ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਕਰਵਾਉਣ ਲਈ ਐੱਸਡੀਐੱਮ ਦਫ਼ਤਰ ਘੇਰਿਆ
ਅਸ਼ਵਨੀ ਗਰਗ
ਸਮਾਣਾ, 3 ਜੁਲਾਈ
ਪਿੰਡ ਬਿਜਲਪੁਰਾ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਵਿੱਚ ਕਥਿਤ ਘਪਲੇਬਾਜ਼ੀ ਦਾ ਦੋਸ਼ ਲਗਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਦੀ ਅਗਵਾਈ ਹੇਠ ਕਿਸਾਨਾਂ ਨੇ ਐਸਡੀਐਮ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਨੇ ਬੀਡੀਪੀਓ ਅਜੈਬ ਸਿੰਘ, ਰਣਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਮਲੂਕ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਅਤੇ ਬੋਲੀ ਰੱਦ ਕਰ ਕੇ ਮੁੜ ਕਰਵਾਉਣ ਦੀ ਮੰਗ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਬੀਡੀਪੀਓ ਅਜੈਬ ਸਿੰਘ ਨੇ ਰਣਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਨੂੰ ਪੰਚਾਇਤੀ ਜ਼ਮੀਨ ਪਲਾਟ ਨੰਬਰ-5 ਦਾ ਠੇਕਾ 92,500 ਰੁਪਏ ਵਿਚ ਦੇ ਕੇ ਜਿੱਥੇ ਸਰਕਾਰੀ ਖ਼ਜਾਨੇ ਨੂੰ ਚੂਨਾ ਲਗਾਇਆ ਹੈ, ਉੱਥੇ ਧੱਕੇਸ਼ਾਹੀ ਕਰ ਕੇ ਆਮ ਵਿਅਕਤੀ ਤੋਂ ਬੋਲੀ ਦੇਣ ਦਾ ਅਧਿਕਾਰ ਖੋਹਿਆ ਹੈ। ਉਨ੍ਹਾਂ ਕਿਹਾ ਕਿ ਭੁਪਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਇਸ ਜ਼ਮੀਨ ਦੀ ਬੋਲੀ 1,50,000 ਰੁਪਏ ਦੇਣ ਲਈ ਆਖਦਾ ਰਿਹਾ ਪਰ 30-40 ਪੁਲੀਸ ਮੁਲਾਜ਼ਮਾਂ ਦੀ ਘੇਰਾਬੰਦੀ ਕਰ ਕੇ ਉਸ ਨੂੰ ਡਰਾਇਆ ਧਮਕਾਇਆ ਗਿਆ ਅਤੇ ਬੋਲੀ ਦੇਣ ਲਈ ਅੱਗੇ ਨਹੀਂ ਆਉਣ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਬੀਡੀਪੀਓ ਨੇ ਕਥਿਤ ਧੱਕੇਸ਼ਾਹੀ ਨਾਲ ਮਿਲੀਭੁਗਤ ਕਰ ਕੇ ਇਹ ਬੋਲੀ ਰਣਜੀਤ ਸਿੰਘ ਦੇ ਨਾਂ ਕਰ ਕੇ ਸਰਕਾਰੀ ਖ਼ਜਾਨੇ ਨੂੰ ਚੂਨਾ ਲਗਾਇਆ ਹੈ ਤੇ ਨਾਲ ਹੀ ਆਮ ਆਦਮੀ ਕੋਲੋਂ ਉਸ ਦਾ ਹੱਕ ਖੋਹਿਆ ਹੈ। ਇਸ ਕਾਰਨ ਬੀਡੀਪੀਓ ਅਜੈਬ ਸਿੰਘ ਅਤੇ ਰਣਜੀਤ ਸਿੰਘ ਸਣੇ ਮਲੂਕ ਸਿੰਘ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਬੋਲੀ ਨੂੰ ਰੱਦ ਕਰ ਕੇ ਮੁੜ ਕਰਵਾਈ ਜਾਵੇ। ਉਨ੍ਹਾਂ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਆਪਣਾ ਸੰਘਰਸ਼ ਹੋਰ ਤੇਜ਼ ਕਰਨਾ ਪਵੇਗਾ।
ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ,ਯਾਦਵਿੰਦਰ ਸਿੰਘ ਕੁਕਾ, ਭੁਪਿੰਦਰ ਸਿੰਘ ,ਪੁਸ਼ਪਿੰਦਰ ਸਿੰਘ ਰਤਨਹੇੜੀ, ਸੁਖਜਿੰਦਰ ਸਿੰਘ ਕੁਲਾਰਾਂ, ਯਾਦਵਿੰਦਰ ਸਿੰਘ, ਇੰਦਰ ਮੋਹਨ ਘੁਮਾਣਾ,ਬਲਜਿੰਦਰ ਸਿੰਘ ਢੀਂਡਸਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਸਾਰੇ ਦੋਸ਼ ਬੇਬੁਨਿਆਦ: ਬੀਡੀਪੀਓ
ਬੀਡੀਪੀਓ ਅਜੈਬ ਸਿੰਘ ਨੇ ਕਿਹਾ ਕਿ ਸਾਰੇ ਦੋਸ਼ ਬਿਲਕੁੱਲ ਗ਼ਲਤ ਹਨ। ਬੋਲੀ ਸਾਰਿਆਂ ਸਾਹਮਣੇ ਹੋਈ ਹੈ। ਉਨ੍ਹਾਂ ਕਿਹਾ ਕਿ ਧਰਨਾਕਾਰੀ ਜਿਸ ਵਿਅਕਤੀ ਵੱਲੋਂ ਜ਼ਿਆਦਾ ਬੋਲੀ ਦੇਣ ਦੀ ਗੱਲ ਆਖ ਰਹੇ ਹਨ, ਉਹ ਬੋਲੀ ਮੌਕੇ ਹਾਜ਼ਰ ਨਹੀਂ ਸੀ।