ਚੰਡੀਗੜ੍ਹ ਧਮਾਕੇ ਦਾ ਦੂਜਾ ਸ਼ੱਕੀ ਵਿਅਕਤੀ ਵੀ ਗ੍ਰਿਫ਼ਤਾਰ
ਚੰਡੀਗੜ੍ਹ, 15 ਸਤੰਬਰ
ਚੰਡੀਗੜ੍ਹ ਦੇ ਸੈਕਟਰ-10 ਵਿੱਚ ਸਥਿਤ ਇਕ ਮਕਾਨ ’ਚ ਧਮਾਕਾ ਦੀ ਘਟਨਾ ਵਿੱਚ ਇਕ ਹੋਰ ਸ਼ੱਕੀ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ। ਪੰਜਾਬ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਵਿਸ਼ਾਲ ਮਸੀਹ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਗੁਰਦਾਸਪੁਰ ਦੇ ਬਟਾਲਾ ਦੇ ਰਾਏਮਲ ਪਿੰਡ ਦਾ ਵਸਨੀਕ ਹੈ। ਆਟੋ ਰਿਕਸ਼ਾ ਤੋਂ ਆਏ ਦੋ ਸ਼ੱਕੀਆਂ ਨੇ 11 ਸਤੰਬਰ ਨੂੰ ਸੈਕਟਰ-10 ਸਥਿਤ ਇਕ ਘਰ ’ਤੇ ਗ੍ਰਨੇਡ ਨਾਲ ਧਮਾਕਾ ਕੀਤਾ ਸੀ।
ਪੁਲੀਸ ਨੇ ਧਮਾਕੇ ਦੀ ਘਟਨਾ ਵਿੱਚ ਸ਼ਾਮਲ ਮੁੱਖ ਮੁਲਜ਼ਮ ਰੋਹਨ ਮਸੀਹ ਨੂੰ 13 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਯਾਦਵ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਪੰਜਾਬ ਪੁਲੀਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਚੰਡੀਗੜ੍ਹ ਗ੍ਰਨੇਡ ਧਮਾਕੇ ਦੀ ਘਟਨਾ ਦੇ ਆਧਾਰ ’ਤੇ ਦੂਜੇ ਮੁਲਜ਼ਮ ਵਿਸ਼ਾਲ ਮਸੀਹ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਗੁਰਦਾਸਪੁਰ ਵਿੱਚ ਬਟਾਲਾ ਦੇ ਧਿਆਨਪੁਰ ਥਾਣਾ ਕੋਟਲੀ ਸੂਰਤ ਮੱਲੀਆਂ ਅਧੀਨ ਆਉਂਦੇ ਪਿੰਡ ਰਾਏਮਲ ਦਾ ਵਸਨੀਕ ਹੈ ਅਤੇ ਉਸ ਦੇ ਪਿਤਾ ਦਾ ਨਾਮ ਸਾਬੀ ਮਸੀਹ ਹੈ।’’ ਯਾਦਵ ਨੇ ਕਿਹਾ ਕਿ ਪੂਰੀ ਸਾਜ਼ਿਸ਼ ਦਾ ਪਤਾ ਲਾਉਣ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ