ਸਕੂਲ ਆਫ ਹੈਪੀਨੈੱਸ ਪ੍ਰਾਜੈਕਟ ਨੇ ਅਧਿਆਪਕ ਪੜ੍ਹਨੇ ਪਾਏ
ਮਨੋਜ ਸ਼ਰਮਾ
ਬਠਿੰਡਾ, 4 ਫਰਵਰੀ
ਪੰਜਾਬ ਵਿੱਚ ਸਕੂਲ ਆਫ ਅਮੀਨੈੱਸ ਤੋਂ ਬਾਅਦ ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈੱਸ ਬਣਾਇਆ ਜਾ ਰਿਹਾ। ਪੰਜਾਬ ਸਰਕਾਰ ਦੇ ਇਸ ਡਰੀਮ ਪ੍ਰਾਜੈਕਟ ਲਈ ਅਕਤੂਬਰ 2024 ਵਿੱਚ ਸੈਕਸ਼ਨ ਹੋਈਆਂ ਗਰਾਂਟਾਂ ਨੂੰ ਲੈਪਸ ਹੋਣ ਦੇ ਡਰੋਂ ਸਿੱਖਿਆ ਵਿਭਾਗ ਵੱਲੋਂ ਮੁੱਖ ਅਧਿਆਪਕਾਂ ਨੂੰ 31 ਮਾਰਚ ਤੱਕ ਕੰਮ ਨੇਪਰੇ ਚਾੜ੍ਹਨ ਤੱਕ ਦੇ ਜ਼ੁਬਾਨੀ ਹੁਕਮ ਦਿੱਤੇ ਗਏ ਹਨ। ਵਿਭਾਗ ਵੱਲੋਂ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੇ ਹੁਕਮ ਵੀ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਸਕੂਲ ਆਫ ਹੈਪੀਨੈੱਸ ਪੰਜਾਬ ਅਤੇ ਕੇਂਦਰ ਵੱਲੋਂ ਸਾਂਝੀ ਸਕੀਮ ਤਹਿਤ ਬਣਾਏ ਜਾ ਰਹੇ ਹਨ। ਬਠਿੰਡਾ ਜ਼ਿਲ੍ਹੇ ਵਿੱਚ, ਜਿਨ੍ਹਾਂ ਸਕੂਲਾਂ ਦੀ ਪਹਿਲੇ ਫੇਜ਼ ਵਿੱਚ ਸਕੂਲ ਆਫ਼ ਹੈਪੀਨੈੱਸ ਵਜੋਂ ਚੋਣ ਕੀਤੀ ਗਈ ਹੈ, ਉਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ, ਸਰਕਾਰੀ ਪ੍ਰਾਇਮਰੀ ਪਥਰਾਲਾ, ਜਗਾ ਰਾਮ ਤੀਰਥ, ਦਿਉਣ ਮੇਨ, ਗਿਆਨਾ ਸ਼ਾਮਲ ਹਨ। ਇਨ੍ਹਾਂ ਸਕੂਲਾਂ ਨੂੰ ਕੇਂਦਰੀ ਸਕੀਮ ਤਹਿਤ ਕ੍ਰਮਵਾਰ 11 ਲੱਖ 89 ਹਜ਼ਾਰ ਅਤੇ 40 ਲੱਖ 40 ਹਜ਼ਾਰ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਇਸ ਗਰਾਂਟ ਨਾਲ ਨਵੇਂ ਕਮਰੇ, ਕੰਪਿਊਟਰ ਲੈਬ, ਐਡੀਸ਼ਨਲ ਆਫਿਸ ਸ਼ੈੱਡ, ਸਟੇਜ ਕਮਰਿਆਂ ਦੀ ਮੁਰੰਮਤ, ਬਿਜਲੀ ਮੁਰੰਮਤ, ਰੰਗ ਰੋਗਨ ਕਰਨਾ ਹੈ। ਅਧਿਆਪਕ ਨੇ ਦੱਸਿਆ ਕਿ ਸਾਲ 2024 ਵਿੱਚ ਅਕਤੂਬਰ ਵਿੱਚ ਜਾਰੀ ਕੀਤੀ ਗਰਾਂਟ ਨੂੰ ਪਹਿਲਾਂ ਕੁਝ ਸਮਾਂ ਰੋਕਣ ਲਈ ਕਿਹਾ ਸੀ। ਹੁਣ ਇੱਕਦਮ ਹੀ ਇਮਾਰਤਾਂ ਦੇ ਕੰਮ ਨਿਬੇੜਨ ਦੇ ਹੁਕਮ ਚਾੜ੍ਹੇ ਜਾ ਰਹੇ ਹਨ। ਹੁਣ ਜਦੋਂ 31 ਮਾਰਚ ਨੇੜੇ ਆ ਰਹੀ ਹੈ ਤਾਂ ਵਿੱਤੀ ਵਰ੍ਹੇ ਦਾ ਹਵਾਲਾ ਦਿੰਦੇ ਹੋਏ ਸਕੂਲ ਮੁਖੀਆਂ ਨੂੰ ਜ਼ੁਬਾਨੀ ਹੀ ਸਕੂਲਾਂ ਵਿੱਚ ਕੰਮ ਚਲਾਉਣ ਲਈ ਇੱਟਾਂ ਸਣੇ ਹੋਰ ਸਮੱਗਰੀ ਲੈਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਚਾਲੂ ਕੀਤੇ ਕੰਮ ਦੀ ਪਹਿਲਾਂ ਹੀ ਅਦਾਇਗੀ ਕਰਨ ਅਤੇ ਬਿੱਲ ਲੈਣ ਲਈ ਕਿਹਾ ਗਿਆ, ਜੋ ਬਿਲਕੁਲ ਹੀ ਅਸੰਭਵ ਗੱਲ ਜਾਪਦੀ ਹੈ।
ਡੈਮੋਕ੍ਰੈਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਬੱਚਿਆਂ ਦੇ ਪੇਪਰ ਫਰਵਰੀ ਵਿੱਚ ਹਨ ਪਰ ਅਫਸੋਸ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲਏ ਜਾ ਰਹੇ ਹਨ। ਉਧਰ ਪ੍ਰਾਜੈਕਟ ਕੋਆਰਡੀਨੇਟਰ ਨਿਰਭੈ ਸਿੰਘ ਨੇ ਕਿਹਾ ਕਿ ਪਹਿਲੇ ਫੇਜ਼ ਲਈ 5 ਸਕੂਲਾਂ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ। ਉਨ੍ਹਾਂ ਕਿਹਾ ਕਿ ਇਸ ਲਈ ਕੰਮ ਜਲਦੀ ਨੇਪਰੇ ਚਾੜ੍ਹੇ ਜਾਣ ਤਾਂ ਜੋ ਅਗਲੇ ਫੇਜ਼ ਵਿੱਚ ਨਵੇਂ ਸਕੂਲਾਂ ਲਈ ਗਰਾਂਟ ਲਈ ਜਾ ਸਕੇ।
ਸਕੂਲਾਂ ਵਿੱਚ ਕੰਮ ਤਸੱਲੀਬਖ਼ਸ਼ ਚਲ ਰਹੇ ਹਨ: ਡੀਈਓ
ਜ਼ਿਲ੍ਹਾ ਸਿੱਖਿਆ ਅਫ਼ਸਰ ਮਨਿੰਦਰ ਕੌਰ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਨਬਾਰਡ ਅਧੀਨ ਆਈਆਂ ਗਰਾਂਟਾਂ ਤਹਿਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰਾਂਟ ਸਹੀ ਸਮੇਂ ਤੱਕ ਲੱਗਣ ਮਗਰੋਂ ਅਗਲੇ ਫੇਜ਼ ਲਈ ਪੈਸੇ ਫੇਰ ਹੀ ਮਿਲਣਗੇ। ਇਸ ਲਈ 31 ਮਾਰਚ ਤੱਕ ਨੇਪਰੇ ਚਾੜ੍ਹਨ ਲਈ ਕਿਹਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਠਿੰਡਾ ਦੇ ਸਕੂਲਾਂ ਵਿੱਚ ਕੰਮ ਤਸੱਲੀਬਖਸ਼ ਚੱਲ ਰਹੇ ਹਨ। ਕੰਮ ਮੁਕੰਮਲ ਕਰ ਲਏ ਜਾਣਗੇ।