ਏਅਰਫੋਰਸ ਹੈਰੀਟੇਜ ਸੈਂਟਰ ਦਾ ਦੂਜਾ ਪੜਾਅ ਵਿਵਾਦ ’ਚ ਉਲਝਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਸਤੰਬਰ
ਇੱਥੋਂ ਦੇ ਸੈਕਟਰ-18 ਵਿੱਚ ਸਥਿਤ ਪ੍ਰੈਸ ਬਿਲਡਿੰਗ ਵਿੱਚ ਸਥਾਪਿਤ ਕੀਤਾ ਭਾਰਤੀ ਹਵਾਈ ਸੈਨਾ ਦੇ ਹੈਰੀਟੇਜ ਸੈਂਟਰ ਦੇ ਫੇਜ਼-2 ਦਾ ਕੰਮ ਦੋ ਮਹੀਨਿਆਂ ਬਾਅਦ ਵਿਚਕਾਰ ’ਚ ਹੀ ਲਟਕਿਆ ਹੋਇਆ ਹੈ। ਇਸ ਦਾ ਕਾਰਨ ਹੈਰੀਟੇਜ ਸੇਂਟਰ ਦੀ ਦੇਖ-ਭਾਲ ਨੂੰ ਮੰਨਿਆ ਜਾ ਰਿਹਾ ਹੈ ਜਿਸ ਕਰ ਕੇ ਯੂਟੀ ਪ੍ਰਸ਼ਾਸਨ ਤੇ ਭਾਰਤੀ ਹਵਾਈ ਸੇਨਾ ਵਿਚਕਾਰ ਵਿਵਾਦ ਛਿੜ ਗਿਆ ਹੈ। ਭਾਰਤੀ ਹਵਾਈ ਸੈਨਾ ਦੇ ਹੈਰੀਟੇਜ ਸੇਂਟਰ ਵਿੱਚ ਬਣਾਏ ਜਾਣ ਵਾਲੇ ਫੇਜ਼-2 ਦਾ ਨਾਮ ‘ਇੰਡੀਅਨ ਏਅਰ ਫੋਰਸ ਏਰੋਸਪੇਸ ਤੇ ਤਕਨੀਕੀ ਕੇਂਦਰ’ ਰੱਖਿਆ ਗਿਆ ਹੈ।
ਭਾਰਤੀ ਹਵਾਈ ਸੈਨਾ ਵੱਲੋਂ ਹੈਰੀਟੇਜ ਸੇਂਟਰ ਵਿੱਚ ਫੇਜ਼-2 ਬਣਾਉਣ ਲਈ ਯੂਟੀ ਪ੍ਰਸ਼ਾਸਨ ਨੂੰ ਜੁਲਾਈ 2023 ਵਿੱਚ ਵਿਸਥਾਰ ਯੋਜਨਾ ਰਿਪੋਰਟ ਸੌਂਪ ਦਿੱਤੀ ਗਈ ਸੀ। ਇਸ ਵਿੱਚ ਫੇਜ਼-2 ਦੀ ਦੇਖਭਾਲ ਦਾ ਕੰਮ ਯੂਟੀ ਪ੍ਰਸ਼ਾਸਨ ਵੱਲੋਂ ਕਰਨ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਯੂਟੀ ਪ੍ਰਸ਼ਾਸਨ ਨੇ ਆਈਏਐਫ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਕੋਲ ਰੱਖ-ਰਖਾਅ ਲਈ ਮਾਹਿਰ ਨਹੀਂ ਹਨ ਤੇ ਇਹ ਸਿਰਫ਼ ਆਈਏਐਫ ਦੁਆਰਾ ਹੀ ਕੀਤਾ ਜਾਣਾ ਚਾਹੀਦਾ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨਾਲ ਦੇਖਭਾਲ ਬਾਰੇ ਫ਼ੈਸਲਾ ਲੈਣ ਤੋਂ ਬਾਅਦ ਐਮਓਯੂ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਕ ਮਹੀਨੇ ’ਚ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਕੰਮ ਛੇ ਮਹੀਨਿਆਂ ਵਿੱਚ ਪੂਰਾ ਕੀਤਾ ਜਾਣਾ ਸੀ। ਗ਼ੌਰਤਲਬ ਹੈ ਕਿ ਭਾਰਤੀ ਹਵਾਈ ਸੈਨਾ ਦੇ ਹੈਰੀਟੇਜ ਸੈਂਟਰ ਦੇ ਫੇਜ਼-1 ਦੀ ਦੇਖ-ਭਾਲ ਯੂਟੀ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੈਰੀਟੇਜ ਸੇਂਟਰ ਦੇ ਫੇਜ਼-2 ਵਿੱਚ ਭਾਰਤੀ ਹਵਾਈ ਸੈਨਾ ਦੀ ਤਕਨਾਲੋਜੀ-ਆਧਾਰਤ ਵਿਸ਼ੇਸ਼ਤਾਵਾਂ ’ਤੇ ਅਨੁਭਵਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਹਵਾਈ ਸੈਨਾ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਹੈ। ਫੇਜ਼-2 ਨੂੰ 13 ਹਜ਼ਾਰ ਵਰਗ ਫੁੱਟ ’ਚ ਬਣਾਇਆ ਜਾਵੇਗਾ। ਇਸ ਲਈ ਭਾਰਤੀ ਹਵਾਈ ਸੈਨਾ ਦੇ ਹੈੱਡਕੁਆਰਟਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ।
ਜ਼ਿਕਰਯੋਗ ਹੈ ਕਿ 8 ਮਈ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੰਡੀਗੜ੍ਹ ਵਿੱਚ ਸਥਾਪਿਤ ਕੀਤੇ ਗਏ ਦੇਸ਼ ਦੇ ਪਹਿਲੇ ਹੈਰੀਟੇਜ ਸੇਂਟਰ ਦਾ ਉਦਘਾਟਨ ਕੀਤਾ ਸੀ। ਉਸ ਤੋਂ ਬਾਅਦ ਹੈਰੀਟੇਜ ਸੇਂਟਰ ਨੂੰ ਵਧੇਰੇ ਹੁੰਗਾਰਾ ਮਿਲ ਰਿਹਾ ਹੈ। ਇਸ ਵਿੱਚ ਭਾਰਤੀ ਸੈਨਾ ’ਚ ਸ਼ਾਮਲ ਹਵਾਈ ਜਹਾਜ਼ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ।