For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਦੇ ਬਹੁਤੇ ਉਮੀਦਵਾਰਾਂ ’ਤੇ ਲੱਗੀ ਦਲਬਦਲੀ ਦੀ ਮੋਹਰ

07:39 AM Apr 18, 2024 IST
ਬਠਿੰਡਾ ਦੇ ਬਹੁਤੇ ਉਮੀਦਵਾਰਾਂ ’ਤੇ ਲੱਗੀ ਦਲਬਦਲੀ ਦੀ ਮੋਹਰ
Advertisement

ਰਮਨਦੀਪ ਸਿੰਘ
ਚਾਉਕੇ, 17 ਅਪਰੈਲ
ਲੋਕ ਸਭਾ ਹਲਕਾ ਬਠਿੰਡਾ ਤੋ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪਿੜ ਵਿਚ ਉਤਾਰੇ ਗਏ ਉਮੀਦਵਾਰ ਦੇ ਰਾਜਸੀ ਪਿਛੋਕੜ ਵਿਚ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਇਹ ਉਮੀਦਵਾਰ ਪਿਛਲੇ ਸਮਿਆਂ ਦੌਰਾਨ ਹੋਰਨਾਂ ਪਾਰਟੀਆਂ ਵਿੱਚੋਂ ਪਾਲਾ ਬਦਲ ਕੇ ਨਵੀਆਂ ਪਾਰਟੀਆਂ ਦੇ ਉਮੀਦਵਾਰ ਵਜੋਂ ਮੈਦਾਨ ਵਿੱਚ ਉੱਤਰੇ ਹਨ।
ਭਾਵੇਂ ਅਕਾਲੀ ਦਲ ਵੱਲੋਂ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰਿਆ ਗਿਆ, ਪਰ ਹਰਸਿਮਰਤ ਕੌਰ ਬਾਦਲ ਨੇ ਉਮੀਦਵਾਰ ਵਜੋਂ ਸਰਗਰਮੀਆਂ ਵਿੱਢੀਆਂ ਹੋਈਆਂ ਹਨ ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਵੀ ਮੀਡੀਆ ਵਿੱਚ ਬਿਆਨ ਦੇ ਚੁੱਕੇ ਹਨ। ਇੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਿਛਲੇ ਰਾਜਸੀ ਜੀਵਨ ’ਤੇ ਝਾਤ ਮਾਰੀਏ ਤਾਂ ਉਹ ਅਕਤੂਬਰ 2023 ਵਿੱਚ ਅਕਾਲੀ ਪਾਰਟੀ ਨੂੰ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ।
ਇਨ੍ਹਾਂ ਨੇ ਸਾਲ 1997 ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜੀ ਤੇ ਹਾਰ ਗਏ ਅਤੇ 2002 ਵਿੱਚ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੇ। ਉਹ 2004 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਅਤੇ 2007 ਤੇ 2012 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਟਿਕਟ ’ਤੇ ਲੜੀਆਂ ਤੇ ਜੇਤੂ ਰਹੇ। ਸਾਲ 2014 ਵਿਚ ਕਾਂਗਰਸ ਪਾਰਟੀ ਨੂੰ ਆਲਵਿਦਾ ਆਖ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਤੇ ਵਿਧਾਨ ਸਭਾ ਹਲਕਾ ਤਲਵੰਡੀ ਤੋ ਹੋਈ ਜ਼ਿਮਨੀ ਚੋਣ ਵਿੱਚ ਜੇਤੂ ਰਹੇ।
2017 ਅਤੇ 2022 ਵਿੱਚ ਅਕਾਲੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਤੇ ਹਾਰ ਗਏ। ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਪਹਿਲਾਂ ਭਾਵੇਂ ਆਈਏਐੱਸ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਤੇ ਹੁਣ ਸੇਵਾਮੁਕਤੀ ਮਗਰੋਂ ਚੋਣ ਦੇ ਰਾਜਸੀ ਪਿੜ ਵਿੱਚ ਨਿੱਤਰੇ ਹਨ। ਇਨਾਂ ਦੇ ਪਰਿਵਾਰ ਦਾ ਰਾਜਨੀਤਿਕ ਪਿਛੋਕੜ ਅਕਾਲੀ ਪਾਰਟੀ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਸਹੁਰਾ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਰਹੇ ਹਨ ਤੇ ਹੁਣ ਅਕਾਲੀ ਦਲ ਨੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਫ਼ਰੀਦਕੋਟ ਦਾ ਇੰਚਾਰਜ ਲਗਾਇਆ ਹੋਇਆ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਸਾਲ 2021 ਵਿਚ ਕਾਂਗਰਸ ਪਾਰਟੀ ਛੱਡ ‘ਆਪ’ ਵਿੱਚ ਸ਼ਾਮਲ ਹੋਏ ਤੇ 2022 ਦੀਆਂ ਚੋਣਾਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਵਿਧਾਇਕ ਬਣੇ ਤੇ ਖੇਤੀ ਮੰਤਰੀ ਹਨ। ‘ਆਪ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ 2004 ਤੋਂ ਕਾਂਗਰਸ ਵਿੱਚ ਕੰਮ ਕਰਦੇ ਰਹੇ ਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਰਹੇ ਅਤੇ 2017 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਲੰਬੀ ਤੋ ਕੈਪਟਨ ਅਮਰਿੰਦਰ ਸਿੰਘ ਦੇ ਕਵਰਿੰਗ ਉਮੀਦਵਾਰ ਵੀ ਰਹੇ। ਇਨ੍ਹਾਂ ਦੇ ਪਿਤਾ ਸਵਰਗੀ ਜਗਦੇਵ ਸਿੰਘ ਖੁੱਡੀਆਂ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਫ਼ਰੀਦਕੋਟ ਹਲਕੇ ਤੇ ਮੈਂਬਰ ਪਾਰਲੀਮੈਂਟ ਰਹੇ ਹਨ।
ਇਸੇ ਹੀ ਹਲਕੇ ਤੋ ਲਖਵੀਰ ਸਿੰਘ ਲੱਖਾ ਸਿਧਾਣਾ ਚੋਣ ਲੜ ਰਹੇ ਹਨ ਜੋ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹਨ।
ਉਹ ਇਸ ਤੋ ਪਹਿਲਾਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋ 2012 ਵਿੱਚ ਪੀਪਲਜ਼ ਪਾਰਟੀ ਦੇ ਉਮੀਦਵਾਰ ਵੱਲੋਂ ਚੋਣ ਲੜ ਚੁੱਕੇ ਹਨ ਅਤੇ 2022
ਦੀਆਂ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਹਲਕਾ ਮੌੜ ਤੋ ਚੋਣ ਲੜ ਚੁੱਕੇ ਹਨ।

Advertisement

Advertisement
Author Image

joginder kumar

View all posts

Advertisement
Advertisement
×