰਮਿਕ ਜਾਂ ਸੱਭਿਆਚਾਰਕ ਕਿਸੇ ਵੀ ਪੱਧਰ ’ਤੇ ਲੁੱਟ ਨਾ ਕਰ ਸਕੇ।
ਇਨ੍ਹਾਂ ਨੇ ਆਪਣੀਆਂ ਸਰਗਰਮੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗੁਪਤ ਰੂਪ ਵਿੱਚ ਜਾਰੀ ਰੱਖੀਆਂ। ਪਾਰਟੀ ਨੇ ਕਈ ਗੁਪਤ ਟਿਕਾਣੇ ਬਣਾਏ। ਇਸੇ ਤਰ੍ਹਾਂ ਦਾ ਇੱਕ ਗੁਪਤ ਟਿਕਾਣਾ ਫਿਰੋਜ਼ਪੁਰ ਸ਼ਹਿਰ ਦੇ ਤੂੜੀ ਬਾਜ਼ਾਰ ਵਿੱਚ ਬਣਾਇਆ।
ਫਿਰੋਜ਼ਪੁਰ ਦਾ ਇਹ ਟਿਕਾਣਾ ਇੱਕ ਵਿਸ਼ੇਸ਼ ਉਦੇਸ਼ ਨੂੰ ਸਾਹਮਣੇ ਰੱਖ ਕੇ ਵਿਉਂਤਿਆ ਗਿਆ ਸੀ। ਇਸ ਟਿਕਾਣੇ ਦੀ ਸਥਾਪਤੀ ਹੋਣ ’ਤੇ ਇਸ ਨੂੰ ਨਵੀਂ ਸਥਾਪਤ ਕੀਤੀ ਜਾਣ ਵਾਲੀ ਪਾਰਟੀ ਦੇ ਮੁੱਖ ਦਫ਼ਤਰ ਵਜੋਂ ਵਿਉਂਤਿਆ ਗਿਆ ਸੀ। ਨਵੀਂ ਪਾਰਟੀ ਦੇ ਨਿਰਮਾਣ ਦਾ ਫੈਸਲਾ 8-9 ਸਤੰਬਰ 1928 ਨੂੰ ਦਿੱਲੀ ਵਿੱਚ ਕੀਤਾ ਜਾਣਾ ਸੀ।
ਇਹ ਟਿਕਾਣਾ 10 ਅਗਸਤ 1928 ਤੋਂ ਲੈ ਕੇ 9 ਫਰਵਰੀ 1929 ਤੱਕ ਰਿਹਾ। ਪਾਰਟੀ ਫੈਸਲੇ ਮੁਤਾਬਿਕ ਕ੍ਰਾਂਤੀਕਾਰੀ ਪਾਰਟੀ ਦੇ ਡਾ. ਗਯਾ ਪ੍ਰਸ਼ਾਦ ਜਿਹੜੇ ਥੋੜ੍ਹਾ ਡਾਕਟਰੀ ਦਾ ਕੰਮ ਜਾਣਦੇ ਸੀ, ਨੇ ਫਿਰੋਜ਼ਪੁਰ ਵਿੱਚ ਡਾ. ਬੀ.ਐੱਸ. ਨਿਗਮ (ਡਾ. ਭਗਵਾਨ ਸਰੂਪ ਨਿਗਮ) ਦੇ ਫਰਜ਼ੀ ਨਾਮ ਨਾਲ ਲੇਖਰਾਜ ਤੋਂ ਤੂੜੀ ਬਾਜ਼ਾਰ ਵਿੱਚ ਮਕਾਨ ਕਿਰਾਏ ’ਤੇ ਲਿਆ। ਉਨ੍ਹਾਂ ਨੇ ਹੇਠਾਂ ਦਵਾਖਾਨਾ ਖੋਲ੍ਹਿਆ ਤੇ ਉੱਪਰ ਰਿਹਾਇਸ਼ ਕੀਤੀ। ਬਾਹਰ ਬੋਰਡ ਲਗਾਇਆ। ‘ਨਿਗਮ ਫਾਰਮੇਸੀ ਕੈਮਿਸਟਸ ਅਤੇ ਡਰੱਗਇਸਟ’ ਪਾਰਟੀ ਨੇ ਜੈ ਗੋਪਾਲ ਨੂੰ ਭੇਜਿਆ ਕਿ ਉਹ ਗੁਆਂਢੀ ਦੀਵਾਨ ਚੰਦ ਰਾਹੀਂ ਡਾ. ਨਿਗਮ ਕੋਲ ਸਹਾਇਕ ਕੰਪਾਊਡਰ ਦੀ ਨੌਕਰੀ ਲਵੇ। ਦੀਵਾਨ ਚੰਦ ਰਾਹੀਂ ਵਿਚੋਲਾਗਿਰੀ ਦਾ ਇਹ ਕੰਮ ਲਕਾਉਣ ਲਈ ਕਰਵਾਇਆ ਗਿਆ ਸੀ ਤਾਂ ਕਿ ਇਹ ਸ਼ੱਕ ਨਾ ਹੋਵੇ ਕਿ ਦੋਵੇਂ ਇੱਕ-ਦੂਜੇ ਨੂੰ ਜਾਣਦੇ ਹਨ ਜਾਂ ਇੱਕ ਸੰਗਠਨ ਨਾਲ ਜੁੜੇ ਹਨ।
ਪਾਰਟੀ ਨੇ ਇਹ ਟਿਕਾਣਾ ਦੋ ਮੁੱਖ ਕਾਰਨਾਂ ਕਰਕੇ ਬਣਾਇਆ ਸੀ। ਪਹਿਲਾ ਕਿ ਪਾਰਟੀ ਦੇ ਮੈਂਬਰ ਜੋ ਪੰਜਾਬ ਤੋਂ ਪੂਰਬ ਜਾਂ ਪੂਰਬ ਤੋਂ ਪੰਜਾਬ ਯਾਤਰਾ ਕਰ ਰਹੇ ਹੁੰਦੇ ਸਨ, ਉਨ੍ਹਾਂ ਲਈ ਜਗ੍ਹਾ ਮੁਹੱਇਆ ਕਰਨਾ ਜਿੱਥੇ ਉਹ ਕੱਪੜੇ ਵਗੈਰਾ ਬਦਲ ਕੇ ਮਿੱਥੀ ਜਗ੍ਹਾ ’ਤੇ ਪਹੁੰਚ ਸਕਣ। ਦੂਜਾ ਬੰਬ ਆਦਿ ਬਣਾਉਣ ਦਾ ਸਮਾਨ ਡਾ. ਨਿਗਮ ਵੱਲੋਂ ਲਿਆ ਜਾਵੇ।
ਇਸ ਗੁਪਤ ਟਿਕਾਣੇ ’ਤੇ ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ, ਸ਼ਿਵ ਵਰਮਾ, ਸੁਖਦੇਵ, ਵਜਿੈ ਕੁਮਾਰ ਸਿਨਹਾ, ਮਹਾਂਵੀਰ ਸਿੰਘ ਦਾ ਵੀ ਆਉਣਾ ਜਾਣਾ ਸੀ। ਇਸ ਗੱਲ ਦੀ ਪੁਸ਼ਟੀ ਵੀ ਹੋਈ ਸੀ ਕਿ ਡਾ. ਨਿਗਮ ਬੰਬ ਬਣਾਉਣ ਦਾ ਸਾਮਾਨ ਜਿਵੇਂ ਨਾਈਟ੍ਰਕ ਤੇਜ਼ਾਬ, ਸਲਫਿਊਰਿਕ ਤੇਜ਼ਾਬ, ਪੋਟਾਸ਼ੀਅਮ ਕਲੋਰਾਈਡ ਆਦਿ ਇੱਕਠਾ ਕਰਦਾ ਸੀ ਤੇ ਕ੍ਰਾਂਤੀਕਾਰੀਆਂ ਨੂੰ ਦਿੰਦਾ ਸੀ।
ਜੈ ਗੋਪਾਲ ਨੇ ਅਦਾਲਤ ਵਿੱਚ ਬਿਆਨ ਦਿੱਤਾ ਸੀ ਕਿ ਸੁਖਦੇਵ, ਡਾ. ਨਿਗਮ ਤੇ ਉਸ ਨੇ ਭਗਤ ਸਿੰਘ ਦੇ ਵਾਲ ਤੇ ਦਾੜ੍ਹੀ ਇਸ ਟਿਕਾਣੇ ’ਤੇ ਕੱਟੇ ਸਨ ਅਤੇ ਭਗਤ ਸਿੰਘ ਨੇ ਵਿਲਾਇਤੀ ਫੈਸ਼ਨ ਦੇ ਵਾਲ ਰੱਖ ਲਏ ਸਨ। ਫਿਰ ਉਹ ਯੂ.ਪੀ. ਵਾਲਾ ਪਹਿਰਾਵਾ ਧੋਤੀ ਤੇ ਕਮੀਜ਼ ਪਾ ਕੇ ਦਿੱਲੀ ਗਿਆ ਸੀ।
ਇਲਾਹਾਬਾਦ ਤੋਂ ਹਿੰਦੀ ਵਿੱਚ ਨਿਕਲਦੇ ਰਸਾਲੇ ਚਾਂਦ ਦੇ ਨਵੰਬਰ 1928 ਦੀ ਦੀਵਾਲੀ ਮੌਕੇ ਚਾਂਦ ਰਸਾਲੇ ਦਾ ਫਾਂਸੀ ਵਿਸ਼ੇਸ਼ ਅੰਕ ਛਾਪਿਆ ਗਿਆ। ਇਸ ਅੰਕ ਵਿੱਚ ਸ਼ਹੀਦਾਂ ਬਾਰੇ ਕੁੱਲ 53 ਲੇਖ ਸਨ। ਇਨ੍ਹਾਂ ਲੇਖਾਂ ’ਚੋਂ ਕੁੱਝ ਸ਼ਿਵ ਵਰਮਾ ਨੇ ਇਸ ਟਿਕਾਣੇ ’ਤੇ ਬੈਠ ਕੇ ਲਿਖੇ ਸਨ।
ਕ੍ਰਾਂਤੀਕਾਰੀ ਇਸ ਗੁਪਤ ਟਿਕਾਣੇ ’ਤੇ ਹਵਾਈ ਪਿਸਤੌਲ ਨਾਲ ਨਿਸ਼ਾਨੇਬਾਜ਼ੀ ਕਰਿਆ ਕਰਦੇ ਸਨ। ਜੱਜ ਲਾਲਾ ਵਜ਼ੀਰ ਚੰਦ ਸਿੱਕਾ ਜਦੋਂ ਜੈ ਗੋਪਾਲ ਨੂੰ ਫਿਰੋਜ਼ਪੁਰ ਵਿੱਚ ਮੁੱਹਲਾ ਸ਼ਾਹਗੰਜ ਵਾਲੇ ਮਕਾਨ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੀਆਂ ਸਰਗਰਮੀਆਂ ਦੀ ਪੜਤਾਲ ਲਈ ਫਿਰੋਜ਼ਪੁਰ ਲੈ ਕੇ ਗਏ ਸੀ ਤਾਂ ਜੈ ਗੋਪਾਲ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਭਗਤ ਸਿੰਘ, ਬੀ.ਐੱਸ. ਨਿਗਮ ਸਮੇਤ ਕਈ ਮੈਂਬਰ ਇੱਥੇ ਰਹਿੰਦੇ ਸਨ ਤੇ ਹਵਾਈ ਪਿਸਤੌਲ ਨਾਲ ਇੱਥੇ ਨਿਸ਼ਾਨੇਬਾਜ਼ੀ ਕਰਿਆ ਕਰਦੇ ਸਨ। ਉਸ ਨੂੰ ਹੁਣ ਚਾਕੂ ਨਾਲ ਖਰੋਚ ਦਿੱਤਾ ਗਿਆ ਸੀ। ਇਸੇ ਤਰ੍ਹਾਂ ਦੇ ਖਰੋਚ ਦੇ ਨਿਸ਼ਾਨ ਰਸੋਈ ਦੀ ਕੰਧ ’ਤੇ ਵੀ ਸੀ।
17 ਦਸੰਬਰ 1928 ਨੂੰ ਮਿਸਟਰ ਜੇ.ਪੀ. ਸਾਂਡਰਸ ਮਾਰਿਆ ਗਿਆ ਸੀ। ਕ੍ਰਾਂਤੀਕਾਰੀਆਂ ਦੇ ਇਸ ਐਕਸ਼ਨ ਵਿੱਚ ਚੰਦਰ ਸ਼ੇਖਰ ਆਜ਼ਾਦ, ਰਾਜਗੁਰੂ ਤੇ ਭਗਤ ਸਿੰਘ, ਜੈ ਗੋਪਾਲ ਮਹਾਵੀਰ ਸਿੰਘ ਵੀ ਸ਼ਾਮਿਲ ਸੀ। ਜੈ ਗੋਪਾਲ ਤੇ ਮਹਾਵੀਰ ਸਿੰਘ 19 ਤੋਂ 22 ਦਸੰਬਰ ਦੇ ਵਿਚਾਲੇ ਲਾਹੌਰ ਤੋਂ ਇਸ ਗੁਪਤ ਟਿਕਾਣੇ ’ਤੇ ਵਾਪਸ ਆਏ ਸਨ।
ਕ੍ਰਾਂਤੀਕਾਰੀਆਂ ਨੇ ਇਹ ਟਿਕਾਣਾ 9 ਫਰਵਰੀ 1929 ਨੂੰ ਖਾਲੀ ਕਰ ਦਿੱਤਾ ਸੀ। ਇਸ ਤੋਂ ਬਾਅਦ ਡਾ. ਗਯਾ ਪ੍ਰਸ਼ਾਦ ਆਗਰੇ ਚਲੇ ਗਏ ਸਨ ਤੇ ਰਾਮ ਲਾਲ ਦੇ ਫਰਜ਼ੀ ਨਾਮ ਹੇਠ ਨਾਈ ਕੀ ਮੰਡੀ ਇਲਾਕੇ ਵਿੱਚ ਇੱਕ ਮਕਾਨ ਕਿਰਾਏ ’ਤੇ ਲਿਆ ਸੀ।
ਬਾਅਦ ਵਿੱਚ ਅੰਗਰੇਜ਼ ਸਰਕਾਰ ਵੱਲੋਂ ਕ੍ਰਾਂਤੀਕਾਰੀਆਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਮੁੱਕਦਮੇ ਦੌਰਾਨ ਫਿਰੋਜ਼ਪੁਰ ਵਿੱਚ ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣੇ ’ਤੇ ਰਹਿੰਦੇ ਜਾਂ ਆਉਂਦੇ ਕ੍ਰਾਂਤੀਕਾਰੀਆਂ ਦੀ ਸ਼ਨਾਖਤ ਲਈ ਅਦਾਲਤ ਵਿੱਚ ਫਿਰੋਜ਼ਪੁਰ ਸ਼ਹਿਰ ਦੇ 19 ਗਵਾਹ ਭੁਗਤਾਏ ਸਨ।
ਕ੍ਰਾਂਤੀਕਾਰੀਆਂ ਨੇ ਆਪਣੀ ਅਸਲੀ ਪਛਾਣ ਲੁਕਾਉਣ ਲਈ ਫਰਜ਼ੀ ਨਾਮ ਰੱਖੇ ਹੋਏ ਸਨ। ਸ਼ਿਵ ਵਰਮਾ ਨੂੰ ਰਾਮ ਨਰਾਇਣ ਕਪੂਰ ਜਾਂ ਵੱਡੇ ਭਾਈ, ਸੁਖਦੇਵ ਨੂੰ ਵਿਲੇਜਰ ਜਾਂ ਸਵਾਮੀ, ਮਹਾਵੀਰ ਸਿੰਘ ਨੂੰ ਪ੍ਰਤਾਪ ਸਿੰਘ, ਚੰਦਰ ਸੇਖ਼ਰ ਅਜ਼ਾਦ ਨੂੰ ਪੰਡਿਤ ਜੀ, ਭਗਤ ਸਿੰਘ ਨੂੰ ਰਣਜੀਤ, ਵਜਿੈ ਕੁਮਾਰ ਸਿਨਹਾ ਨੂੰ ਬੱਚੂ ਆਦਿ ਨਾਵਾਂ ਨਾਲ ਬੁਲਾਇਆ ਜਾਂਦਾ ਸੀ।
ਪੰਜਾਬ ਸਰਕਾਰ ਨੇ 17 ਦਸੰਬਰ 2015 ਨੂੰ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਕੇ ਇਸ ਇਮਾਰਤ ਨੂੰ ਸੁਰੱਖਿਅਤ ਇਮਾਰਤ ਐਲਾਨਿਆ ਸੀ। ਲੋਕ ਪਿਛਲੇ ਨੌਂ ਸਾਲਾਂ ਤੋਂ ਸਰਕਾਰ ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਿਊਜ਼ਿਅਮ ਤੇ ਲਾਇਬ੍ਰੇਰੀ ਵਿੱਚ ਬਦਲਣ ਦੀ ਮੰਗ ਕਰ ਰਹੇ ਹਨ।
ਸੰਪਰਕ: 95305-03412

Advertisement

Advertisement
Advertisement
Author Image

joginder kumar

View all posts

Advertisement