For the best experience, open
https://m.punjabitribuneonline.com
on your mobile browser.
Advertisement

‘ਆਪ’ ਸਰਕਾਰ ਵੱਲੋਂ ਸੀਲ ਕਰੱਸ਼ਰ ਨੇ ਮੁੜ ਧੂੜਾਂ ਪੁੱਟੀਆਂ

08:41 AM Sep 16, 2024 IST
‘ਆਪ’ ਸਰਕਾਰ ਵੱਲੋਂ ਸੀਲ ਕਰੱਸ਼ਰ ਨੇ ਮੁੜ ਧੂੜਾਂ ਪੁੱਟੀਆਂ
ਪੌਂਗ ਡੈਮਾਂ ਦੇ 52 ਗੇਟਾਂ ਕੋਲ ਲੱਗੇ ਕਰੱਸ਼ਰ ਦੀ ਡਰੋਨ ਰਾਹੀਂ ਲਈ ਗਈ ਤਸਵੀਰ।
Advertisement

ਜਗਜੀਤ ਸਿੰਘ
ਮੁਕੇਰੀਆਂ, 15 ਸਤੰਬਰ
ਪੌਂਗ ਡੈਮ ਦੇ 52 ਗੇਟਾਂ ਨੇੜੇ ਪੰਜਾਬ-ਹਿਮਾਚਲ ਦੀ ਹੱਦ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੀਲ ਕੀਤਾ ਕਰੱਸ਼ਰ ਬੋਰੋਕ ਚੱਲ ਰਿਹਾ ਹੈ। ਕਰੱਸ਼ਰ ਵੱਲੋਂ ਰੋਜ਼ਾਨਾ ਲੱਖਾਂ ਰੁਪਏ ਦਾ ਮਾਲ ਤਿਆਰ ਕਰ ਕੇ ਅੱਗੇ ਵੇਚ ਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਵਲੋਂ ਲਗਾਤਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਮਾਈਨਿੰਗ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਕੇਵਲ ਪੱਤਰ ਲਿਖਣ ਤੱਕ ਹੀ ਸੀਮਿਤ ਹਨ। ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਬਿਨਾਂ ਮਨਜ਼ੂਰੀ ਲੱਗਿਆ ਇਹ ਕਰੱਸ਼ਰ ਲਗਾਤਾਰ ਚੱਲਦਾ ਰਿਹਾ ਸੀ। ਇਹ ਮਾਮਲਾ ‘ਪੰਜਾਬੀ ਟ੍ਰਿਬਿਊਨ’ ਵਲੋਂ ਪ੍ਰਮੁੱਖਤਾ ਨਾਲ ਉਠਾਉਣ ਕਰ ਕੇ ‘ਆਪ’ ਸਰਕਾਰ ਨੇ ਜੁਲਾਈ 2022 ਵਿੱਚ ਕਰੱਸ਼ਰ ਮਾਲਕਾਂ ’ਤੇ ਕੇਸ ਦਰਜ ਕਰ ਕੇ ਇਸ ਕਰੱਸ਼ਰ ਨੂੰ ਸੀਲ ਕਰ ਦਿੱਤਾ ਸੀ। ਸੀਪੀਆਈ (ਐੱਮ) ਦੇ ਤਹਿਸੀਲ ਸਕੱਤਰ ਆਸ਼ਾ ਨੰਦ ਨੇ ਦੱਸਿਆ ਕਿ ਦੋਹਾਂ ਸੂਬਿਆਂ ਦੀ ਹੱਦ ’ਤੇ ਤਲਵਾੜਾ ਦੀ ਹੱਦ ਬਸਤ ਨੰਬਰ 604 ਵਿਚਲੀ ਜ਼ਮੀਨ ’ਤੇ ਜਲੰਧਰ ਤੇ ਤਲਵਾੜਾ ਦੇ ਵਸਨੀਕ ਦੋ ਭਾਈਵਾਲਾਂ ਵੱਲੋਂ ਲਾਏ ਇਸ ਕਰੱਸ਼ਰ ਕੋਲ ਕੋਈ ਮਨਜ਼ੂਰੀ ਨਹੀਂ ਹੈ। ਇਸ ਦੇ ਮਾਲਕ ਸੂਬੇ ਦੇ ਮਾਈਨਿੰਗ ਅਤੇ ਪ੍ਰਦੂਸ਼ਣ ਕੰਟਰੋਲ ਅਧਿਕਾਰੀਆਂ ਨੂੰ ਇਹ ਕਰੱਸ਼ਰ ਹਿਮਾਚਲ ਪ੍ਰਦੇਸ਼ ਵਿੱਚ ਲੱਗਿਆ ਹੋਣ ਦਾ ਆਖ ਕੇ ਗੁਮਰਾਹ ਕਰਦੇ ਆ ਰਹੇ ਸਨ। ਜਦੋਂ ਕਿ ਹਿਮਾਚਲ ਦੇ ਅਧਿਕਾਰੀਆਂ ਨੂੰ ਕਰੱਸ਼ਰ ਪੰਜਾਬ ਦਾ ਦੱਸਿਆ ਜਾਂਦਾ ਸੀ। ਸਥਾਨਕ ਲੋਕਾਂ ਦੀ ਸ਼ਿਕਾਇਤ ਉਪਰੰਤ ਇਸ ਕਰੱਸ਼ਰ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਬਾਰੇ ਤਲਵਾੜਾ ਥਾਣੇ ਅੰਦਰ 22 ਜੁਲਾਈ 2022 ਨੂੰ ਤਲਵਾੜਾ ਦੇ ਮਨੋਜ ਕੁਮਾਰ ਅਤੇ ਜਲੰਧਰ ਦੇ ਗੁਰਚਰਨਜੀਤ ਸਿੰਘ ਖ਼ਿਲਾਫ਼ ਐੱਫਆਈਆਰ ਨੰਬਰ 63 ਦਰਜ ਕੀਤੀ ਗਈ ਸੀ। ਇਹ ਕਰੱਸ਼ਰ ਸੀਲ ਹੋਣ ਉਪਰੰਤ ਕੁਝ ਸਮਾਂ ਬੰਦ ਰਿਹਾ ਪਰ ਕੁਝ ਹੀ ਸਮੇਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ, ਮਾਈਨਿੰਗ ਵਿਭਾਗ ਅਤੇ ਪੁਲੀਸ ਅਧਿਕਾਰੀਆਂ ਨਾਲ ਕਥਿਤ ਤਾਲਮੇਲ ਬੈਠ ਜਾਣ ਕਾਰਨ ਮੁੜ ਸ਼ੁਰੂ ਹੋ ਗਿਆ।

Advertisement

ਬਿਜਲੀ ਵਿਭਾਗ ਨੂੰ ਕੁਨੈਕਸ਼ਨ ਕੱਟਣ ਲਈ ਕਿਹਾ: ਐੱਸਡੀਓ

ਐੱਸਡੀਓ (ਮਾਈਨਿੰਗ) ਸੰਦੀਪ ਕੁਮਾਰ ਨੇ ਕਿਹਾ ਕਿ ਕਰੱਸ਼ਰ ਚੱਲਦਾ ਹੋਣ ਬਾਰੇ ਪੱਤਰ ਲਿਖ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਸੀ। ਐੱਸਡੀਓ (ਪ੍ਰਦੂਸ਼ਣ) ਜਤਿੰਦਰ ਕੁਮਾਰ ਨੇ ਕਿਹਾ ਕਿ ਮਾਈਨਿੰਗ ਵਿਭਾਗ ਦਾ ਪੱਤਰ ਮਿਲਣ ਉਪਰੰਤ ਉਨ੍ਹਾਂ ਬਿਜਲੀ ਅਧਿਕਾਰੀਆਂ ਨੂੰ ਕਰੱਸ਼ਰ ਦਾ ਕੁਨੈਕਸ਼ਨ ਕੱਟਣ ਲਈ ਆਖ ਦਿੱਤਾ ਗਿਆ ਹੈ। ਵਿਭਾਗ ਵੱਲੋਂ ਸੀਲ ਕੀਤੀ ਮਸ਼ੀਨਰੀ ਨੂੰ ਮੁੜ ਚਲਾਉਣ ਵਾਲੇ ਲੋਕਾਂ ਖਿਲਾਫ਼ ਕਾਰਵਾਈ ਬਾਰੇ ਪੁੱਛਣ ’ਤੇ ਉਨ੍ਹਾਂ ਚੁੱਪ ਵੱਟ ਲਈ।

Advertisement

ਪ੍ਰਦੂਸ਼ਣ ਵਿਭਾਗ ਦੇ ਪੱਤਰ ਬਾਰੇ ਕੋਈ ਜਾਣਕਾਰੀ ਨਹੀਂ: ਪਾਵਰਕੌਮ ਐੱਸਡੀਓ

ਪਾਵਰਕੌਮ ਦੇ ਐੱਸਡੀਓ ਤਲਵਾੜਾ ਇੰਜਨੀਅਰ ਚਤਰ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਵਿਭਾਗ ਦਾ ਅਜਿਹਾ ਕੋਈ ਵੀ ਪੱਤਰ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਨ੍ਹਾਂ ਕਿਸੇ ਵੀ ਸੀਲ ਕੀਤੇ ਕਰੱਸ਼ਰ ਨੂੰ ਕੋਈ ਬਿਜਲੀ ਕੁਨੈਕਸ਼ਨ ਨਹੀਂ ਦਿੱਤਾ। ਡੀਐੱਸਪੀ (ਦਸੂਹਾ) ਜਤਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਉਹ ਇਸ ਬਾਬਤ ਹੇਠਲੇ ਅਧਿਕਾਰੀਆਂ ਤੋਂ ਜਾਣਕਾਰੀ ਲੈ ਕੇ ਬਣਦੀ ਕਾਰਵਾਈ ਕਰਨਗੇ।

Advertisement
Author Image

sukhwinder singh

View all posts

Advertisement