ਕਾਂਗਰਸ ਦੀ ਸਕਰੀਨਿੰਗ ਕਮੇਟੀ ਨੇ ਆਮ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਦੇ ਨਾਮ ਮੰਗੇ
ਰਾਜਮੀਤ ਸਿੰਘ
ਚੰਡੀਗੜ੍ਹ, 2 ਫਰਵਰੀ
ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਵੱਲੋਂ ਪੰਜਾਬ ਲਈ ਕਾਇਮ ਕੀਤੀ ਗਈ ਸਕਰੀਨਿੰਗ ਕਮੇਟੀ ਨੇ ਅਗਾਮੀ ਆਮ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਦੀ ਮੰਗ ਕੀਤੀ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ, “27 ਮੈਂਬਰੀ ਪੰਜਾਬ ਪ੍ਰਦੇਸ਼ ਚੋਣ ਕਮੇਟੀ (ਪੀਪੀਸੀਸੀ) ਦੇ ਸਾਰੇ 27 ਮੈਂਬਰਾਂ ਨੂੰ 3 ਫਰਵਰੀ ਤੱਕ ਸੰਭਾਵੀ ਉਮੀਦਵਾਰਾਂ ਵਜੋਂ ਤਿੰਨ-ਤਿੰਨ ਨਾਮ ਦੇਣ ਲਈ ਕਿਹਾ ਗਿਆ ਹੈ।” ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਸੀਨੀਅਰ ਆਗੂ ਇਸ ਕਮੇਟੀ ਦੇ ਮੈਂਬਰ ਹਨ। ਲੰਘੀ ਸ਼ਾਮ ਹੋਈ ਮੀਟਿੰਗ ’ਚ ਸਾਰੇ ਮੈਂਬਰਾਂ ਨੂੰ ਉਮੀਦਵਾਰਾਂ ਦੀ ਚੋਣ ਜਿੱਤਣ ਦੀ ਸਮਰੱਥਾ ਬਾਰੇ ਸਰਵੇਖਣ ਕਰਨ ਤੋਂ ਪਹਿਲਾਂ ਸੰਭਾਵੀ ਉਮੀਦਵਾਰਾਂ ਦੇ ਨਾਮ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ ਗਿਆ ਹੈ। ਪੰਜਾਬ ਕਾਂਗਰਸ ਇਹ ਸਰਵੇਖਣ ਕਰਵਾਉਣ ਲਈ ਇਕ ਏਜੰਸੀ ਦੀ ਚੋਣ ਕਰਨ ਦੀ ਪ੍ਰਕਿਰਿਆ ਵਿੱਚ ਹੈ। ਸੂਤਰਾਂ ਅਨੁਸਾਰ ਪੰਜਾਬ ਦੀ ਸਕਰੀਨਿੰਗ ਕਮੇਟੀ ਦੀ ਅਗਵਾਈ ਭਗਤ ਚਰਨ ਦਾਸ ਕਰ ਰਹੇ ਹਨ। ਕੇਂਦਰੀ ਚੋਣ ਕਮੇਟੀ ਨੂੰ ਨਾਵਾਂ ਦੀ ਸਿਫ਼ਾਰਸ਼ ਭੇਜਣ ਤੋਂ ਪਹਿਲਾਂ ਚਰਨ ਦਾਸ 11 ਫਰਵਰੀ ਤੋਂ ਬਾਅਦ ਕਮੇਟੀ ਦੇ ਹਰੇਕ ਮੈਂਬਰ ਨਾਲ ਮੀਟਿੰਗ ਕਰਨਗੇ। ਉੱਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਮੇਟੀ ਦੇ ਮੈਂਬਰਾਂ ਨੂੰ ਉਮੀਦਵਾਰਾਂ ਦੇ ਨਾਵਾਂ ਦੀ ਸਿਫਾਰਸ਼ ਕਰਨ ਲਈ ਕਿਹਾ ਗਿਆ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ-ਚਰਚਾ ਤੋਂ ਬਾਅਦ ਯੂਥ ਕਾਂਗਰਸ ਚੋਣਾਂ ਲੜਨ ਦੇ ਚਾਹਵਾਨ ਆਗੂਆਂ ਕੋਲੋਂ ਅਰਜ਼ੀਆਂ ਮੰਗੇਗੀ।