ਭੰਗੜੇ ਨਾਲ ਸ਼ੁਰੂ ਹੋਇਆ ਜੀਐਨਡੀਯੂ ਦਾ ਦੂਜਾ ਜ਼ੋਨਲ ਯੁਵਕ ਮੇਲਾ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 5 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਦੂਜਾ ਜ਼ੋਨਲ ਯੁਵਕ ਮੇਲਾ ਸ਼ੁਰੂ ਹੋਇਆ ਜਿਸ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਇਸ ਮੌਕੇ ਮੁੱਖ ਮਹਿਮਾਨ, ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਸਾਬਕਾ ਚੇਅਰਮੈਨ, ਪ੍ਰੋ. ਵੇਦ ਪ੍ਰਕਾਸ਼ ਨੇ ਕਿਹਾ ਹੈ ਕਿ ਕਲਾ ਅਤੇ ਵਿਗਿਆਨ ਨੂੰ ਵੱਖੋ-ਵੱਖਰੇ ਪੱਖਾਂ ਤੋਂ ਨਹੀਂ ਸਗੋਂ ਸਮੁੱਚੇ ਤੌਰ ‘ਤੇ ਸਮਝਿਆ ਜਾਣਾ ਚਾਹੀਦਾ ਹੈ। ਜੇ ਅਜਿਹਾ ਨਹੀਂ ਕਰਾਂਗੇ ਤਾਂ ਇਸ ਦੇ ਨਤੀਜੇ ਸਾਰਥਕ ਨਹੀਂ ਹੋਣਗੇ। ਯੁਵਕ ਮਾਮਲਿਆਂ ਦੇ ਇੰਚਾਰਜ, ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਤਿੰਨ ਦਨਿ ਚੱਲਣ ਵਾਲੇ ਇਸ ਯੁਵਕ ਮੇਲੇ ਵਿਚ ਵੀਹ ਸਰਕਾਰੀ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟ ਦੇ 500 ਵਿਦਿਆਰਥੀ, ਤਿੰਨ ਵੱਖ-ਵੱਖ ਸਟੇਜਾਂ ’ਤੇ 35 ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਅੱਜ ਹੋਏ ਮੁਕਾਬਲਿਆਂ ਵਿਚ ਭੰਗੜਾ, ਲੋਕ ਸਾਜ਼, ਵੈਸਟਰਨ ਵੋਕਲ ਸੋਲੋ, ਸਮੂਹ ਗਾਇਨ ਪੱਛਮੀ, ਕਲਾਸੀਕਲ ਇੰਸਟਰੂਮੈਂਟਲ ਪਰਕਸ਼ਨ, ਕਲਾਸੀਕਲ ਵੋਕਲ, ਸਮੂਹ ਸ਼ਬਦ ਭਜਨ ਅਤੇ ਸਮੂਹ ਗੀਤ ਵਿਚ ਵਿਦਿਆਰਥੀਆਂ ਨੇ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕੀਤਾ।