ਪੰਜਾਬ ਵਿੱਚ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਤ੍ਰਾਹ ਕੱਢਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੁਲਾਈ
ਪੰਜਾਬ ’ਚ ਮੌਨਸੂਨ ਨੇ ਭਾਵੇਂ ਆਪਣੇ ਤੈਅ ਸਮੇਂ ’ਤੇ ਦਸਤਕ ਦੇ ਦਿੱਤੀ ਸੀ ਪਰ ਬਾਵਜੂਦ ਇਸ ਦੇ ਸੂਬੇ ਵਿੱਚ ਮੀਂਹ ਘੱਟ ਪਏ ਹਨ। ਇਸ ਕਾਰਨ ਮੌਨਸੂਨ ਦੇ ਸੀਜ਼ਨ ਦੌਰਾਨ ਹੁੰਮਸ ਭਰੀ ਗਰਮੀ ’ਚ ਲਗਾਤਾਰ ਵਾਧਾ ਹੋਇਆ ਹੈ। ਗਰਮੀ ਵਧਣ ਕਰ ਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ, ਝੋਨੇ ਦੀ ਲੁਆਈ ਕਰ ਚੁੱਕੇ ਕਿਸਾਨਾਂ ਨੂੰ ਵੀ ਧਰਤੀ ਹੇਠਲੇ ਅਤੇ ਨਹਿਰੀ ਪਾਣੀ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਪੰਜਾਬ ਵਿੱਚ ਲੰਘੀ ਰਾਤ ਕਈ ਸ਼ਹਿਰਾਂ ਵਿੱਚ ਮੀਂਹ ਪਿਆ ਹੈ, ਇਸ ਦੇ ਬਾਵਜੂਦ ਦਿਨ ਵਿੱਚ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਸਕੀ। ਸੂਬੇ ਵਿੱਚ ਤਾਪਮਾਨ ਮੁੜ ਵਧਣਾ ਸ਼ੁਰੂ ਹੋ ਗਿਆ ਹੈ। ਅੱਜ ਪੰਜਾਬ ’ਚ ਬਠਿੰਡਾ ਹਵਾਈ ਅੱਡੇ ਦਾ ਇਲਾਕਾ ਸਭ ਤੋਂ ਗਰਮ ਰਿਹਾ ਹੈ। ਇਥੇ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ 4.6 ਡਿਗਰੀ ਸੈਲਸੀਅਸ ਵੱਧ ਹੈ।
ਮੌਸਮ ਵਿਗਿਆਨੀਆਂ ਨੇ 30 ਨੂੰ ਹਲਕਾ ਅਤੇ 31 ਜੁਲਾਈ ਨੂੰ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿੱਚ ਇੱਕੋ ਸਮੇਂ ਭਰਵਾਂ ਮੀਂਹ ਨਹੀਂ ਪੈ ਰਿਹਾ ਬਲਕਿ ਕੁਝ-ਕੁਝ ਹਿੱਸਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਗੁਰਦਾਸਪੁਰ, ਨਵਾਂ ਸ਼ਹਿਰ, ਰੂਪ ਨਗਰ ਤੇ ਹੋਰ ਕਈ ਸ਼ਹਿਰਾਂ ਵਿੱਚ ਹਲਕਾ ਮੀਂਹ ਪਿਆ ਸੀ। ਇਸ ਤੋਂ ਬਾਅਦ ਅੱਜ ਦਿਨ ਸਮੇਂ ਨਿੱਕਲੀ ਧੁੱਪ ਨੇ ਹੁੰਮਸ ’ਚ ਹੋਰ ਵਾਧਾ ਕੀਤਾ। ਉੱਧਰ ਪੰਜਾਬ ਵਿੱਚ ਗਰਮੀ ਵਧਣ ਦੇ ਨਾਲ-ਨਾਲ ਬਿਜਲੀ ਦੀ ਮੰਗ ਵੀ ਵਧੀ ਹੈ। ਅੱਜ ਦੁਪਹਿਰ ਸਮੇਂ ਸੂਬੇ ’ਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੋਂ ਟੱਪ ਗਈ ਜਦੋਂਕਿ ਸ਼ਾਮ ਹੁੰਦਿਆਂ ਇਹ 14 ਹਜ਼ਾਰ ਮੈਗਾਵਾਟ ਦੇ ਕਰੀਬ ਪੁੱਜ ਗਈ।
ਜਾਣਕਾਰੀ ਅਨੁਸਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 36.9 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦਾ ਤਾਪਮਾਨ 37.2, ਲੁਧਿਆਣਾ ਦਾ 36.2, ਪਟਿਆਲਾ ਦਾ 37.6, ਪਠਾਨਕੋਟ ਦਾ 35.5, ਫ਼ਰੀਦਕੋਟ ਦਾ 37.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।
ਗੁਰਦਾਸਪੁਰ ਵਿੱਚ 17.8 ਐੱਮਐੱਮ ਮੀਂਹ ਪਿਆ
ਮੌਸਮ ਵਿਭਾਗ ਅਨੁਸਾਰ ਲੰਘੀ ਰਾਤ ਪੰਜਾਬ ’ਚ ਦਰਜਨ ਦੇ ਕਰੀਬ ਸ਼ਹਿਰਾਂ ਵਿੱਚ ਮੀਂਹ ਪਿਆ। ਇਸ ਦੌਰਾਨ ਗੁਰਦਾਸਪੁਰ ਵਿੱਚ 17.8 ਐੱਮਐੱਮ ਮੀਂਹ ਪਿਆ ਹੈ। ਚੰਡੀਗੜ੍ਹ ਵਿੱਚ 7.6 ਐੱਮਐੱਮ, ਪਠਾਨਕੋਟ ਵਿੱਚ 4 ਐੱਮਐੱਮ, ਰੂਪਨਗਰ ਵਿੱਚ 1.5 ਐੱਮਐੱਮ, ਨਵਾਂ ਸ਼ਹਿਰ ਵਿੱਚ 1.5 ਐੱਮਐੱਮ ਮੀਂਹ ਪਿਆ। ਇਸ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ ਸਣੇ ਹੋਰ ਕਈ ਸ਼ਹਿਰਾਂ ਵਿੱਚ ਵੀ ਕਿਣ-ਮਿਣ ਹੋਈ ਹੈ।