For the best experience, open
https://m.punjabitribuneonline.com
on your mobile browser.
Advertisement

ਮਲੂਕਾ ਦੀ ਨੂੰਹ ਦੇ ਅਸਤੀਫ਼ੇ ਦਾ ਪੇਚ ਫਸਿਆ!

07:16 AM Apr 06, 2024 IST
ਮਲੂਕਾ ਦੀ ਨੂੰਹ ਦੇ ਅਸਤੀਫ਼ੇ ਦਾ ਪੇਚ ਫਸਿਆ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 5 ਅਪਰੈਲ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਆਈਏਐੱਸ ਨੂੰਹ ਪਰਮਪਾਲ ਕੌਰ ਸਿੱਧੂ ਵੱਲੋਂ ਮੰਗੀ ਗਈ ਸਵੈ-ਇੱਛਾ ਸੇਵਾਮੁਕਤੀ ਦਾ ਪੇਚ ਫਸ ਗਿਆ ਜਾਪਦਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਇਸ ਨੂੰ ਸਵੀਕਾਰ ਨਹੀਂ ਕੀਤਾ ਹੈ। ਕੁੱਝ ਦਿਨ ਪਹਿਲਾਂ ਨਿੱਜੀ ਕਾਰਨਾਂ ਦੇ ਹਵਾਲੇ ਨਾਲ ਪਰਮਪਾਲ ਕੌਰ ਸਿੱਧੂ ਨੇ ਸਵੈ-ਇੱਛਾ ਸੇਵਾਮੁਕਤੀ ਲਈ ਅਰਜ਼ੀ ਮੁੱਖ ਸਕੱਤਰ ਨੂੰ ਭੇਜ ਦਿੱਤੀ ਸੀ। ਅਹਿਮ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਹ ਕੇਸ ਪੁੱਜ ਚੁੱਕਾ ਹੈ ਜਿਨ੍ਹਾਂ ਹਾਲੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਉਧਰ ਪਰਮਪਾਲ ਕੌਰ ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ ਪਰਮਪਾਲ ਕੌਰ ਸਿੱਧੂ ਨੂੰ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਜਾਣ ਤੋਂ ਰੋਕਣ ਲਈ ਵਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ
ਸਿਆਸੀ ਗਲਿਆਰਿਆਂ ਵਿੱਚ ਚਰਚੇ ਹਨ ਕਿ ਪਰਮਪਾਲ ਕੌਰ ਸਿੱਧੂ ਭਾਜਪਾ ਵਿੱਚ ਸ਼ਾਮਲ ਹੋਣ ਦਾ ਇਰਾਦਾ ਰੱਖਦੇ ਹਨ ਅਤੇ ਬਠਿੰਡਾ ਤੋਂ ਉਹ ਭਾਜਪਾ ਉਮੀਦਵਾਰ ਹੋ ਸਕਦੇ ਹਨ ਪ੍ਰੰਤੂ ਪਰਿਵਾਰਕ ਮੈਂਬਰ ਹਾਲੇ ਇਸ ਗੱਲ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹਨ। ਅਹਿਮ ਸੂਤਰ ਦੱਸਦੇ ਹਨ ਕਿ ਪਰਮਪਾਲ ਕੌਰ ਸਿੱਧੂ ਨੇ ਬਠਿੰਡਾ ਹਲਕੇ ਵਿੱਚ ਆਪਣੇ ਨੇੜਲਿਆਂ ਨੂੰ ਤਿਆਰੀ ਰੱਖਣ ਵਾਸਤੇ ਵੀ ਆਖ ਦਿੱਤਾ ਹੈ ਅਤੇ ਸੂਚੀਆਂ ਤਿਆਰ ਹੋਣ ਲੱਗੀਆਂ ਹਨ। ਹਾਲੇ ਸਮੱਸਿਆ ਇਹ ਹੈ ਕਿ ਜਿੰਨਾ ਚਿਰ ਉਨ੍ਹਾਂ ਦੇ ਸਵੈ-ਇੱਛਾ ਸੇਵਾਮੁਕਤੀ ਦੇ ਕੇਸ ਨੂੰ ਪ੍ਰਵਾਨਗੀ ਨਹੀਂ ਮਿਲਦੀ ਓਨਾ ਚਿਰ ਉਹ ਕਿਸੇ ਵੀ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਸਕਦੇ। ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਇਸ ਕੇਸ ਨੂੰ ਕਦੋਂ ਹਰੀ ਝੰਡੀ ਦਿੰਦੇ ਹਨ। ਮੁੱਖ ਮੰਤਰੀ ਦੀ ਪ੍ਰਵਾਨਗੀ ਮਗਰੋਂ ਹੀ ਫਾਈਲ ਭਾਰਤ ਸਰਕਾਰ ਦੇ ਪਰਸੋਨਲ ਅਤੇ ਸਿਖਲਾਈ ਵਿਭਾਗ ਕੋਲ ਜਾਵੇਗੀ। ਪੰਜਾਬ ਸਰਕਾਰ ਨੇ ਪਰਮਪਾਲ ਕੌਰ ਸਿੱਧੂ ਨੂੰ ਨਾਮਜ਼ਦਗੀ ਰੂਟ ਰਾਹੀਂ ਆਈਏਐੱਸ ਬਣਾਇਆ ਸੀ ਅਤੇ ਸਿੱਧੂ 2011 ਬੈਚ ਦੀ ਆਈਏਐੱਸ ਅਧਿਕਾਰੀ ਹੈ ਜਿਨ੍ਹਾਂ ਦੀ ਸੇਵਾਮੁਕਤੀ 31 ਅਕਤੂਬਰ 2024 ਨੂੰ ਹੋਣੀ ਸੀ। ਪਰਮਪਾਲ ਕੌਰ ਨੇ ਆਪਣੀ ਸੇਵਾਮੁਕਤੀ ਤੋਂ ਕਰੀਬ ਸੱਤ ਮਹੀਨੇ ਪਹਿਲਾਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਅਕਾਲੀ ਦਲ ਨੇ ਪਰਮਪਾਲ ਕੌਰ ਸਿੱਧੂ ਨੂੰ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਜਾਣ ਤੋਂ ਰੋਕਣ ਲਈ ਵਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ। ਮਲੂਕਾ ਦਾ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪਰਿਸ਼ਦ ਬਠਿੰਡਾ ਦਾ ਚੇਅਰਮੈਨ ਰਹਿ ਚੁੱਕਾ ਹੈ ਅਤੇ ਗੁਰਪ੍ਰੀਤ ਮਲੂਕਾ ’ਤੇ ਅਕਾਲੀ ਦਲ ਨੇ ਦਬਾਅ ਬਣਾਇਆ ਹੋਇਆ ਹੈ ਪ੍ਰੰਤੂ ਅਧਿਕਾਰਤ ਤੌਰ ’ਤੇ ਕੋਈ ਵੀ ਇਸ ਗੱਲ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ।

Advertisement

Advertisement
Author Image

sukhwinder singh

View all posts

Advertisement
Advertisement
×