ਗੁਆਚੇ ਦੇਸ਼ ਭਗਤਾਂ ਦੀ ਖੋਜ
ਕੇ.ਐਲ. ਗਰਗ
ਅਤਰਜੀਤ ਆਪਣੀਆਂ ਲਿਖਤਾਂ ਵਿੱਚ ਗ਼ਰੀਬਾਂ, ਮਜ਼ਦੂਰਾਂ, ਕਿਸਾਨਾਂ ਤੇ ਦਲਿਤ ਕਿਰਦਾਰਾਂ ਦੀ ਬਾਤ ਪਾਉਂਦਾ ਹੈ। ਸ਼ਾਹਕਾਰ ਕਹਾਣੀਆਂ ਲਿਖ ਕੇ ਹੁਣ ਉਸ ਨੇ ਨਾਵਲ ਵੱਲ ਮੋੜਾ ਕੱਟਿਆ ਹੈ। ਦੋ ਨਾਵਲ ਲਿਖਣ ਤੋਂ ਬਾਅਦ ਇਹ ਉਸ ਦਾ ਤੀਸਰਾ ਨਾਵਲ ਹੈ।
ਆਜ਼ਾਦੀ ਸੰਗਰਾਮ ਵਿੱਚ ਹਜ਼ਾਰਾਂ ਲੋਕਾਂ ਨੇ ਬਲੀਦਾਨ ਦਿੱਤੇ ਹਨ। ਆਪਣੇ ਕੀਮਤੀ ਜੀਵਨ ਦੀਆਂ ਆਹੂਤੀਆਂ ਪਾਈਆਂ ਹਨ। ਕਈਆਂ ਦੇ ਨਾਂ ਉੱਘੜਵੇਂ ਰੂਪ ਵਿੱਚ ਚਿਤਾਰੇ ਅਤੇ ਦਰਸਾਏ ਗਏ ਹਨ। ਪਰ ਕਈ ਇਤਿਹਾਸ ਦੇ ਧੁੰਧੂਕਾਰੇ ਅਤੇ ਹਨੇਰੇ ਵਿੱਚ ਗੁੁਆਚ ਗਏ ਹਨ। ਅਤਰਜੀਤ ਨੇ ਆਪਣੀ ਘੋਖ ਅਤੇ ਖੋਜ ਪ੍ਰਵਿਰਤੀ ਰਾਹੀਂ ਅਜਿਹੇ ਹੀ ਇੱਕ ਲੜਾਕੂ, ਅਣਖੀ ਅਤੇ ਦੇਸ਼ ਭਗਤ ਹੀਰੇ ਨੂੰ, ਭੂਤਕਾਲ ਦੇ ਪੰਨਿਆਂ ’ਚ ਸਿਮਟੇ ਕੁਰਬਾਨੀ ਦੇ ਪੁਤਲੇ ਨੂੰ ਪੁਸਤਕ ‘ਸੀਸ ਤਲ਼ੀ ’ਤੇ’ (ਕੀਮਤ: 200 ਰੁਪਏ; ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਬਠਿੰਡਾ) ਰਾਹੀਂ ਸਾਖਿਆਤ ਰੂਪ ਵਿੱਚ ਸਾਡੇ ਸਾਹਮਣੇ ਲਿਆਂਦਾ ਹੈ।
ਮੇਰੀ ਮੁਰਾਦ ਸ਼ੇਰ ਜੰਗ ਤੋਂ ਹੈ ਜੋ ਨਾਹਨ ਜ਼ਿਲ੍ਹੇ ਦੇ ਕੁਲੈਕਟਰ ਪ੍ਰਤਾਪ ਸਿੰਘ ਚੌਧਰੀ ਅਤੇ ਮੁੰਨੀ ਦੇਵੀ ਦਾ ਪੁੱਤਰ ਹੈ। ਬਚਪਨ ਤੋਂ ਹੀ ਉਸ ਵਿੱਚ ਅਣਖ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹ ਆਪਣੇ ਪਿਉ ਨਾਲ ਵੀ ਅੱਖਾਂ ’ਚ ਅੱਖਾਂ ਪਾ ਕੇ ਹੀ ਗੱਲ ਕਰਦਾ ਸੀ। ਉਹ ਬਚਪਨ ਤੋਂ ਹੀ ਨਿਧੜਕ ਤੇ ਜਾਂਬਾਜ਼ ਸੀ। ਉਹ ਆਪਣੇ ਇਲਾਕੇ ਦੇ ਕੁਲੈਕਟਰ ਰਾਮ ਕਿਸ਼ਨ ਦਾ ਇਸ ਲਈ ਵਿਰੋਧੀ ਸੀ ਚੂੰ ਕਿ ਉਹ ਆਪਣੇ ਕਾਮਿਆਂ ਤੇ ਮੁਜ਼ਾਰਿਆਂ ’ਤੇ ਜ਼ੁਲਮ ਕਰਦਾ ਸੀ। ਬਦਲਾ ਲੈਣ ਲਈ ਉਹ ਪੱਥਰ ਮਾਰ ਕੇ ਉਸ ਦੀ ਮੋਟਰ ਦੇ ਸ਼ੀਸ਼ੇ ਭੰਨ ਦਿੰਦਾ ਹੈ। ਉਹ ਆਪਣੇ ਕਾਮਿਆਂ ਨਾਲ ਮਿਲ ਕੇ ਮਿਹਨਤ ਕਰਦਾ, ਉਨ੍ਹਾਂ ਨਾਲ ਖਾਂਦਾ ਪੀਂਦਾ ਤੇ ਮੁਨੱਖੀ ਵਿਹਾਰ ਕਰਦਾ। ਚੌਦਾਂ ਵਰ੍ਹਿਆਂ ਦੀ ਉਮਰ ’ਚ ਹੀ ਉਸ ਨੇ ਖੂੰਖਾਰ ਚੀਤੇ ਦਾ ਸ਼ਿਕਾਰ ਕਰ ਸੁੱਟਿਆ ਸੀ।
ਉਸ ਦੀਆਂ ਸ਼ਰਾਰਤਾਂ ਤੋਂ ਤੰਗ ਆ ਕੇ ਉਸ ਦੇ ਮਾਪੇ ਉਸ ਨੂੰ ਉਸ ਦੇ ਜੀਜੇ ਪ੍ਰੋ. ਉਦੈ ਵੀਰ ਸਾਸ਼ਤਰੀ ਤੇ ਭੈਣ ਵਿਦਿਆ ਕੋਲ ਲਾਹੌਰ ਪੜ੍ਹਨ ਭੇਜ ਦਿੰਦੇ ਹਨ। ਲਾਹੌਰ ਤਾਂ ਉਸ ਨੂੰ ਸਗੋਂ ਹੋਰ ਵੀ ਜ਼ਿਆਦਾ ਰਾਸ ਆ ਗਿਆ ਸੀ। ਇੱਥੇ ਉਸ ਦੀ ਮੁਲਾਕਾਤ ਇਨਕਲਾਬੀ ਯੋਧਿਆਂ ਸ. ਭਗਤ ਸਿੰਘ ਤੇ ਭਗਵਤੀ ਚਰਨ ਅਤੇ ਦੁਰਗਾ ਭਾਬੀ ਨਾਲ ਹੋ ਗਈ ਜਿਸ ਤੋਂ ਉਸ ਨੂੰ ਦੇਸ਼ ਭਗਤੀ ਦੀ ਜਾਗ ਸੌਖਿਆਂ ਹੀ ਲੱਗ ਗਈ ਤੇ ਉਹ ਦੇਸ਼ ਸੇਵਾ ਦੀ ਭਾਵਨਾ ਨਾਲ ਪੂਰੀ ਤਰ੍ਹਾਂ ਜੁੜ ਗਿਆ। ਇੱਥੇ ਹੀ ਉਸ ਨੂੰ ਜੈਤੋ ਮੋਰਚੇ ਬਾਰੇ ਪਤਾ ਲੱਗਿਆ ਜਿਸ ਵਿੱਚ ਅੰਗਰੇਜ਼ ਬਹੁਤ ਜ਼ੁਲਮ ਢਾਅ ਰਹੇ ਹਨ। ਉਹ ਵੀ ਇਸ ਮੋਰਚੇ ਵਿੱਚ ਸ਼ਾਮਲ ਹੋਣ ਬਾਰੇ ਗੰਭੀਰਤਾ ਨਾਲ ਸੋਚਣ ਲੱਗਿਆ।
ਆਖ਼ਰ ਇੱਕ ਦਿਨ ਉਹ ਰੋਸ ਮੁਜ਼ਾਹਰਾ ਕਰਨ ਵਾਲੇ ਇੱਕ ਜਥੇ ਵਿੱਚ ਸ਼ਾਮਲ ਹੋ ਗਿਆ ਤੇ ਉੱਥੇ ਪੁਲੀਸ ਦੇ ਜ਼ੁਲਮ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਬਾਮੁਸ਼ੱਕਤ ਕੈਦ ਵੀ ਹੋ ਗਈ। ਕੈਦ ਕੱਟ ਕੇ ਘਰ ਵਾਪਸ ਆਇਆ ਤਾਂ ਮਾਪਿਆਂ ਨੇ ਖ਼ੂਬ ਤਾੜਨਾ ਕੀਤੀ। ਪਰ ਉਸ ਨੂੰ ਤਾਂ ਸ਼ਹਾਦਤ ਅਤੇ ਕੁਰਬਾਨੀ ਦੀ ਲਗਨ ਲੱਗ ਚੁੱਕੀ ਸੀ ਤੇ ਉਸ ਨੇ ਮੁੜ ਪਿੱਛੇ ਮੁੜ ਕੇ ਨਹੀਂ ਦੇਖਿਆ।
ਮੁੜ ਉਸ ਨੇ ਹਰਨਾਮ ਸਿੰਘ ਚਮਕ, ਜਸਵੰਤ ਸਿੰਘ ਅਤੇ ਹੋਰ ਇਨਕਲਾਬੀਆਂ ਨਾਲ ਮਿਲ ਕੇ ਕਈ ਅਜਿਹੇ ਕੰਮ ਕੀਤੇ ਜੋ ਇਕਦਮ ਵਿਕੋਲਿਤਰੇ ਹਨ।
ਉਸ ਨੇ ਜੈਤੋ ਮੋਰਚੇ ’ਚ ਜ਼ੁਲਮ ਜਬਰ ਕਰਨ ਵਾਲੇ ਅੰਗਰੇਜ਼ ਬੀ.ਟੀ., ਜੋ ਇੱਕ ਪਿੰਡ ਵਿੱਚ ਹਰਨਾਮ ਕੌਰ ਨਾਂ ਦੀ ਔਰਤ ਨਾਲ ਹੰਕਾਰੀ ਜੀਵਨ ਬਿਤਾ ਰਿਹਾ ਸੀ, ਦਾ ਕਤਲ ਕੀਤਾ। ਵਾਇਸਰਾਇ ਦੀ ਗੱਡੀ ਉਡਾਉਣ ਲਈ ਲੋੜੀਂਦੇ ਫੰਡ ਅਤੇ ਹਥਿਆਰ ਜਮ੍ਹਾਂ ਕਰਨ ਲਈ ਸਰਕਾਰੀ ਖ਼ਜ਼ਾਨਾ ਲੁੱਟਣ ਦਾ ਪ੍ਰੋਗਰਾਮ ਬਣਾਇਆ, ਜਿਸ ਨੂੰ ਅਹਿਮਦਗੜ੍ਹ ਡਕੈਤੀ ਕਾਂਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੁੜ ਜੇਲ੍ਹਾਂ ਕੱਟੀਆਂ, ਰੂਪੋਸ਼ ਰਿਹਾ। ਰੂਪੋਸ਼ੀ ਦੌਰਾਨ ਕਈ ਤਰ੍ਹਾਂ ਦੇ ਛੋਟੇ-ਛੋਟੇ ਕੰਮ ਕੀਤੇ। ਭਗਤ ਸਿੰਘ, ਸੁਖਦੇਵ ਅਤੇ ਬਟੁਕੇਸ਼ਵਰ ਵਰਗੇ ਦੇਸ਼ ਭਗਤਾਂ ਨਾਲ ਜੇੇਲ੍ਹ ’ਚ ਰਿਹਾ। ਉੱਥੇ ਜੇਲ੍ਹ ਦੇ ਜ਼ੁਲਮ ਅਤੇ ਗੰਦੇ ਕਾਇਦੇ-ਕਾਨੂੰਨਾਂ ਖ਼ਿਲਾਫ਼ ਭੁੱਖ ਹੜਤਾਲ ਕੀਤੀ। ਜੇਲ੍ਹ ਹਾਕਮਾਂ ਦੇ ਤਸ਼ੱਦਦ ਸਹੇ। ਪਰ ਈਨ ਨਹੀਂ ਮੰਨੀ। ਆਖ਼ਰ ਉਸ ’ਤੇ ਮੁਕੱਦਮਾ ਚਲਾਇਆ ਗਿਆ ਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜੋ ਬਾਅਦ ਵਿੱਚ ਘਟਾ ਕੇ ਉਮਰ ਕੈਦ ਕਰ ਦਿੱਤੀ ਤੇ ਫਿਰ ਹੋਰ ਘਟਾ ਕੇ ਦਸ ਸਾਲ ਦੀ ਹੋ ਗਈ।
ਜੇਲ੍ਹ ’ਚ ਹੀ ਉਸ ਦੀ ਮੁਲਾਕਾਤ ਕਰਨ ਆਉਂਦੀ ਕੁੜੀ ਨਿਰਮਲਾ ਨਾਲ ਉਸ ਦਾ ਮਿਲਾਪ ਹੋ ਗਿਆ ਤੇ ਦੋਵੇਂ ਇੱਕ ਦੂਸਰੇ ਵੱਲ ਖਿੱਚੇ ਗਏ। ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਬਹੁਤ ਸਾਦੇ ਢੰਗ ਨਾਲ, ਪਰ ਵਧੀਆ ਤਰੀਕੇ ਨਾਲ ਆਪਸ ਵਿੱਚ ਸ਼ਾਦੀ ਕਰ ਲਈ ਤੇ ਦੇਸ਼ ਆਜ਼ਾਦ ਹੋਣ ’ਤੇ ਦੋਵੇਂ ਜੀਅ ਸਮਾਜ ਸੇਵਾ ਦੇ ਕੰਮਾਂ ਵਿੱਚ ਜੁਟ ਗਏ।
ਏਨੀਆਂ ਕੁਰਬਾਨੀਆਂ ਕਰਨ ਤੇ ਏਨੀਆਂ ਔਕੜਾਂ ਦੇ ਬਾਵਜੂਦ ਹੈਰਾਨੀ ਹੁੰਦੀ ਹੈ ਕਿ ਸ਼ੇਰ ਜੰਗ ਦਾ ਨਾਂ ਭਗਤ ਸਿੰਘ ਤੇ ਹੋਰ ਦੇਸ਼ ਭਗਤਾਂ ਨਾਲ ਰੋਸ਼ਨੀ ’ਚ ਕਿਉਂ ਨਹੀਂ ਆਇਆ। ਏਨੇ ਕਾਰਨਾਮਿਆਂ ਦੇ ਬਾਵਜੂਦ ਆਜ਼ਾਦੀ ਦਾ ਇਤਿਹਾਸ ਉਸ ਸਮੇਂ ਚੁੱਪ ਕਿਉਂ ਰਿਹਾ। ਅਤਰਜੀਤ ਦੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਅਜਿਹਾ ਹੀਰਾ ਲਭਿਆ ਜੋ ਕੁਰਬਾਨੀ ਦਾ ਮੁਜੱਸਮਾ ਹੀ ਸੀ। ਇਤਿਹਾਸ ਕਈ ਵਾਰ ਸੂਰਬੀਰਾਂ ਨਾਲ ਇਉਂ ਵੀ ਧੱਕਾ ਕਰਦਾ ਹੈ।
ਅਜਿਹੀਆਂ ਕਾਰਵਾਈਆਂ ਦੇ ਬਾਵਜੂਦ ਇਹੋ ਜਿਹੇ ਦੇਸ਼ ਭਗਤਾਂ ਬਾਰੇ ਇਤਿਹਾਸ ਚੁੱਪ ਕਿਉਂ ਹੈ? ਸੋਚਣ, ਸਮਝਣ ਦੀ ਗੱਲ ਹੈ। ਇਹੋ ਜਿਹੇ ਹੋਰ ਵੀ ਕਈ ਦੇਸ਼ ਭਗਤ ਹੋਣਗੇ ਜੋ ਇਤਿਹਾਸ ਦੇ ਪੰਨਿਆਂ ’ਚ ਪ੍ਰਗਟ ਨਹੀਂ ਹੋਏ। ਇਹ ਪ੍ਰਸ਼ਨ ਚਿੰਨ੍ਹ ਹਵਾ ਵਿੱਚ ਖਲੋਤਾ ਰਹੇਗਾ।
ਸੰਪਰਕ: 94635-37050